ਭੀਖੀ/ਮਾਨਸਾ, 2 ਫਰਵਰੀ (ਪੰਜਾਬ ਪੋਸਟ – ਕਮਲ ਜ਼ਿੰਦਲ) – ਜਿਲ੍ਹਾ ਮਾਨਸਾ `ਚ ਸਕੂਲਾਂ ਦੇ ਬੁਨਿਆਦੀ ਢਾਂਚੇ ਨੂੰ ਉਚਾ ਚੁਕਣ ਲਈ ਪ੍ਰੋਜੈਕਟ ਸਕੂਲ ਐਸ.ਓ.ਐਸਞ (ਸਮਾਰਟ ਆਰ ਸਟਾਰਟ) ਲਾਗੂ ਕੀਤਾ ਗਿਆ ਹੈ।ਇਸ ਪ੍ਰੋਜੈਕਟ ਦੀ ਸ਼ੁਰੂਆਤ (5 ਸਤੰਬਰ 2018) ਅਧਿਆਪਕ ਦਿਵਸ `ਤੇ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਵਲੋਂ ਕੀਤੀ ਗਈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਮਿਸ ਅਪਨੀਤ ਰਿਆਤ ਨੇ ਦੱਸਿਆ ਕਿ ਮਗਨਰੇਗਾ ਸਕੀਮ ਅਧੀਨ ਬਹੁਤ ਕੰਮ ਸਕੂਲਾਂ ਵਿੱਚ ਲਏ ਜਾ ਸਕਦੇ ਹਨ ਜਿਵੇਂ ਕਿ ਸਕੂਲ ਦੀ ਚਾਰਦੀਵਾਰੀ, ਪਾਰਕਾਂ ਦਾ ਨਿਰਮਾਣ, ਸਕੂਲਾਂ ਵਿੱਚ ਪਖਾਨੇ, ਖੇਡ ਮੈਦਾਨ ਦੀ ਉਸਾਰੀ, ਲਾਇਬਰੇਰੀ ਦੀ ਉਸਾਰੀ, ਮਿਡ ਡੇਅ ਮਿਲ ਸ਼ੈਡ ਅਤੇ ਆਂਗਨਵਾੜੀ ਦੀ ਉਸਾਰੀ।ਇਸ ਲਈ ਪ੍ਰੋਜੈਕਟ ਸਕੂਲ ਐਸ.ਓ.ਐਸ ਅਧੀਨ ਸਭ ਤੋਂ ਵੱਧ ਯੋਗਦਾਨ ਮਗਨਰੇਗਾ ਸਕੀਮ ਵਲੋਂ ਪਾਇਆ ਜਾਵੇਗਾ ਅਤੇ ਵੱਧ ਤੋਂ ਵੱਧ ਕੰਮ ਮਗਨਰੇਗਾ ਸਕੀਮ ਅਧੀਨ ਲਏ ਜਾਣਗੇ।
ਉਨ੍ਹਾਂ ਦੱਸਿਆ ਗਿਆ ਕਿ ਸਾਲ 2018-19 ਦੌਰਾਨ 2 ਕਰੋੜ 90 ਲੱਖ ਰੁਪਏ ਦੀ ਮਗਨਰੇਗਾ ਸਕੀਮ ਅਧੀਨ ਸਕੂਲਾਂ ਵਿੱਚ 65 ਕੰਮਾਂ ਲਈ ਪ੍ਰਬੰਧਕੀ ਪ੍ਰਵਾਨਗੀਆਂ ਜਾਰੀ ਕੀਤੀਆਂ ਗਈਆਂ ਹਨ।ਇਹਨਾਂ ਵਿਚੋਂ 32 ਸਕੂਲਾਂ ਵਿੱਚ ਪਾਰਕ, 11 ਸਕੂਲਾਂ ਦੀ ਚਾਰਦਿਵਾਰੀ, 16 ਸਕੂਲਾਂ ਵਿੱਚ ਲਾਇਬਰੇਰੀ, 3 ਸਕੂਲਾਂ ਵਿੱਚ ਕਿਚਨ ਸ਼ੈਡ/ ਮਿਡ ਡੇਅ ਮੀਲ ਸ਼ੈਡ, 3 ਖੇਡ ਮੈਦਾਨ ਲਏ ਗਏ ਹਨ ਅਤੇ ਸਕੂਲਾਂ ਵਿੱਚ ਕੰਮ ਪ੍ਰਗਤੀ ਅਧੀਨ ਹਨ।ਉਨ੍ਹਾਂ ਦੱਸਿਆ ਕਿ ਸਕੂਲਾਂ ਵਿੱਚ ਮਗਨਰੇਗਾ ਸਕੀਮ ਅਧੀਨ ਕਰਵਾਏ ਜਾ ਰਹੇ ਕੰਮਾਂ ਨਾਲ ਦਿਖ ਵਿੱਚ ਕਾਫੀ ਸੁਧਾਰ ਦੇਖਣ ਨੂੰ ਮਿਲ ਰਿਹਾ ਹੈ ਅਤੇ ਪਿੰਡ ਦੇ ਵਸਨੀਕਾਂ ਵਲੋਂ ਇਹਨਾਂ ਕੰਮਾਂ ਦੀ ਸ਼ਲਾਘਾ ਕੀਤੀ ਜਾ ਰਹੀ ਹੈ।
ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਮਾਨਸਾ ਗੁਰਮੀਤ ਸਿੰਘ ਸਿੱਧੂ ਨੇ ਦੱਸਿਆ ਕਿ ਵੱਖ-ਵੱਖ ਕੰਪਨੀਆਂ ਨੂੰ ਸਕੂਲਾਂ ਵਿੱਚ ਕੰਮ ਸੀ.ਐਸ.ਆਰ (3) ਅਧੀਨ ਲੈਣ ਲਈ ਤਿਆਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।ਉਨ੍ਹਾਂ ਖੁਸ਼ੀ ਜਾਹਰ ਕਰਦਿਆਂ ਦੱਸਿਆ ਕਿ ਭਾਰਤ ਪੈਟਰੋਲੀਅਮ ਨਾਲ ਇੱਕ ਐਮ.ਓ.ਯੂ (ਮੈਮੋਰੈਂਡਮ ਆਫ਼ ਅੰਡਰਸਟੈਂਡਿੰਗ) ਮਾਨਸਾ ਜਿਲ੍ਹੇ ਦੇ ਸਕੂਲਾਂ ਵਿੱਚ ਕੰਮਾਂ ਲਈ ਕੀਤਾ ਜਾ ਰਿਹਾ ਹੈ।ਉਨ੍ਹਾਂ ਨਵੇਂ ਚੁਣੇ ਗਏ ਸਰਪੰਚਾਂ/ਪੰਚਾਂ ਨੂੰ ਸੁਝਾਅ ਦਿੱਤਾ ਕਿ ਮਗਨਰੇਗਾ ਸਕੀਮ ਅਧੀਨ ਸਾਲ 2019-20 ਦੇ ਬਜਟ ਵਿੱਚ ਵੱਧ ਤੋਂ ਵੱਧ ਕੰਮ ਸਕੂਲਾਂ ਸਬੰਧੀ ਚੁਣੇ ਜਾਣ।ਉਨ੍ਹਾਂ ਪਿੰਡਾਂ ਦੇ ਆਮ ਲੋਕਾਂ, ਯੂਥ ਕਲੱਬਾਂ ਅਤੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਸਕੂਲਾਂ ਦੇ ਵਿਕਾਸ ਲਈ ਵੱਧ ਤੋਂ ਵੱਧ ਸਹਿਯੋਗ ਦੇਣ, ਤਾਂ ਜੋ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਸੁਨਿਹਰਾ ਭਵਿੱਖ ਦਿੱਤਾ ਜਾ ਸਕੇ।
ਜਿਲ੍ਹਾ ਕੋਆਰਡੀਨੇਟਰ ਮਗਨਰੇਗਾ ਮਨਦੀਪ ਸਿੰਘ ਨੇ ਦੱਸਿਆ ਕਿ ਜੋ ਕੰਮ ਮਗਨਰੇਗਾ ਸਕੀਮ ਅਧੀਨ ਨਹੀਂ ਲਏ ਜਾ ਸਕਦੇ ਤਾਂ ਉਸ ਸਬੰਧੀ ਇੱਕ ਵੈਬਸਾਈਟ ਤਿਆਰ ਕੀਤੀ ਗਈ ਹੈ।ਇਸ ਵੈਬਸਾਈਟ `ਤੇ ਸਕੂਲ ਮੁੱਖੀ ਵੱਲੋਂ ਆਪਣੀ ਰਜਿਸਟਰੇਸ਼ਨ ਕਰਨ ਉਪਰੰਤ ਜੋ ਕੰਮ ਸਕੂਲਾਂ ਵਿੱਚ ਹੋਣ ਵਾਲੇ ਹਨ, ਉਸ ਸਬੰਧੀ ਡਾਟਾ ਅਪਡੇਟ ਕੀਤਾ ਜਾ ਸਕਦਾ ਹੈ। ਇਸ ਤੋਂ ਬਾਅਦ ਜੋ ਐਨ.ਆਰ.ਆਈ, ਐਨ.ਜੀ.ਓ ਜਾਂ ਹੋਰ ਵਿਅਕਤੀ ਸਕੂਲ ਵਿੱਚ ਕੰਮ ਕਰਵਾਉਣਾ ਚਾਹੁੰਦਾ ਹੈ ਤਾਂ ਉਹ ਵੀ ਇਸ ਵੈਬਸਾਈਟ `ਤੇ ਰਜਿਸਟ੍ਰੇਸ਼ਨ ਕਰ ਸਕਦਾ ਹੈ ਅਤੇ ਰਜਿਸਟ੍ਰੇਸ਼ਨ ਕਰਨ ਅਤੇ ਸਕੂਲ ਦੀ ਚੋਣ ਉਪਰੰਤ ਇੱਕ ਐਸ.ਐਮ.ਐਸ ਸਕੂਲ ਮੁੱਖੀ ਨੂੰ (ਵੇਰਵਾ ਸਹਿਤ) ਚਲਾ ਜਾਵੇਗਾ ਅਤੇ ਆਪਸ ਵਿੱਚ ਤਾਲਮੇਲ ਕਰਨ ਉਪਰੰਤ ਸਕੂਲ ਵਿੱਚ ਕੰਮਾਂ ਲਈ ਫੰਡ ਜਾਂ ਫਿਰ ਸਿੱਧੇ ਤੌਰ `ਤੇ ਕੰਮ ਕੀਤੇ ਜਾ ਸਕਣਗੇ।
Check Also
ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …