ਜਲ ਸਪਲਾਈ ਤੇ ਸੈਨੀਟੇਸ਼ਨ `ਚ ਸੁਧਾਰ ਲਿਆਉਣ ਲਈ ਜਿਲ੍ਹਾ ਮਾਨਸਾ ਨੂੰ ਮਿਲਿਆ ਐਵਾਰਡ
ਭੀਖੀ/ਮਾਨਸਾ, 8 ਫਰਵਰੀ (ਪੰਜਾਬ ਪੋਸਟ – ਕਮਲ ਜ਼ਿੰਦਲ) – ਡਿਪਟੀ ਕਮਿਸ਼ਨਰ ਮਾਨਸਾ ਅਪਨੀਤ ਰਿਆਤ ਨੇ ਆਪਣੀ ਗਤੀਸ਼ੀਲ ਅਗਵਾਈ ਹੇਠ ਮਾਨਸਾ ਜਿ਼ਲ੍ਹੇ ਵਿਚ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਚ ਸਭ ਤੋਂ ਵੱਧ ਸੁਧਾਰ ਲਿਆਉਣ ਲਈ ਇੰਡੀਆ ਟੂਡੇ ਸੰਮੇਲਨ ਦੌਰਾਨ ਐਵਾਰਡ ਪ੍ਰਾਪਤ ਕੀਤਾ ਹੈ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਚੰਡੀਗੜ੍ਹ ਵਿਖੇ ਹੋਏ ਸੰਮੇਲਨ ਦੌਰਾਨ ਡਿਪਟੀ ਕਸ਼ਿਨਰ ਅਪਨੀਤ ਰਿਆਤ ਨੂੰ ਇਸ ਐਵਾਰਡ ਨਾਲ ਸਨਮਾਨਿਤ ਕੀਤਾ।
ਜਿਲ੍ਹੇ ਦੀ ਇਸ ਪ੍ਰਾਪਤੀ ਸਬੰਧੀ ਜਾਣਕਾਰੀ ਦਿੰਦਿਆਂ ਅਪਨੀਤ ਰਿਆਤ ਨੇ ਕਿਹਾ ਕਿ ਵਿਸ਼ਵ ਬੈਂਕ ਪ੍ਰਾਜੈਕਟ ਤਹਿਤ ਮੌਜੂਦਾ ਸਮੇਂ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵਲੋਂ 12 ਨਵੇਂ ਵਾਟਰ ਵਰਕਸ ਬਣਾਏ ਜਾਣੇ ਹਨ।ਜਿਸ `ਤੇ ਤਕਰੀਬਨ 1602.02 ਲੱਖ ਰੁਪਏ ਦਾ ਖਰਚ ਆਵੇਗਾ।ਇਨ੍ਹਾਂ ਵਿਚੋਂ 7 ਮੌਜੂਦਾ ਸਮੇਂ ਚੱਲ ਰਹੇ ਹਨ ਅਤੇ ਬਾਕੀ ਵੀ 31 ਮਾਰਚ 2019 ਤੱਕ ਤਿਆਰ ਕਰਵਾ ਕੇ ਚਾਲੂ ਕਰ ਦਿੱਤੇ ਜਾਣਗੇ।ਇਸ ਤੋਂ ਇਲਾਵਾ ਇਸ ਪ੍ਰੋਜੈਕਟ ਤਹਿਤ 66 ਪਿੰਡਾਂ ਨੂੰ ਪਾਣੀ ਦੇ ਕੁਨੈਕਸ਼ਨ ਦਿੱਤੇ ਗਏ ਹਨ।ਇਸ `ਤੇ 4.78 ਕਰੋੜ ਰੁਪਏ ਦਾ ਖ਼ਰਚ ਆਇਆ ਹੈ।ਇਸ ਪ੍ਰੋਜੈਕਟ ਦੇ ਫਲਸਰੂਪ 19566 ਘਰਾਂ (97529 ਦੀ ਆਬਾਦੀ) ਨੂੰ ਲਾਭ ਮਿਲਿਆ ਹੈ।
ਉਨ੍ਹਾਂ ਦੱਸਿਆ ਕਿ ਸਵੱਛ ਭਾਰਤ ਮਿਸ਼ਨ (ਪੇਂਡੂ) ਦੇ ਤਹਿਤ ਮਾਨਸਾ ਦੀਆਂ 245 ਗਰਾਮ ਪੰਚਾਇਤਾਂ ਵਿਚ 17628 ਪਖਾਨੇ ਬਣਾਉਣ ਦਾ ਟੀਚਾ ਹੈ।16635 ਪਖਾਨੇ ਹੁਣ ਤੱਕ ਬਣਾਏ ਜਾ ਚੁੱਕੇ ਹਨ।ਇਸ ਪ੍ਰਾਜੈਕਟ ਤਹਿਤ ਪਖਾਨਾ ਬਣਾਉਣ ਲਈ ਹਰੇਕ ਲਾਭਪਾਤਰੀ ਨੂੰ ਤਿੰਨ ਕਿਸ਼ਤਾਂ ਵਿਚ 15,000 ਰੁਪਏ ਦਿੱਤੇ ਗਏ ਹਨ, ਇਸ ਲਈ ਮਾਰਚ 2018 ਵਿਚ ਮਾਨਸਾ ਜਿਲ੍ਹੇ ਨੂੰ ਓ.ਡੀ.ਐਫ਼ (ਖੁਲੇ `ਚ ਪਖਾਨਾ ਜਾਣ ਮੁਕਤ) ਮੁਕਤ ਐਲਾਨਿਆ ਗਿਆ।ਇਸ ਪ੍ਰੋਜੈਕਟ ਦੀ ਲਾਗਤ 3097.50 ਲੱਖ ਰੁਪਏ ਸੀ ਜਿਸ ਵਿਚੋਂ 2522 ਲੱਖ ਰੁਪਏ ਦੇ ਫੰਡ ਪ੍ਰਾਪਤ ਕੀਤੇ ਜਾ ਚੁੱਕੇ ਹਨ।ਇਸ ਤੋਂ ਇਲਾਵਾ ਲੋਕਾਂ ਨੂੰ ਖੁਲ੍ਹੇ `ਚ ਪਖਾਨੇ ਲਈ ਨਾ ਜਾਣ ਸਬੰਧੀ ਜਾਗਰੂਕ ਕਰਨ ਲਈ ਜਾਗਰੂਕਤਾ ਮੁਹਿੰਮਾਂ, ਸਵੱਸਥ ਰੱਥ ਅਤੇ ਹੋਰ ਵਰਕਸ਼ਾਪ ਆਯੋਜਿਤ ਕੀਤੀਆਂ ਗਈਆਂ ਹਨ।
ਉਨ੍ਹਾਂ ਦੱਸਿਆ ਕਿ ਲੋਕਾਂ ਨੂੰ ਪਖਾਨੇ ਦੀ ਵਰਤੋ ਕਰਨ ਸਬੰਧੀ ਪ੍ਰੇਰਿਤ ਕਰਨ ਲਈ ਸਵੇਰੇ ਵੇਲੇ ਨਿਗਰਾਨ ਕਮੇਟੀਆਂ ਲਗਾਈਆਂ ਗਈਆਂ ਹਨ।ਉਨ੍ਹਾਂ ਦੱਸਿਆ ਕਿ ਇਸ ਸਕੀਮ ਤਹਿਤ ਵੱਖ-ਵੱਖ 102547 ਲੋਕਾਂ ਨੂੰ ਲਾਭ ਮਿਲਿਆ ਹੈ।ਉਨ੍ਹਾਂ ਜਿਲੇ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਸ਼ਲਾਘਾ ਕੀਤੀ।ਜਿੰਨ੍ਹਾਂ ਨੇ ਇਸ ਪ੍ਰੋਜੈਕਟ ਦੀ ਸਫ਼ਲਤਾ ਲਈ ਲਗਨ ਨਾਲ ਕੰਮ ਕੀਤਾ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਮਾਨਸਾ ਜਿਲ੍ਹੇ ਵਿਚ 237 ਪਿੰਡ ਹਨ, 245 ਗਰਾਮ ਪੰਚਾਇਤਾਂ ਅਤੇ 64 ਹੋਰ ਆਬਾਦੀ ਵਾਲੇ ਇਲਾਕੇ ਹਨ। 237 ਪਿੰਡਾਂ ਵਿਚ 237 ਹੀ ਆਰ.ਓ ਪਲਾਂਟ ਹਨ।ਇਸ ਜਿਲ੍ਹੇ ਵਿਚ 162 ਵਾਟਰ ਸਪਲਾਈ ਸਕੀਮਾਂ ਹਨ, ਜਿੰਨ੍ਹਾਂ ਵਿਚੋਂ 146 ਨਹਿਰੀ ਅਤੇ 16 ਟਿਊਬਵੈਲ ਆਧਾਰਿਤ ਹਨ ਜੋ ਕਿ ਕਾਮਯਾਬੀ ਨਾਲ ਚੱਲ ਰਹੀਆਂ ਹਨ।ਇਨ੍ਹਾਂ ਸਕੀਮਾਂ ਵਿਚੋਂ 90 ਸਕੀਮਾਂ ਵਾਟਰ ਸਪਲਾਈ ਵਿਭਾਗ ਅਤੇ 72 ਸਕੀਮਾਂ ਗਰਾਮ ਪੰਚਾਇਤਾਂ ਜਾਂ ਗਰਾਮ ਪੰਚਾਇਤ ਵਾਟਰ ਸਪਲਾਈ ਅਤੇ ਸੈਨੀਟੇਸ਼ਨ ਦੁਆਰਾ ਚਲਾਈਆਂ ਜਾ ਰਹੀਆਂ ਹਨ।ਮਾਨਸਾ ਦੀ ਮੌਜੂਦਾ ਜਨਸੰਖਿਆ 608948 ਹੈ ਅਤੇ ਕੁੱਲ 110584 ਘਰ ਹਨ, ਜਿੰਨਾਂ ਵਿਚੋਂ 68683 ਘਰਾਂ ਕੋਲ ਵਾਟਰ ਸਪਲਾਈ ਕੁਨੈਕਸ਼ਨ ਹਨ।