ਅੰਮ੍ਰਿਤਸਰ, 14 ਮਾਰਚ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਂਸਲ ਦੀ ਰਹਿਨੁਮਾਈ ਹੇਠ ਉਨਤੀ ਦੀ ਰਫ਼ਤਾਰ ਤੇਜ਼ ਕਰਦੇ ਖਾਲਸਾ ਕਾਲਜ ਆਫ਼ ਇੰਜ਼ੀਨੀਅਰਿੰਗ ਐਂਡ ਟੈਕਨਾਲੋਜੀ ਵਿਖੇ ਧਾਰਮਿਕ ਸਮਾਗਮ ਆਯੋਜਿਤ ਕੀਤਾ ਗਿਆ। ਗਵਰਨਿੰਗ ਕੌਂਸਲ ਵੱਲੋਂ 550 ਸਾਲਾ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਬੰਧਿਤ ਉਲੀਕੇ ਗਏ ਪ੍ਰੋਗਰਾਮ ਤਹਿਤ ਕਾਲਜ ਪ੍ਰਿੰਸੀਪਲ ਡਾ. ਮੰਜ਼ੂ ਬਾਲਾ ਦੀ ਦੇਖ-ਹੇਠ ਆਯੋਜਿਤ ਧਾਰਮਿਕ ਸਮਾਗਮ ’ਚ ਖ਼ਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਡਾ. ਇੰਦਰਜੀਤ ਸਿੰਘ ਗੋਗੋਆਣੀ ਨੇ ਗੁਰਬਾਣੀ ਵਿਚਾਰ ਰਾਹੀਂ ਗੁਰੂ ਸਾਹਿਬ ਜੀ ਦੇ ਜੀਵਨ ਅਤੇ ਫ਼ਲਸਫ਼ੇ ਬਾਰੇ ਸੰਬੋਧਨ ਕੀਤਾ।
ਡਾ. ਗੋਗੋਆਣੀ ਨੇ ਜਿੱਥੇ ਸ੍ਰੀ ਗੁਰੂ ਨਾਨਕ ਜੀ ਦੁਆਰਾ ਕੀਤੀਆਂ ਉਦਾਸੀਆਂ ਅਤੇ ਵਡਿਆਈ ਦੇ ਕਾਰਜਾਂ ਸਬੰਧੀ ਵਿਸਥਾਰ ਪੂਰਵਕ ਚਾਨਣਾ ਪਾਇਆ ਉਥੇ ਕਾਲਜ ਵੱਲੋਂ ਵਿਦਿਆਰਥੀਆਂ ਦੇ ਇਮਤਿਹਾਨਾਂ ’ਚ ਚੰਗੇ ਨੰਬਰਾਂ ਨਾਲ ਪ੍ਰੀਖਿਆ ਪਾਸ ਕਰਨ ਸਬੰਧੀ ਮੈਨੇਜ਼ਮੈਂਟ ਦੀ ਰਵਾਇਤ ਸਬੰਧੀ ਦੱਸਿਆ।ਇਸ ਤੋਂ ਪਹਿਲਾਂ ਕਾਲਜ ’ਚ ਰਖਾਏ ਗਏ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਪਾਠ ਦੇ ਭੋਗ ਉਪਰੰਤ ਵਿਦਿਆਰਥੀਆਂ ਅਤੇ ਸਟਾਫ਼ ਦੁਆਰਾ ਸ਼ਬਦ ਕੀਰਤਨ ਗਾਇਨ ਕਰਕੇ ਆਈਆਂ ਹੋਈਆਂ ਸੰਗਤਾਂ ਨੂੰ ਨਿਹਾਲ ਕੀਤਾ।
ਕੌਂਸਲ ਦੇ ਜੁਆਇੰਟ ਸਕੱਤਰ ਸਰਦੂਲ ਸਿੰਘ ਮੰਨਨ, ਰਾਜਬੀਰ ਸਿੰਘ ਨੇ ਪ੍ਰਿੰ: ਡਾ. ਬਾਲਾ ਨਾਲ ਮਿਲ ਕੇ ਮੈਨੇਜ਼ਮੈਂਟ ਵੱਲੋਂ ਕਰਵਾਈ ਜਾਂਦੀ ਧਾਰਮਿਕ ਪ੍ਰੀਖਿਆ ’ਚ ਪਹਿਲਾਂ ਤੇ ਦੂਜਾ ਸਥਾਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਜਿਨ੍ਹਾਂ ’ਚ ਇੰਜੀਨੀਅਰਿੰਗ ਕਾਲਜ ਸਿਵਲ ਵਿਭਾਗ ਸਮੈਸਟਰ 6ਵਾਂ ਦੇ ਦਵਿੰਦਰਪਾਲ ਚੰਦ ਨੂੰ 5100, ਕੰਪਿਊਟਰ ਸਾਇੰਸ ਵਿਭਾਗ ਸਮੈਸਟਰ 6ਵਾਂ ਦੇ ਮਨਪ੍ਰੀਤ ਸਿੰਘ 3100 ਅਤੇ ਖ਼ਾਲਸਾ ਕਾਲਜ ਆਫ਼ ਮੈਨੇਜ਼ਮੈਂਟ ਐਂਡ ਟੈਕਨਾਲੋਜੀ ਦੇ ਐਗਰੀਕਲਚਰ ਸਮੈਸਟਰ 8ਵਾਂ ਦੀ ਵਿਦਿਆਰਥਣ ਕਿਰਨਜੋਤ ਕੌਰ ਨੇ 5100 ਅਤੇ ਸਮੈਸਟਰ 6ਵਾਂ ਦੇ ਰਣਦੀਪ ਸਿੰਘ ਨੂੰ 3100 ਦੀ ਰਾਸ਼ੀ ਨਾਲ ਸਨਮਾਨਿਤ ਕੀਤਾ।
ਸਮਾਗਮ ਦੌਰਾਨ ਪ੍ਰਿੰ: ਡਾ. ਬਾਲਾ ਨੇ ਆਈ ਹੋਈ ਸਮੂਹ ਸੰਗਤ ਦਾ ਧੰਨਵਾਦ ਕੀਤਾ। ਉਨ੍ਹਾਂ ਵਿਦਿਆਰਥੀਆਂ ਤੋਂ ਉਮੀਦ ਜਾਹਿਰ ਕਰਦਿਆ ਕਿਹਾ ਕਿ ਉਨ੍ਹਾਂ ਨੂੰ ਆਸ ਹੈ ਵਿਦਿਆਰਥੀ ਜੀਅ-ਜਾਨ ਇਕ ਕਰਕੇ ਵਧੀਆ ਕਾਰਗੁਜਾਰੀ ਸਦਕਾ ਪ੍ਰੀਖਿਆਵਾਂ ’ਚ ਸ਼ਾਨਦਾਰ ਅੰਕ ਪ੍ਰਾਪਤ ਕਰਕੇ ਆਪਣੇ ਕਾਲਜ ਅਤੇ ਮਾਤਾ-ਪਿਤਾ ਦਾ ਨਾਂਅ ਰੌਸ਼ਨ ਕਰਕੇ ਨਾਮਣਾ ਖੱਟਣਗੇ।
ਇਸ ਮੌਕੇ ’ਤੇ ਕੌਂਸਲ ਦੇ ਮੈਂਬਰ ਸੁਖਦੇਵ ਸਿੰਘ ਅਬਦਾਲ, ਪਰਮਜੀਤ ਸਿੰਘ ਬੱਲ, ਡਾ. ਮੋਹਿੰਦਰ ਸੰਗੀਤਾ ਡੀਨ ਅਕਾਦਮਿਕ, ਡਾ. ਹਰਕਰਨ ਸਿੰਘ ਰਜਿਸਟਰਾਰ, ਇੰਜ: ਗੁਰਚਰਨ ਸਿੰਘ, ਇੰਜ: ਬਿਕਰਮਜੀਤ ਸਿੰਘ, ਇੰਜ਼: ਜਸਪ੍ਰੀਤ ਸਿੰਘ ਤੋਂ ਇਲਾਵਾ ਹੋਰ ਸਟਾਫ਼ ਮੈਂਬਰ ਤੇ ਵਿਦਿਆਰਥੀ ਮੌਜ਼ੂਦ ਸਨ।