ਪਵੇਲ ਸੰਧੂ ਦੀ ਨਿਰਦੇਸ਼ਨਾ ਹੇਠ ਖੇਡਿਆ ਗਿਆ ਨਾਟਕ
ਅੰਮ੍ਰਿਤਸਰ, 17 ਮਾਰਚ (ਪੰਜਾਬ ਪੋਸਟ – ਦੀਪ ਦਵਿੰਦਰ) – ਸਥਾਨਕ ਵਿਰਸਾ ਵਿਹਾਰ ਵਿਖੇ ਸ਼੍ਰੋਮਣੀ ਨਾਟਕਕਾਰ ਅਤੇ ਰਾਸ਼ਟਰਪਤੀ ਐਵਾਰਡ ਨਾਲ ਸਨਮਾਨਿਤ ਕੇਵਲ ਧਾਲੀਵਾਲ ਦੀ ਅਗਵਾਈ `ਚ ਚੱਲ ਰਹੇ ਅੰਮ੍ਰਿਤਸਰ ਰੰਗਮੰਚ ਉਤਸਵ 2019 ਦੇ 17ਵੇਂ ਦਿਨ `ਦ ਥੀਏਟਰ ਵਰਲਡ ਅੰਮ੍ਰਿਤਸਰ` ਦੀ ਟੀਮ ਵਲੋਂ ਪ੍ਰਸਿੱਧ ਲੇਖਕ ਮੋਹਨ ਰਕੇਸ਼ ਵਲੋਂ ਲਿਖਤ ਅਤੇ ਪਵੇਲ ਸੰਧੂ ਦਾ ਨਿਰਦੇਸ਼ਿਤ ਕੀਤਾ ਪੰਜਾਬੀ ਨਾਟਕ ‘ਅੱਧੇ ਅਧੂਰੇ’ ਵਿਰਸਾ ਵਿਹਾਰ ਦੇ ਸ੍ਰ. ਕਰਤਾਰ ਸਿੰਘ ਦੁੱਗਲ ਆਡੀਟੋਰੀਅਮ ’ਚ ਸਫ਼ਲਤਾਪੂਰਵਕ ਪੇਸ਼ ਕੀਤਾ ਗਿਆ।ਇਸ ਨਾਟਕ ਦਾ ਸੰਗੀਤ ਹਰਿੰਦਰ ਸੋਹਲ ਵਲੋਂ ਦਿੱਤਾ ਗਿਆ।
ਨਾਟਕ ਦੀ ਕਹਾਣੀ ਇੱਕ ਮੱਧਵਰਗੀ ਪਰਿਵਾਰ ਦੇ ਆਲੇ ਦੁਆਲੇ ਘੁੰਮਦੀ ਹੈ।ਜਿਸ ਵਿੱਚ ਰਿਸ਼ਤਿਆਂ ਦੇ ਟੁੱਟਣ ਦੀ ਗਲ ਕੀਤੀ ਗਈ ਹੈ।ਨਾਟਕ ਮਹਿਲਾ ਤੇ ਪੁਰਸ਼ ’ਚ ਪੈਦਾ ਹੋਏ ਹਾਲਾਤਾਂ ਨਾਲ ਉਪਜੇ ਪਿਆਰ ਅਤੇ ਨਫ਼ਰਤ ਦੇ ਹਾਲਾਤ ਬਿਆਨ ਕਰਦਾ ਹੈ।ਨਾਟਕ ਵਿੱਚ ਦਰਸਾਇਆ ਗਿਆ ਹੈ ਕਿ ਜ਼ਿੰਦਗੀ ’ਚ ਬਹੁਤ ਕੁੱਝ ਜਲਦੀ ਹਾਸਿਲ ਕਰਨ ਦੀ ਕੋਸ਼ਿਸ਼ ਵਿੱਚ ਕੁੱਝ ਲੋਕ ਥੋੜੇ ਤੋਂ ਵੀ ਹੱਥ ਧੋ ਬੈਠਦੇ ਹਨ ਅਤੇ ਆਪਣੇ ਆਪ ਨੂੰ ਪੂਰਾ ਕਰਨ ਦੀ ਕੋਸ਼ਿਸ਼ ਵਿੱਚ ਅੱਧੇ ਅਧੂਰੇ ਰਹਿ ਜਾਂਦੇ ਹਨ।
ਇਸ ਨਾਟਕ ਵਿੱਚ ਸ਼ਾਦੀਸ਼ੁਦਾ ਜ਼ਿੰਦਗੀ ਤੋਂ ਨਾ ਖੁਸ਼ ਅੱਧਖੜ੍ਹ ਉਮਰ ਦੀ ਮਹਿਲਾ ਕਿਸੇ ਨਾ ਕਿਸੇ ਕੋਸ਼ਿਸ਼ ਨਾਲ ਆਪਣੇ ਪਰਿਵਾਰ ਨੂੰ ਜੋੜ ਕੇ ਰੱਖਣਾ ਚਾਹੁੰਦੀ ਹੈ।ਅੰਤ ਵਿੱਚ ਨਾਟਕ ਦਰਸ਼ਕਾਂ ਦੇ ਮਨ ਵਿੱਚ ਕਈ ਸਵਾਲ ਪੈਦਾ ਕਰਦਾ ਹੋਇਆ ਆਪਣੇ ਆਪ ਹੀ ਜਵਾਬ ਤਲਾਸ਼ਣ ਦੀ ਚੁਣੋਤੀ ਦਿੰਦਾ ਹੋਇਆ ਖ਼ਤਮ ਹੁੰਦਾ ਹੈ।
ਜਗਮੋਹਨ ਸਿੰਘ ਘਾਈਆ, ਜੁਨੇਜਾ, ਮਹਿੰਦਰਨਾਥ ਤੇ ਸੁਦੇਸ਼ ਵਿੰਕਲ ਨੇ ਨਾਟਕ ਵਿੱਚ ਪੰਜ ਵੱਖ-ਵੱਖ ਕਿਰਦਾਰ ਨਿਭਾਏ ਹਨ।ਨਾਇਕਾ ਦੀ ਭੂਮਿਕਾ ਵਿੱਚ ਕਾਜ਼ਲ ਸ਼ਰਮਾ ਨੇ ਸਾਵਿਤਰੀ ਦਾ ਕਿਰਦਾਰ ਨਿਭਾਇਆ ਹੈ।ਬਿੰਨੀ ਦਾ ਕਿਰਦਾਰ ਗ਼ਜ਼ਲ ਜੱਟੂ, ਛੋਟੀ ਬੇਟੀ ਕਿੰਨੀ ਦਾ ਕਿਰਦਾਰ ਸਰਿਤਾ ਸੁੰਬਰਿਆ ਅਤੇ ਬੇਟੇ ਅਸ਼ੋਕ ਦੀ ਭੂਮਿਕਾ ਨਵੀਨ ਸ਼ਰਮਾ ਨੇ ਬਾਖ਼ੂਬੀ ਨਿਭਾਈ।ਨਾਟਕ ਵਿੱਚ ਸਹਿਯੋਗੀ ਵਰੁਣ, ਵਿਸ਼ਾਲ ਸ਼ਰਮਾ, ਵਿਪਿਨ ਸ਼ਰਮਾ ਤੇ ਜਤਿਨ ਵਿਜ ਨੇ ਸਹਿਯੋਗ ਕੀਤਾ।ਸ਼ਾਨਦਾਰ ਅਤੇ ਭਾਵਪੂਰਤ ਪੇਸ਼ਕਾਰੀ ਕਰਨ `ਤੇ ਨਾਟਕ ਦੇ ਨਿਰਦੇਸ਼ਕ ਪਵੇਲ ਸੰਧੂ ਅਤੇ ਹੋਰ ਕਲਾਕਾਰਾਂ ਨੂੰ ਵਿਰਸਾ ਵਿਹਾਰ ਵਲੋਂ ਸਨਮਾਨ ਚਿੰਨ ਅਤੇ ਸਰਟੀਫੀਕੇਟ ਦੇ ਕੇ ਸਨਮਾਨਿਤ ਕੀਤਾ ਗਿਆ।
Check Also
ਸੰਤ ਬਾਬਾ ਅਤਰ ਸਿੰਘ ਜੀ ਮੈਡੀਕਲ ਕਾਲਜ਼ ਤੇ ਹਸਪਤਾਲ ਦੀ ਬਿਲਡਿੰਗ ਦੇ ਉਸਾਰੀ ਕਾਰਜ਼ ਸ਼ੁਰੂ
ਮਸਤੂਆਣਾ ਸਾਹਿਬ ਵਿਖੇ ਕਾਫੀ ਲੰਮੇ ਸਮੇਂ ਤੋਂ ਚੱਲ ਰਹੇ ਰੋਸ ਧਰਨੇ ਨੂੰ ਕੀਤਾ ਸਮਾਪਤ ਸੰਗਰੂਰ, …