ਚਿੱਤ ਕਰਦਾ ਮੈਂ ਰੋ-ਰੋ ਮਾਰਾਂ ਉੱਚੀ ਉੱਚੀ ਲੇਰਾਂ ,
ਆਵੇ ਹਰ ਸਾਲ ਜਦੋਂ ਤਰੀਕ ਅਪ੍ਰੈਲ ਦੀ ਤੇਰਾਂ।
ਮੈਂ ਗਵਾਹ ਉਸ ਕਤਲੇਆਮ ਦਾ ,
ਵਿਥਿਆ ਅੱਜ ਸੁਣਾਉਂਦਾ ਹਾਂ।
ਮੈਂ ਕੋਈ ਜ਼ੁਰਮ ਨਹੀਂ ਕੀਤਾ,
ਫਿਰ ਵੀ ਖੂਨੀ ਖੂਹ ਅਖਵਾਉਂਦਾ ਹਾਂ।
ਘੱਤ ਵਹੀਰਾਂ ਲੋਕੀਂ ਜਲ੍ਹਿਆਂ ਵਾਲੇ ਬਾਗ ਸੀ ਆਏ,
ਇਕੱਠੇ ਹੋ ਕੇ ਉਹਨਾਂ ਇਨਕਲਾਬ ਦੇ ਨਾਹਰੇ ਲਾਏ।
ਕਹਿੰਦਾ ਜਨਰਲ ਡਾਇਰ ਹੁਣੇ ਮੀਂਹ,
ਗੋਲੀਆਂ ਦਾ ਵਰਸਾਉਂਦਾ ਹਾਂ।
ਮੈਂ ਕੋਈ ਜ਼ੁਰਮ ਨਹੀਂ ……..
ਖੁਦ ਅੱਖੀਂ ਤੱਕੇ ਮੈਂ ਖੂਨ ਦੀਆਂ ਧਾਰਾਂ ਦੇ ਪਰਨਾਲੇ ,
ਤੜਫਦੇ, ਮੋਏ , ਬੱਚੇ, ਬੁੱਢੇ ਅਤੇ ਜਵਾਨ ਵੀ ਨਾਲੇ ।
ਸਿਰ ਤੋਂ ਲਹਿੰਦੀਆਂ ਪੱਗਾਂ ਨੂੰ ਚੁੰਮ ,
ਮੱਥੇ ਦੇ ਨਾਲ ਲਾਉਂਦਾ ਹਾਂ ।
ਮੈਂ ਕੋਈ ਜ਼ੁਰਮ ਨਹੀਂ……..
ਚੀਕ ਚਿਹਾੜੇ ਨਾਲ ਭਰ ਗਿਆ ਹੈਸੀ ਚਾਰ ਚੁਫੇਰਾ,
ਮਾਵਾਂ, ਭੈਣਾਂ ਰੋਂਦੀਆਂ ਤੱਕਾਂ ਕਰਕੇ ਵੱਡਾ ਜ਼ੇਰਾ ।
ਸਾਹਵੇਂ ਦੇਖ ਤੜਫਦੀਆਂ ਲੋਥਾਂ,
ਹੰਝੂ ਖੂਨ ਦੇ ਵਹਾਉਂਦਾ ਹਾਂ।
ਮੈਂ ਕੋਈ ਜ਼ੁਰਮ ਨਹੀਂ ………
ਸੀਸ ਤਲੀ ਤੇ ਧਰ ਗਏ ਯੋਧੇ ਹਿੱਕ `ਤੇ ਗੋਲੀਆਂ ਖਾ ਕੇ ,
ਖੂਨ ਦੇ ਇੱਕ-ਇੱਕ ਕਤਰੇ ਨੂੰ ਪਾਣੀ ਵਾਂਗ ਵਹਾ ਕੇ ।
ਗਏ ਮਾਰ ਨਿਹੱਥੇ ਖੂਹ `ਚ ਛਾਲਾਂ ,
ਜਸ ਸਭਨਾਂ ਦਾ ਗਾਉਂਦਾ ਹਾਂ।
ਮੈਂ ਕੋਈ ਜ਼ੁਰਮ ਨਹੀਂ…………
ਧੰਨਵਾਦ ਕਰਾਂ ਮੈਂ ਊਧਮ ਸਿੰਘ ਦਾ ਰਤਾ ਨਾ ਜੋ ਘਬਰਾਇਆ,
ਪਲ ਵਿੱਚ ਪਾਪੀ ਡਾਇਰ ਨੂੰ ਉਸ ਗੋਲੀਆਂ ਮਾਰ ਮੁਕਾਇਆ।
ਜ਼ਬਰ, ਜ਼ੁਲਮ ਦਾ ਅੰਤ ਹੋ ਗਿਆ,
`ਪ੍ਰੀਤ` ਫਿਰ ਖੁਸ਼ੀ ਮਨਾਉਂਦਾ ਹਾਂ ।
ਮੈਂ ਕੋਈ ਜੁਰਮ ਨਹੀਂ…………
ਮਨਦੀਪ ਕੌਰ ਪ੍ਰੀਤ
ਮੁਕੇਰੀਆਂ।