150 ਵਧੇਰੇ ਵਿਦਿਆਰਥੀਆਂ ਕੀਤਾ ਖ਼ੂਨ ਦਾਨ

ਅੰਮ੍ਰਿਤਸਰ, 16 ਸਤੰਬਰ (ਪ੍ਰੀਤਮ ਸਿੰਘ)- ਮਾਨਵਤਾ ਦੀ ਸੇਵਾ ਦੇ ਮਕਸਦ ਨੂੰ ਦ੍ਰਿੜ ਕਰਾਉਂਦਿਆਂ ਖ਼ਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਰਣਜੀਤ ਐਵੀਨਿਊ ਵਿਖੇ ਖ਼ੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ 150 ਤੋਂ ਵਧੇਰੇ ਵਿਦਿਆਰਥੀਆਂ ਨੇ ਖ਼ੂਨ ਦਾਨ ਕੀਤਾ। ਇਹ ਕੈਂਪ ਕਾਲਜ ਅਤੇ ਗੁਰੂ ਨਾਨਕ ਦੇਵ ਹਸਪਤਾਲ ਦੇ ਬਲੱਡ ਬੈਂਕ ਦੁਆਰਾ ਸਾਂਝੇ ਤੌਰ ‘ਤੇ ਲਗਾਇਆ ਗਿਆ।ਪ੍ਰਿੰਸੀਪਲ ਡਾ. ਅਮਰਪਾਲ ਸਿੰਘ ਨੇ ਦੱਸਿਆ ਕਿ ਮਾਨਵਤਾ ਦੇ ਇਸ ਕੰਮ ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਿਆ ਗਿਆ, ਜਿਸ ਵਿੱਚ ਵਿਦਿਆਰਥੀਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ। ਕੈਂਪ ਵਿੱਚ ਗੁਰੂ ਨਾਨਕ ਦੇਵ ਹਸਪਤਾਲ ਵੱਲੋਂ ਖ਼ੂਨ ਦਾਨ ਸਬੰਧੀ ਮਾਹਿਰ ਟੀਮ ਮੁੱਖੀ ਡਾ. ਨੀਰਜ ਸ਼ਰਮਾ ਤੇ ਐੱਚ. ਓ. ਆਰ. ਡੀ. ਬਲੱਡ ਬੈਂਕ ਅਤੇ ਪੀ. ਆਰ. ਓ. ਸ੍ਰੀ ਰਵੀ ਕੁਮਾਰ ਮਹਾਜਨ ਉਚੇਚੇ ਤੌਰ ‘ਤੇ ਪੁੱਜੀ।
ਟੀਮ ਦਾ ਕਾਲਜ ਪੁੱਜਣ ‘ਤੇ ਡਾ. ਅਮਰਪਾਲ ਸਿੰਘ ਨੇ ਨਿੱਘਾ ਸਵਾਗਤ ਕਰਦਿਆ ਕਿਹਾ ਕਿ ਖ਼ੂਨ ਦਾਨ ਪ੍ਰਤੀ ਵਿਦਿਆਰਥੀਆਂ ਵਿੱਚ ਭਰਪੂਰ ਉਤਸ਼ਾਹ ਦੇਖਣ ਨੂੰ ਮਿਲਿਆ। ਉਨ੍ਹਾਂ ਸੰਕਲਪ ਲਿਆ ਕਿ ਉਹ ਭਵਿੱਖ ਵਿੱਚ ਵੀ ਅਜਿਹੇ ਪਰਉਪਕਾਰ ਦੇ ਕਾਰਜ ਨਾਲ ਜੁੜੇ ਰਹਿਣਗੇ। ਉਨ੍ਹਾਂ ਕਿਹਾ ਕਿ ਖ਼ੂਨਦਾਨ ਵਰਗੀ ਮਹਾਨ ਸੇਵਾ ਦੇ ਭਾਗੀ ਬਣਨ ਲਈ ਧਰਮ ਅਤੇ ਜਾਤ-ਪਾਤ ਦੀ ਪ੍ਰਵਾਹ ਕੀਤੇ ਬਿਨ੍ਹਾਂ ਕੀਮਤੀ ਜਿੰਦੜੀਆਂ ਨੂੰ ਬਚਾਉਣਾ ਇਨਸਾਨ ਨੂੰ ਆਪਣਾ ਕਰੱਤਵ ਸਮਝਣਾ ਚਾਹੀਦਾ ਹੈ। ਖ਼ੂਨਦਾਨ ਕਰਨ ਵਾਲੇ ਵਿਦਿਆਰਥੀਆਂ ਨੂੰ ਸੰਸਥਾ ਵੱਲੋਂ ਸਰਟੀਫ਼ਿਕੇਟ ਜਾਰੀ ਕੀਤੇ ਗਏ। ਉਨ੍ਹਾਂ ਕਿਹਾ ਕਿ ਖ਼ੂਨਦਾਨ ਕੈਂਪ ਵਿੱਚ ਐੱਨ. ਐੱਸ. ਐੱਸ. ਨੇ ਵੀ ਆਪਣਾ ਯੋਗਦਾਨ ਪਾਇਆ।
ਇਸ ਮੌਕੇ ਬੋਲਦਿਆਂ ਗੁਰੂ ਨਾਨਕ ਦੇਵ ਹਸਪਤਾਲ ਦੇ ਮੁੱਖੀ ਡਾ. ਨੀਰਜ ਸ਼ਰਮਾ ਨੇ ਕਿਹਾ ਕਿ ‘ਖ਼ੂਨਦਾਨ ਮਹਾਂਦਾਨ ਹੈ’। ਖ਼ੂਨਦਾਨ ਕਰਕੇ ਅਸੀਂ ਕਈ ਕੀਮਤੀ ਜਾਨਾਂ ਬਚਾ ਸਕਦੇ ਹਾਂ। ਉਨ੍ਹਾਂ ਨੇ ਕਾਲਜ ਵੱਲੋਂ ਅਜਿਹੇ ਮਾਨਵਤਾ ਦੇ ਭਲੇ ਦਾ ਕੰਮ ਕਰਨ ‘ਤੇ ਪ੍ਰਿੰਸੀਪਲ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਮਾਨਵਤਾ ਦੇ ਭਲੇ ਲਈ ਹਰੇਕ ਇਨਸਾਨ ਆਪਣਾ ਵੱਡਮੁੱਲਾ ਯੋਗਦਾਨ ਪਾਉਣ ਲਈ ਅਗਾਂਹ ਆਉਣਾ ਚਾਹੀਦਾ ਹੈ। ਇਸ ਮੌਕੇ ਕਾਲਜ ਹਸਪਤਾਲ ਦੇ ਮੁੱਖੀ ਨੂੰ ਯਾਦਗਾਰੀ ਤਸਵੀਰ ਭੇਂਟ ਕਰਕੇ ਸਨਮਾਨਿਤ ਵੀ ਕੀਤਾ। ਕੈਂਪ ਮੌਕੇ ਐੱਨ. ਐੱਸ. ਐੱਸ. ਇੰਚਾਰਜ ਸ੍ਰੀ ਅਮਿਤ ਮਹਾਜਨ, ਪ੍ਰੋ: ਹਰਕਰਨ ਸਿੰਘ, ਇੰ: ਬਿਕਰਮਜੀਤ ਸਿੰਘ, ਇੰ: ਆਰ. ਐੱਸ. ਮਾਹਲ, ਇੰ: ਸੰਜੀਵ ਕੁਮਾਰ, ਇੰ: ਕਿਰਨਦੀਪ ਸਿੰਘ, ਇੰ: ਨਰਿੰਦਰ ਸਿੰਘ ਅਤੇ ਗੁਰਚਰਨ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਵਿਦਿਆਰਥੀ ਹਾਜ਼ਰ ਸਨ।