ਫਾਜਿਲਕਾ, 3 ਮਾਰਚ (ਵਿਨੀਤ ਅਰੋੜਾ)- ਫ਼ਾਜ਼ਿਲਕਾ-ਅਬੋਹਰ ਮਾਰਗ ‘ਤੇ ਲਾਲ ਬੱਤੀ ਵਾਲੇ ਚੌਕ ‘ਚ ਇਕ ਬੇਕਾਬੂ ਹੋਏ ਟਰੱਕ ਟਰਾਲੇ ਨੇ ਇਕ ਮੋਟਰ ਸਾਈਕਲ ਚਾਲਕ ਨੂੰ ਕੁਚਲ ਦਿੱਤਾ, ਜਿਸ ਨਾਲ ਉਸ ਦੀ ਮੌਕੇ ‘ਤੇ ਮੌਤ ਹੋ ਗਈ, ਜਦੋਂ ਕਿ ਚਾਰ 4 ਗੰਭੀਰ ਜ਼ਖ਼ਮੀ ਹੋ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਸ਼ਾਮ ਕਰੀਬ 4.45 ਵਜੇ ਇਕ ਟਰਾਲਾ ਜੋ ਕਿ ਫ਼ਿਰੋਜ਼ਪੁਰ ਤੋਂ ਰਾਜਸਥਾਨ ਜਾ ਰਿਹਾ ਸੀ। ਜਦੋਂ ਉਕਤ ਟਰਾਲਾ ਸੰਜੀਵ ਸਿਨੇਮਾ ਚੌਕ ਨੇੜੇ ਲਾਲ ਬੱਤੀ ਚਾਕ ਨੇੜੇ ਪੁੱਜਿਆ ਤਾਂ ਅਚਾਨਕ ਬੇਕਾਬੂ ਹੋ ਗਿਆ, ਜਿਸ ਨਾਲ ਲਾਲ ਬੱਤੀ ਹੋਣ ‘ਤੇ ਰੁਕੇ ਮੋਟਰਸਾਈਕਲ ਸਵਾਰ ਸੋਹਨ ਲਾਲ ਮੱਕੜ ਫ਼ਾਜ਼ਿਲਕਾ ਦੇ ਉੱਪਰ ਚੜ ਗਿਆ, ਜਿਸ ਨਾਲ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਜਦੋਂ ਕਿ ਉਸ ਦੇ ਨਾਲ ਖੜੇ ਹੋਰ ਮੋਟਰਸਾਈਕਲ ਸਵਾਰ ਸੁਰਿੰਦਰ ਕੁਮਾਰ, ਸੁਨੀਲ ਕੁਮਾਰ ਅਬੋਹਰ, ਰਾਕੇਸ਼ ਕੁਮਾਰ ਚੂਹੜੀ ਵਾਲਾ ਧੰਨਾ, ਰਾਜ ਕੁਮਾਰ ਰਾਧਾ ਸੁਆਮੀ ਕਾਲੋਨੀ ਵੀ ਇਸ ਦੀ ਚਪੇਟ ਵਿਚ ਆ ਗਏ ਅਤੇ ਉਹ ਵੀ ਗੰਭੀਰ ਜ਼ਖ਼ਮੀ ਹੋ ਗਏ, ਇੱਥੇ ਹੀ ਬੱਸ ਨਹੀ ਬੇਕਾਬੂ ਹੋਏ ਟਰਾਲੇ ਨੇ ਫ਼ਾਜ਼ਿਲਕਾ ਤੋਂ ਸਤਿਸੰਗ ਸੁਣ ਕੇ ਜਾ ਰਹੀ ਸੰਗਤਾਂ ਨਾਲ ਭਰੀ ਟਰਾਲੀ ਨੂੰ ਵੀ ਟੱਕਰ ਮਾਰ ਦਿੱਤੀ, ਜਿਸ ਨਾਲ ਟਰਾਲਾ ਰੁਕਿਆ ਅਤੇ ਉਸ ਦਾ ਸਾਹਮਣੇ ਵਾਲਾ ਸ਼ੀਸ਼ਾ ਟੁੱਟ ਗਿਆ। ਮੌਕੇ ‘ਤੇ ਖੜੇ ਲੋਕਾਂ ਨੇ ਡਰਾਈਵਰ ਅਤੇ ਸਹਿ ਚਾਲਕ ਨੂੰ ਕਾਬੂ ਕਰ ਲਿਆ ਅਤੇ ਗੰਭੀਰ ਜ਼ਖ਼ਮੀ ਹੋਏ ਵਿਅਕਤੀਆਂ ਨੂੰ ਸਿਵਲ ਹਸਪਤਾਲ ਵਿਚ ਦਾਖਲ ਕਰਵਾਇਆ। ਪਕੜੇ ਗਏ ਟਰੱਕ ਚਾਲਕ ਦੀ ਪਹਿਚਾਨ ਭੂਸ਼ਣ ਕੁਮਾਰ ਪੁੱਤਰ ਜੋਗਿੰਦਰ ਪਾਲ ਕੌਮ ਘੁਮਿਆਰ ਵਾਸੀ ਅੱਵਾਖਾ ਥਾਣਾ ਦੀਨਾ ਨਗਰ ਜਿਲਾ ਗੁਰਦਾਸਪੁਰ ਦੇ ਰੂਪ ਵਿਚ ਹੋਈ ਹੈ। ਜਿਸ ‘ਤੇ ਧਾਰਾ 304, 427 ਅਤੇ 279 ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।