
ਅੰਮ੍ਰਿਤਸਰ, 3 ਮਾਰਚ (ਪ੍ਰੀਤਮ ਸਿੰਘ) -ਖਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਨੇ ਸਮਾਜ ਸੇਵਾ ਨਾਲ ਜੁਟੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਜ਼ੋਨਲ ਦਫ਼ਤਰ ਦਾ ਅੱਜ ਇੱਥੇ ਉਦਘਾਟਨ ਕੀਤਾ। ਇਹ ਗੈਰ ਰਾਜਨੀਤਿਕ, ਧਾਰਮਿਕ, ਸਮਾਜਿਕ ਅਤੇ ਵਿੱਦਿਅਕ ਸੰਸਥਾ ੧੯੭੨ ਤੋਂ ਗੁਰਬਾਣੀ ਅਤੇ ਗੁਰੂਆਂ ਦੇ ਉਪਦੇਸ਼ਾਂ ਤਹਿਤ ਜੀਵਨ ਬਿਤਾਉਣ ਲਈ ਨੌਜਵਾਨਾਂ ਨੂੰ ਉਤਸ਼ਾਹਿਤ ਕਰਨ ‘ਚ ਕਾਰਜਸ਼ੀਲ ਹੈ।ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਸਿੰਘ ਸਾਹਿਬ ਗਿਆਨੀ ਰਵੇਲ ਸਿੰਘ ਦੀ ਹਾਜ਼ਰੀ ‘ਚ ਸ: ਛੀਨਾ ਨੇ ਸਟੱਡੀ ਸਰਕਲ ਦੁਆਰਾ ਕੀਤੀ ਜਾ ਰਹੀ ਸਮਾਜ ਸੇਵਾ ਦੀ ਪੁਰਜ਼ੋਰ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਪਵਿੱਤਰ ਸ਼ਹਿਰ ਅੰਮ੍ਰਿਤਸਰ ‘ਚ ਸਟੱਡੀ ਸਰਕਲ ਦੁਆਰਾ ਖੋਲ੍ਹੇ ਜਾ ਰਹੇ ਦਫ਼ਤਰ ਤੋਂ ਬਾਅਦ ਸਰਹੱਦੀ ਖ਼ੇਤਰ ‘ਚ ਇਸ ਸੰਸਥਾ ਦੀਆਂ ਕਾਰਵਾਈਆਂ ਨੂੰ ਬੜਾਵਾਂ ਮਿਲੇਗਾ। ਉਨ੍ਹਾਂ ਕਿਹਾ ਕਿ ਇਹ ਸੰਸਥਾ ਕਿਸੇ ਵੀ ਧਾਰਮਿਕ, ਜਾਤੀਵਾਦ ਜਾਂ ਸੱਭਿਆਚਾਰਕ ਭੇਦਭਾਵ ਤੋਂ ਬਗੈਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਉਪਦੇਸ਼ਾਂ ਮੁਤਾਬਕ ਨੌਜਵਾਨਾਂ ਨੂੰ ਆਪਣੇ ਵਿਰਸੇ ਨਾਲ ਜੋੜਣ ਲਈ ਵਚਨਬੱਧ ਹੈ। ਵਰਨਣਯੋਗ ਹੈ ਕਿ ਸਟੱਡੀ ਸਰਕਲ ਨੂੰ ਪੰਜਾਬ ਸਕੂਲ ਅਤੇ ਕਾਲਜ, ਡੀ. ਪੀ. ਆਈ. ਵੱਲੋਂ ਮਾਨਤਾ ਪ੍ਰਾਪਤ ਹੈ। ਸਰਕਲ ਦਾ ਮੁੱਖ ਮਨੋਰਥ ਨੌਜਵਾਨਾਂ ਨੂੰ ਵਿਰਸੇ ਨਾਲ ਜੋੜਕੇ ਅਕਾਦਮਿਕ, ਸੱਭਿਆਚਾਰਕ, ਲਿਟਰੇਚਰ ਅਤੇ ਸਮਾਜ ਸੇਵਾ ਨਾਲ ਜੋੜਣਾ ਹੈ। ਹੋਰਨਾਂ ਤੋਂ ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਜਰਨਲ ਸਕੱਤਰ ਅਤੇ ਮੈਂਬਰ ਬੀਬੀ ਕਿਰਨਜੋਤ ਕੌਰ, ਖਾਲਸਾ ਕਾਲਜ ਚਵਿੰਡਾ ਦੇਵੀ ਪ੍ਰਿੰਸੀਪਲ ਪ੍ਰੋ: ਬਲਜਿੰਦਰ ਸਿੰਘ, ਸਟੱਡੀ ਸਰਕਲ ਦੇ ਜਰਨਲ ਸਕੱਤਰ ਸ: ਜਤਿੰਦਰਪਾਲ ਸਿੰਘ, ਸ: ਗੁਰਚਰਨ ਸਿੰਘ, ਸ: ਗੁਰਮੀਤ ਸਿੰਘ, ਸ: ਹਰਦੀਪ ਸਿੰਘ ਖਾਲਸਾ ਅਤੇ ਸ: ਬਲਜੀਤ ਸਿੰਘ ਉਚੇਚੇ ਤੌਰ ‘ਤੇ ਹਾਜ਼ਰ ਸਨ।
Check Also
ਵੀ.ਸੀ ਪ੍ਰੋ. ਕਰਮਜੀਤ ਸਿੰਘ ਦੀ ਕਿਤਾਬ “ਮੈਡੀਟੇਸ਼ਨ ਟੂ ਮਾਰਟਿਡਮ: ਦ ਲੀਗੇਸੀ ਆਫ਼ ਸ੍ਰੀ ਗੁਰੂ ਤੇਗ ਬਹਾਦਰ ਜੀ” ਰਲੀਜ਼
ਅੰਮ੍ਰਿਤਸਰ, 30 ਦੰਸਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋ. (ਡਾ.) …
Punjab Post Daily Online Newspaper & Print Media