Monday, December 23, 2024

ਸ਼ਹੀਦ ਭਾਈ ਤਾਰੂ ਸਿੰਘ ਜੀ

         ਸਿੱਖ ਕੌਮ ਦੀ ਆਨ ਤੇ ਸ਼ਾਨ ਲਈ ਹੱਸ-ਹੱਸ ਕੇ ਜਾਨਾਂ ਵਾਰਨ ਵਾਲੇ ਮਹਾਨ ਸ਼ਹੀਦਾਂ ਦੇ ਇਤਿਹਾਸ ਵਿਚ ‘ਭਾਈ ਤਾਰੂ ਸਿੰਘ ਜੀ ਸ਼ਹੀਦ’ ਦਾ ਨਾਮ ਸੁਨਹਿਰੀ ਅੱਖਰਾਂ ਵਿਚ ਅੰਕਿਤ ਹੈ।ਆਪ ਨੇ ਸਮੇਂ ਦੀ ਹਕੂਮਤ ਵੱਲੋਂ ਢਾਹੇ ਗਏ ਜ਼ੁਲਮ ਅਤੇ ਕਹਿਰ ਨੂੰ ਖਿੜੇ ਮੱਥੇ ਸਹਾਰਿਆ ਅਤੇ ‘ਸਿਰ ਜਾਵੇ ਤਾਂ ਜਾਵੇ-ਮੇਰਾ ਸਿੱਖੀ ਸਿਦਕ ਨਾ ਜਾਵੇ’ ਦੇ ਬੋਲਾਂ ਨੂੰ ਅਮਲੀ ਜਾਮਾ ਪਹਿਨਾ ਕੇ ਕੇਸਾਂ ਦੀ ਰਾਖੀ ਲਈ ਖੋਪਰੀ ਉਤਰਵਾ, ਕੁਰਬਾਨੀ ਦੇ ਅਨੋਖੇ ਪੂਰਨੇ ਪਾਏ।
    ਬਾਬਾ ਬੰਦਾ ਸਿੰਘ ਬਹਾਦਰ ਅਤੇ ਉਨ੍ਹਾਂ ਦੇ ਸਾਥੀ ਸਿੰਘਾਂ ਦੀ ਸ਼ਹੀਦੀ ਉਪਰੰਤ ਮੁਗਲਾਂ ਵੱਲੋਂ ਸਿੱਖਾਂ ਉੱਤੇ ਸਖ਼ਤੀ ਦਾ ਦੌਰ ਸ਼ੁਰੂ ਹੋਇਆ।ਲਾਹੌਰ ਦੇ ਗਵਰਨਰ ਜ਼ਕਰੀਆ ਖਾਨ ਨੇ ਤਾਂ ਅੱਤ ਹੀ ਚੁੱਕ ਲਈ।ਸਿੱਖਾਂ ਦੇ ਸਿਰਾਂ ਦੇ ਮੁੱਲ ਰੱਖ ਦਿਤੇ ਗਏ ਅਤੇ ਚੁਣ-ਚੁਣ ਕੇ ਸਿੱਖਾਂ ਨੂੰ ਮਾਰਿਆ ਜਾਣ ਲੱਗਾ।ਮੌਕੇ ਦੀ ਨਜ਼ਾਕਤ ਨੂੰ ਪਛਾਣਦੇ ਹੋਏ ਸਿੰਘਾਂ ਨੇ ਘਣੇ ਜੰਗਲਾਂ ਵਿਚ ਜਾ ਨਿਵਾਸ ਕੀਤਾ।ਉਥੇ ਰਹਿ ਕੇ ਜਥੇਬੰਦਕ ਤਿਆਰੀਆਂ ਕਰਨ ਲੱਗੇ ਅਤੇ ਜਦੋਂ ਸਮਾਂ ਮਿਲਦਾ, ਹਕੂਮਤ ਨਾਲ ਟੱਕਰ ਵੀ ਲੈਂਦੇ। ਇਲਾਕੇ ਦੇ ਸਿੰਘ, ਜੰਗਲਾਂ ਵਿਚ ਰਹਿ ਰਹੇ ਵੀਰਾਂ ਦੇ ਲੰਗਰ-ਪਾਣੀ ਦੀ ਸੇਵਾ ਬੜੇ ਉਤਸ਼ਾਹ ਨਾਲ ਕਰਦੇ। ਪਿੰਡ ਪੂਹਲਾ ਜ਼ਿਲ੍ਹਾ ਅੰਮ੍ਰਿਤਸਰ (ਹੁਣ ਤਰਨਤਾਰਨ) ਦੇ ਵਸਨੀਕ ਭਾਈ ਤਾਰੂ ਸਿੰਘ ਜੀ ਵੀ ਇਨ੍ਹਾਂ ਸਿਦਕੀ ਸਿੰਘਾਂ ਵਿੱਚੋਂ ਇਕ ਸਨ।ਆਪ ਪਿੰਡ ਵਿਚ ਖੇਤੀਬਾੜੀ ਕਰਦੇ ਸਨ ਅਤੇ ਜਦੋਂ ਵੀ ਕਿਸੇ ਸਿੱਖ ਜਥੇ ਦੀ ਆਮਦ ਦਾ ਪਤਾ ਲੱਗਦਾ ਤਾਂ ਆਪ ਨੂੰ ਚਾਅ ਚੜ੍ਹ ਜਾਂਦਾ। ਆਪ ਜੀ ਦੀ ਭੈਣ ਅਤੇ ਮਾਤਾ ਜੀ ਬੜੇ ਪ੍ਰੇਮ ਨਾਲ ਲੰਗਰ ਤਿਆਰ ਕਰਦੇ ਅਤੇ ਭਾਈ ਤਾਰੂ ਸਿੰਘ ਜੀ ਜਥੇ ਦੇ ਸਿੰਘਾਂ ਪਾਸ ਲੰਗਰ ਪਹੁੰਚਾਣ ਦੀ ਸੇਵਾ ਕਰਦੇ।ਜਿਥੇ ਸਿਦਕੀ ਸਿੰਘ, ਮੁਸੀਬਤ ਵਿਚ ਘਿਰੇ ਆਪਣੇ ਵੀਰਾਂ ਦੀ ਸੇਵਾ ਲਈ ਨਿੱਤਰ ਕੇ ਸਾਹਮਣੇ ਆ ਰਹੇ ਸਨ, ਉਥੇ ਸਿੰਘਾਂ ਨਾਲ ਵੈਰ ਕਮਾਉਣ ਵਾਲੇ ਦੋਖੀਆਂ ਦੀ ਵੀ ਕੋਈ ਕਮੀ ਨਹੀਂ ਸੀ।ਜੰਡਿਆਲੇ ਦੇ ਹਰਭਗਤ ਨਿਰੰਜਨੀਏ ਨੇ ਜ਼ਕਰੀਆ ਖਾਨ ਪਾਸ ਜਾ ਕੇ ਭਾਈ ਤਾਰੂ ਸਿੰਘ ਜੀ ਦੇ ਖਿਲਾਫ਼ ਸ਼ਿਕਾਇਤ ਕੀਤੀ ਕਿ ਕਿਵੇਂ ਉਹ ਹਕੂਮਤ ਨਾਲ ਟੱਕਰ ਲੈ ਰਹੇ ਸਿੰਘਾਂ ਦੀ ਟਹਿਲ-ਸੇਵਾ ਕਰਕੇ ਸਰਕਾਰੀ ਹੁਕਮਾਂ ਦੀ ਉਲੰਘਣਾ ਕਰ ਰਿਹਾ ਹੈ:
ਹਰਭਗਤ ਨਿਰੰਜਨੀਏਂ ਯੌ ਫਿਰ ਕਹੀ।ਪੂਲ੍ਹੋ ਪਿੰਡ ਇਕ ਮਾਝੇ ਅਹੀ।
ਤਾਰੂ ਸਿੰਘ ਤਹਿਂ ਖੇਤੀ ਕਰੈ।ਸਾਥ ਪਿੰਡ ਵਹਿ ਹਾਲਾ ਭਰੈ।
ਦੇਹ ਹਾਕਮ ਕਛੁ ਥੋੜਾ ਖਾਵੈ।ਬਚੈ ਸਿੰਘਨ ਕੇ ਪਾਸ ਪੁਚਾਵੈ।…
ਸ਼ਬਦ ਚੌਕੀ ਗੁਰ ਅਪਨੇ ਕੀ ਕਰੇ। ਸੋ ਮਰਨ ਤੇ ਨੈਕ ਨ ਡਰੇ।
ਗੰਗਾ ਜਮਨਾ ਨਿਕਟ ਨਾ ਜਾਵੈ।ਅਪਨੇ ਗੁਰ ਕੀ ਛਪੜੀ ਨ੍ਹਾਵੈ।
ਜਗਨ ਨਾਥ ਕੋ ਟੁੰਡਾ ਆਖੈਂ।ਰਾਮ ਕਿਸ਼ਨ ਕੋ ਜਾਪ ਨ ਭਾਖੈਂ।
ਰਾਤ ਤੁਰੈ, ਦਿਨ ਬਹਿ ਰਹੈ, ਤੁਰਕਨ ਆਂਖ ਬਚਾਇ।
ਸਿਰ ਪਰ ਪੰਡ ਉਠਾਇਕੈ, ਸਿੰਘਨ ਪਰ ਪਹੁੰਚਾਇ।
(ਪ੍ਰਾਚੀਨ ਪੰਥ ਪ੍ਰਕਾਸ਼)
    ਜ਼ਕਰੀਆ ਖਾਨ ਇਹ ਕੁਝ ਸੁਣ ਕੇ ਗੁੱਸੇ ਵਿਚ ਲਾਲ-ਪੀਲਾ ਹੋ ਗਿਆ ਅਤੇ ਤੁਰੰਤ ਭਾਈ ਤਾਰੂ ਸਿੰਘ ਜੀ ਨੂੰ ਗ੍ਰਿਫ਼ਤਾਰ ਕਰਨ ਲਈ ਸਿਪਾਹੀ ਭਿਜਵਾ ਦਿੱਤੇ।ਭਾਈ ਤਾਰੂ ਸਿੰਘ ਜੀ ਨੂੰ ਬੰਦੀ ਬਣਾ ਕੇ ਲਾਹੌਰ ਲਿਜਾਇਆ ਗਿਆ ਅਤੇ ਭਾਰੀ ਤਸੀਹੇ ਦਿੱਤੇ ਜਾਣ ਲੱਗੇ।ਲੇਕਿਨ ਗੁਰੂ ਕਾ ਸਿੰਘ ਹਕੂਮਤ ਦੇ ਹਰ ਤਰ੍ਹਾਂ ਦੇ ਜ਼ੁਲਮਾਂ ਨੂੰ ਖਿੜੇ ਮੱਥੇ ਬਰਦਾਸ਼ਤ ਕਰਦਾ ਰਿਹਾ:
ਜਿਮ-ਜਿਮ ਸਿੰਘ ਕੋ ਤੁਰਕ ਸਤਾਵੈਂ।
ਤਿਮ-ਤਿਮ ਮੁਖ ਸਿੰਘ ਲਾਲੀ ਆਵੈ।
(ਪ੍ਰਾਚੀਨ ਪੰਥ ਪ੍ਰਕਾਸ਼)
    ਭਾਈ ਤਾਰੂ ਸਿੰਘ ਜੀ ਨੂੰ ਨਵਾਬ ਜ਼ਕਰੀਆ ਖਾਨ ਦੀ ਕਚਹਿਰੀ ਵਿਚ ਪੇਸ਼ ਕੀਤਾ ਗਿਆ, ਜਿਥੇ ਭਾਈ ਸਾਹਿਬ ਨੂੰ ਸਿੱਖੀ ਤਿਆਗ ਕੇ ਇਸਲਾਮ ਧਰਮ ਅਖਤਿਆਰ ਕਰਨ ਲਈ ਕਈ ਤਰ੍ਹਾਂ ਦੇ ਲੋਭ-ਲਾਲਚ ਦਿੱਤੇ ਗਏ, ਪਰੰਤੂ ਉਹ ਆਪਣੇ ਅਕੀਦੇ ’ਤੇ ਅਟੱਲ ਰਹੇ।ਭਾਈ ਸਾਹਿਬ ਦਾ ਗੁਰਸਿੱਖੀ ਪ੍ਰਤੀ ਦ੍ਰਿੜ ਨਿਸ਼ਚਾ ਵੇਖ ਕੇ ਸੂਬੇ ਨੇ ਭਾਈ ਸਾਹਿਬ ਦੇ ਕੇਸ ਕਤਲ ਕਰਨ ਦਾ ਹੁਕਮ ਸੁਣਾ ਦਿੱਤਾ।ਇਸ ’ਤੇ ਭਾਈ ਸਾਹਿਬ ਨੇ ਬਚਨ ਕੀਤਾ ਕਿ ਕੇਸ ਜੋ ਮੇਰੇ ਗੁਰੂ ਦੀ ਅਮਾਨਤ ਹਨ, ਇਨ੍ਹਾਂ ਨੂੰ ਅਲਹਿਦਾ ਕਰਨ ਦੀ ਥਾਂ ਜੇਕਰ ਆਪ ਮੇਰੀ ਜਾਨ ਵੀ ਲੈਣੀ ਚਾਹੋ ਤਾਂ ਮੈਂ ਤਿਆਰ ਹਾਂ।ਇਸ ’ਤੇ ਸੂਬੇ ਨੇ ਜਲਾਦ ਨੂੰ ਬੁਲਾ ਕੇ ਭਾਈ ਸਾਹਿਬ ਦੀ ਖੋਪਰੀ ਉਤਾਰਨ ਦਾ ਜ਼ਾਲਮਾਨਾ ਹੁਕਮ ਸੁਣਾ ਦਿੱਤਾ।ਸੂਬੇ ਦਾ ਇਹ ਫ਼ੁਰਮਾਨ ਸੁਣ ਕੇ ਭਾਈ ਸਾਹਿਬ ਨੂੰ ਦੁੱਖ ਨਾ ਹੋਇਆ, ਬਲਕਿ ਡਾਢਾ ਚਾਅ ਚੜ੍ਹ ਗਿਆ ਕਿ ਹੁਣ ਮੈਂ ਦਸਮੇਸ਼ ਪਿਤਾ ਜੀ ਦੇ ਸਾਹਮਣੇ ਸਾਬਤ-ਸੂਰਤ ਹਾਜ਼ਰ ਹੋ ਕੇ ਖੁਸ਼ੀਆਂ ਦਾ ਪਾਤਰ ਬਣ ਸਕਾਂਗਾ।
    ਭਾਈ ਤਾਰੂ ਸਿੰਘ ਜੀ ਚਾਹੁੰਦੇ ਤਾਂ ਧਰਮ ਛੱਡ ਕੇ ਆਪਣੀ ਜਾਨ ਬਚਾ ਸਕਦੇ ਸਨ ਅਤੇ ਹਕੂਮਤ ਵੱਲੋਂ ਮਿਲਣ ਵਾਲੀਆਂ ਪਦਵੀਆਂ ਨੂੰ ਪ੍ਰਾਪਤ ਕਰ ਸਕਦੇ ਸਨ।ਲੇਕਿਨ ਆਪ ਨੇ ਸਿੱਖੀ ਨੂੰ ਕੇਸਾਂ-ਸੁਆਸਾਂ ਸੰਗ ਨਿਭਾਅ ਕੇ ਕੌਮ ਲਈ ਅਨੋਖੇ ਪੂਰਨੇ ਪਾਏ ਹਨ।ਹੱਸਦੇ ਹੋਏ ਖੋਪਰੀ ਲੁਹਾ ਕੇ ਆਪ ਨੇ ਇਹ ਦਰਸਾ ਦਿੱਤਾ ਕਿ ਸਿੱਖ ਲਈ ਉਸ ਦੇ ਕੇਸ ਜਾਨ ਤੋਂ ਵੀ ਪਿਆਰੇ ਹਨ। ਸਿੱਖ ਜਾਨ ਤਾਂ ਵਾਰ ਸਕਦਾ ਹੈ, ਲੇਕਿਨ ਕੇਸਾਂ ਦੀ ਬੇਅਦਬੀ ਨਹੀਂ ਸਹਾਰ ਸਕਦਾ।
ਆਓ! ਅੱਜ ਸ਼ਹੀਦ ਭਾਈ ਤਾਰੂ ਸਿੰਘ ਜੀ ਦੇ ਸ਼ਹੀਦੀ ਦਿਹਾੜੇ ’ਤੇ ਗੁਰੂ ਦੀ ਬਖਸ਼ੀ ਹੋਈ ਦਾਤ ‘ਕੇਸਾਂ’ ਦੀ ਸਾਂਭ-ਸੰਭਾਲ ਲਈ ਤਤਪਰਤਾ ਨਾਲ ਪਹਿਰਾ ਦਿੰਦਿਆਂ ਸਿੱਖੀ ਸਰੂਪ ਤੋਂ ਦੂਰ ਹੋ ਚੁੱਕੇ ਨੌਜਵਾਨਾਂ ਨੂੰ ਮੁੜ ਸਿੱਖ ਫੁਲਵਾੜੀ ਨਾਲ ਜੋੜਨ ਲਈ ਇਕੱਠੇ ਹੋ ਕੇ ਉਪਰਾਲੇ ਕਰੀਏ ਅਤੇ ਗੁਰੂ ਦੀਆਂ ਖੁਸ਼ੀਆਂ ਦੇ ਪਾਤਰ ਬਣੀਏ।

Bedi Diljit

 

 

ਦਿਲਜੀਤ ਸਿੰਘ ਬੇਦੀ
ਅੰਮ੍ਰਿਤਸਰ।
ਮੋ – 98148 98570

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply