Monday, December 23, 2024

ਆਓ ਪਾਣੀ ਦੀ ਸੰਭਾਲ ਕਰੀਏ

    ਪਾਣੀ ਸਾਡੇ ਜੀਵਨ ਲਈ ਬਹੁਤ ਜਰੂਰੀ ਹੈ।ਇਹ ਕੁਦਰਤ ਵੱਲੋਂ ਬਖ਼ਸ਼ਿਆ ਬਹੁਤ ਹੀ ਕੀਮਤੀ ਤੇ ਨਾਯਾਬ ਤੋਹਫਾ ਹੈ।ਪਾਣੀ ਮਨੁੱਖਾਂ, ਜੀਵ-ਜੰਤੂਆਂ, ਰੁੱਖਾਂ ਤੇ ਸਭ ਲਈ ਜਿੱਥੇ ਜਰੂਰੀ ਹੈ ਉਥੇ ਲਾਹੇਬੰਦ ਵੀ ਹੈ।ਗੱਲ ਕੀ ਪਾਣੀ ਸਾਡੇ ਲ਼ਈ ਬੇਹੱਦ ਮਹੱਤਤਾ ਰੱਖਦਾ ਹੈ।ਜ਼ਰਾ ਸੋਚੋ ਕਿ ਜੇਕਰ ਪਾਣੀ ਨਾ ਹੋਵੇ ਤਾਂ ਸਾਡਾ ਜਿਉਣਾ ਬੇਹਾਲ ਹੀ ਨਹੀਂ ਸਗੋ ਸਭ ਕੁਝ ਖ਼ਤਮ ਹੀ ਹੋ ਜਾਵੇਗਾ। ਸਾਡੀ ਜਿੰਦਗੀ ਪਾਣੀ ਤੋ ਬਿਨਾ ਹੈ ਹੀ ਨਹੀਂ।ਇਸ ਲਈ ਪਾਣੀ ਦਾ ਜਿਕਰ ਸਾਡੇ ਮਹਾਨ ਗੁਰੂਆ ਤੇ ਰਹਿਬਰਾਂ ਨੇ ਧਾਰਮਿਕ ਤੌਰ ਤੇ ਕਈ ਥਾਂ ਕੀਤਾ  ਹੈ।ਗੁਰੂ ਨਾਨਕ ਦੇਵ ਜੀ ਨੇ ਮੁਢਲੀ ਬਾਣੀ ਜਪੁਜੀ ਸਾਹਿਬ ਦੇ ਅੰਤ ਸਲੋਕ ਵਿੱਚ ਪਵਣ ਗੁਰੂ ਪਾਣੀ ਪਿਤਾ, ਉਚਾਰਨ ਕਰ ਪਾਣੀ ਨੂੰ ਸਾਡੇ ਪਿਤਾ ਦਾ ਦਰਜਾ ਦਿੱਤਾ ਹੈ। ਇਸ ਤੋਂ ਬਿਨਾਂ ‘ਪਹਿਲਾ ਪਾਣੀ ਜੀਉ ਹੈ ਜਿਤੁ ਹਰਿਆ ਸਭੁ ਹੋਇ’, ਵੀ ਪਾਣੀ ਲਈ ਹੀ ਗੁਰਬਾਣੀ ਵਿੱਚ ਫ਼ਰਮਾਨ ਹੈ।
    ਪਰ ਦੁੱਖ ਇਸ ਗੱਲ ਦਾ ਹੈ ਕਿ ਅਸੀਂ ਖੁਦ ਬਹੁਗਿਣਤੀ ਲੋਕ ਹੀ ਦੁਰਵਰਤੋ ਕਰਦੇ ਹਾਂ। ਇਸ ਨੂੰ ਸਾਂਭਣ ਵਿੱਚ ਤਾਂ ਨਾਕਾਮਯਾਬ ਹੋਏ ਹੀ ਹਾਂ, ਸਗੋ ਇਸ ਕੀਮਤੀ ਤੋਹਫੇ ਨੂੰ ਗੰਦਾ ਤੇ ਪਲੀਤ ਕਰਨ ਵਿੱਚ ਅਸੀਂ ਜਿਆਦਾ ਯੋਗਦਾਨ ਪਾ ਰਹੇ ਹਾਂ।ਕਿਸੇ ਸਮੇਂ ਮੇਰੇ ਰੰਗਲੇ ਪੰਜਾਬ ਦਾ ਨਾਮ ਹੀ ਪੰਜ ਆਬ ਭਾਵ ਪੰਜ ਦਰਿਆਵਾਂ ਦੀ ਧਰਤੀ ਸੀ। ਸਾਡੇ ਕੋਲ ਪੰਜ ਦਰਿਆ ਤਾਂ ਨਹੀਂ ਰਹੇ, ਪਰ ਜਿਹੜੇ ਹਨ ਉਨਾਂ ਦੀ ਉਂਝ ਹੀ ਬਹੁਤ ਬੁਰੀ ਹਾਲਤ ਹੈ।ਬਹੁਤ ਹੀ ਘੱਟ ਲੋਕ ਹਨ ਜੋ ਪਾਣੀ ਬਾਰੇ ਚਿੰਤਤ ਹਨ।
    ਜਿਨ੍ਹਾਂ ਥਾਵਾਂ `ਤੇ ਅੱਜ ਤੋ ਦਸ-ਪੰਦਰਾਂ ਸਾਲ ਪਹਿਲਾਂ ਪੰਜ-ਦਸ ਫੁੱਟ `ਤੇ ਪਾਣੀ ਆਮ ਸੀ, ਉੱਥੇ ਹੁਣ ਦੋ ਸੌ ਫੁੱਟ ਤੋ ਜਿਆਦਾ ਬੋਰ ਕਰਨਾ ਜਰੂਰੀ ਹੋ ਗਿਆ ਹੈ।ਫਿਰ ਵੀ ਅੱਜ ਧੜਾਧੜ ਬਹੁਗਿਣਤੀ ਵਿੱਚ ਬੋਰ ਹੋ ਰਹੇ ਹਨ ਤੇ ਧੜਾਧੜ ਹੀ ਮੋਟਰਾਂ ਘਰਾਂ, ਖੇਤਾਂ, ਫੈਕਟਰਿਆਂ ਤੇ ਹੋਰ ਥਾਵਾਂ ਤੇ ਜਮੀਨ ਹੇਠੋ ਪਾਣੀ ਕੱਢ ਰਹੀਆਂ ਹਨ।ਹਰ ਵਿਅਕਤੀ ਅੱਜ ਟੂਟਂੀ ਖੋਲ ਚਾਰ ਪੰਜ ਬਾਲਟੀਆ ਨਾਲ ਨਹਾ ਰਿਹਾ ਹੈ। ਸਵੇਰੇ ਵੇਲੇ ਦੰਦ ਸਾਫ ਕਰਨ ਲਈ ਇੱਕ-ਦੋ ਲੀਟਰ ਪਾਣੀ ਕਾਫ਼ੀ ਹੈ, ਪਰ ਇੱਥੇ ਤਾਂ ਜਦ ਬੁਰਸ਼ ਮੰੂਹ ਵਿੱਚ ਪਾ ਲਿਆ ਜਾਂਦਾ ਹੈ ਤਾਂ ਉਸ ਵੇਲੇ ਹੀ ਟੂਟੀ ਖੋਲ ਦਿੱਤੀ ਜਾਂਦੀ ਹੈ। ਘਰਾਂ ਵਿੱਚ ਰਸੋਈ ਲਈ ਤੇ ਭਾਂਡੇ ਧੋਣ ਲਈ ਪਾਣੀ ਕਦੀ ਵੀ ਸੰਜ਼ਮ ਨਾਲ ਨਹੀ ਵਰਤਿਆ ਜਾਂਦਾ। ਘਰ ’ਚ ਹੀ ਸਕੂਟਰ, ਮੋਟਰ ਸਾਇਕਲ ਤੇ ਕਾਰਾਂ ਆਦਿ ਧੋਣ ਲਈ ਵੱਡੇ ਪਾਈਪ ਰਾਹੀ ਖੁੱਲਾ ਪਾਣੀ ਤਾਂ ਵਰਤਿਆ ਜਾ ਰਿਹਾ ਹੈ। ਪਰ ਉਹੀ ਪਾਣੀ ਸਾਡੇ ਆਸ ਪਾਸ ਦੇ ਰਸਤਿਆਂ `ਤੇ ਖੜ੍ਹ ਜਾਂਦਾ ਹੈ । ਪਸ਼ੂਆਂ ਨੂੰ ਨਹਾਉਣ ਸਮੇਂ ਮਲ ਮਲ ਗੋਹਾ ਲਾਹੁਣ ਦੀ ਥਾਂ ਪਾਣੀ ਦੇ ਪਾਇਪ ਦਾ ਪ੍ਰੈਸ਼ਰ ਬਣਾ ਪਾਣੀ ਬਹੁਤ ਡੋਲਿਆ ਜਾਂਦਾ ਹੈ।
    ਅੱਜ ਕਿਸਾਨ ਭਰਾ ਵੀ ਖੇਤਾਂ ’ਚ ਪਾਣੀ ਦੀ ਨਜ਼ਾਇਜ ਵਰਤੋਂ ਕਰ ਰਹੇ ਹਨ। ਝੋਨੇ ਦੀ ਬਿਜ਼ਾਈ ਸਮੇਂ ਤਾਂ ਕਿਸੇ ਤੋਂ ਕੁੱਝ ਵੀ ਨਹੀਂ ਲੁੱਕਦਾ, ਕਿਵੇਂ ਬੋਰ ਡੂੰਘੇ ਕਰਾ, ਇੰਜਣ ਜਾਂ ਜਰਨੇਟਰ ਚਲਾ ਕੇ ਪਾਣੀ ਵੱਡੀ ਮਾਤਰਾ ’ਚ ਕੱਢਿਆ ਜਾਂਦਾ ਹੈ। ਮੌਸਮ ਬਦਲਣ ਕਾਰਨ ਇਨ੍ਹਾਂ ਦਿਨਾਂ ’ਚ ਹੀ ਪਾਣੀ ਦਾ ਪੱਧਰ ਵੀ ਹੇਠਾਂ ਡਿੱਗਦਾ ਹੈ। ਉਪਰੋਂ ਮੁਫ਼ਤ ਬਿਜਲੀ ਕਾਰਨ ਖੇਤਾਂ ’ਚ ਮੋਟਰਾਂ ਤਾਂ ਮੀਂਹ ਪੈਣ `ਤੇ ਵੀ ਬੰਦ ਨਹੀਂ ਹੁੰਦੀਆਂ।ਸ਼ਹਿਰਾਂ ਤੇ ਪਿੰਡਾਂ ’ਚ ਸਰਕਾਰੀ ਟੈਂਕੀਆਂ ਵੀ  ਪਾਣੀ ਨੂੰ ਅਜਾਈਂ ਜਾਣ ਵਿੱਚ ਸਹਾਈ ਹਨ।ਪਹਿਲਾਂ ਸ਼ਹਿਰਾਂ ਤੇ ਹੁਣ ਪਿੰਡਾਂ ਵਿੱਚ ਜਨਤਕ ਥਾਵਾਂ `ਤੇ ਚੱਲਦੀਆਂ ਟੂਟੀਆਂ ਕਦੇ ਵੀ ਬੰਦ ਨਹੀਂ ਹੁੰਦੀਆਂ। ਲੋੜ ਤੋਂ ਬਿਨਾਂ ਇਹ ਟੂਟੀਆਂ ਅਸੀਂ ਸਭ ਹੀ ਚੱਲਦੀਆਂ ਤੱਕਦੇ ਹਾਂ, ਪਰ ਉਸ ਨੂੰ ਬੰਦ ਕਰਨਾ ਕੋਈ ਜਿੰਮੇਵਾਰੀ ਸਮਝਦਾ ਹੀ ਨਹੀਂ। ਅੱਜ ਵੱਡੀਆਂ ਵਰਕਸ਼ਾਪਾਂ ਤੇ ਵੱਡੀ ਇੰਡਸਟਰੀ’ਚ ਪਾਣੀ ਰੱਜ ਕੇ ਬਗੈਰ ਸੋਚੇ ਸਮਝੇ ਕੱਢਿਆ ਜਾ ਰਿਹਾ ਹੈ। ਇਸ ਸਾਫ ਪਾਣੀ ਦੀ ਵਰਤੋਂ ਕਰ, ਜ਼ਹਿਰੀਲੇ ਤੱਤਾਂ ਵਾਲਾ ਪਾਣੀ ਚੋਰ-ਮੋਰੀਆਂ ਰਾਹੀਂ ਵੱਡੇ ਬੋਰ ਕਰ ਧਰਤੀ ਵਿੱਚ ਹੀ ਸੁੱਟਿਆ ਜਾ ਰਿਹਾ ਹੈ।ਜੋ ਹੇਠਾਂ ਸਾਫ ਪਾਣੀ ਵਿੱਚ ਜਾ ਕੇ ਪਾਣੀ ਨੂੰ ਜ਼ਹਿਰਲੇ ਤੱਤਾਂ ਰਾਹੀਂ ਖ਼ਰਾਬ ਕਰ ਦਿੰਦਾ ਹੈ।
    ਪੰਜਾਬ  ਤੇ ਹੋਰ ਪਾਸੇ ਪਾਣੀ ’ਚ ਖਰਾਬੀ ਕਾਰਨ ਅੱਜ ਬਹੁਤ ਮਾਰੂ ਬਿਮਾਰੀਆਂ ਚੱਲ ਪਈਆਂ ਹਨ। ਜੋ ਕਿ ਲਾ-ਇਲਾਜ ਹਨ ਅੱਜ ਜਿੱਥੇ ਲੋਕ ਪਾਣੀ ਤੋਂ ਬਿਨਾਂ ਮਰ ਰਹੇ ਹਨ ਉੱਥੇ ਜ਼ਹਿਰੀਲਾ ਪਾਣੀ ਪੀ ਕੇ ਲੋਕ ਮਰ ਰਹੇ ਹਨ। ਕਈ ਇਲਾਕਿਆਂ ਵਿੱਚ ਕੈਂਸਰ, ਕਾਲਾ ਪੀਲੀਆ, ਹੱਡੀਆਂ ਦੇ ਰੋਗ ਆਦਿ ਜ਼ਹਿਰੀਲੇ  ਤੱਤਾਂ ਕਾਰਨ ਹੈ। ਕਈ ਪਾਸੇ ਤਾਂ ਇਸੇ ਕਾਰਨ ਬੱਚੇ ਵੀ ਅਪੰਗ ਜਾਂ ਮੰਦਬੁੱਧੀ ਪੈਦਾ ਹੋ ਰਹੇ ਹਨ। ਇਸਦਾ ਮੁੱਢਲਾ ਕਾਰਨ ਪਾਣੀ ਹੀ ਹੈ। ਭਾਵ ਪਾਣੀ ਵਿੱਚ ਕਿਸੇ ਜ਼ਹਿਰੀਲੇ ਤੱਤਾਂ ਦਾ ਘੁਲਣਾ ਹੈ।
    ਕੁਦਰਤੀ ਤੌਰ `ਤੇ ਪ੍ਰਮਾਤਮਾ ਨੇ ਸਾਡੇ ਪੰਜਾਬ ਨੂੰ ਕਈ ਦੁਰਲੱਭ ਚੀਜ਼ਾਂ ਨਾਲ ਸ਼ਿੰਗਾਰਿਆ ਹੈ ਤੇ ਇਨ੍ਹਾਂ ਸੋਮਿਆਂ ਨੂੰ ਸਾਂਭਣਾ ਸਾਡਾ ਸਭਨਾ ਦਾ ਫਰਜ਼ ਹੈ। ਇਨ੍ਹਾਂ ’ਚ ਪਾਣੀ ਮਹਾਨ ਹੈ, ਪਰ ਅਸੀਂ ਪਤਾ ਨਹੀਂ ਕਿਉਂ ਹਾਲੇ ਤੱਕ ਅਵੇਸਲੇ ਜਾਂ ਅਣਗਹਿਲੇ ਹੋਈ ਜਾ ਰਹੇ ਹਾਂ ਜੋ ਇਸ ਵੱਲ ਵੀ ਧਿਆਨ ਨਹੀਂ ਦੇ ਰਹੇ।ਜਿਸ ਨਾਲ ਸਾਡਾ ਜੀਵਨ ਚੱਲਦਾ ਹੈ। ਜੇ ਹੋਰ ਨਹੀਂ ਤਾਂ ਆਉਣ ਵਾਲੀਆਂ ਪੀੜੀਆਂ ਲਈ ਥੋੜਾ ਜਿਹਾ ਪੀਣ ਵਾਲਾ ਪਾਣੀ ਤਾਂ ਸਾਫ਼ ਛੱਡ ਜਾਈਏ ਤਾਂ ਕਿ ਉਹ ਸਹੀ ਜੀਵਨ ਜੀਅ ਸਕਣ। ਛੋਟੀਆਂ-ਛੋਟੀਆਂ ਗੱਲਾਂ ਰਾਂਹੀ ਹੀ ਪਾਣੀ ਦੀ ਬਹੁਤ ਬੱਚਤ ਤੇ ਸੰਭਾਲ ਕੀਤੀ ਜਾ ਸਕਦੀ ਹੈ। ਆਓ ਇਸ ਅਦਭੁੱਤ ਦਾਤ ਨੂੰ ਰਲ਼ ਮਿਲ਼ ਸਾਂਭੀਏ।
ਧਰਤੀ ’ਚੋਂ ਖ਼ਤਮ ਹੋ ਗਿਆ ਜੇ ਪਾਣੀ-ਖ਼ਤਮ ਹੋ ਜਾਊ ਸਭ ਕਹਾਣੀ।
Balbir-Babbi-1

 

ਬਲਬੀਰ ਸਿੰਘ ਬੱਬੀ
ਪਿੰਡ ਤੇ ਡਾਕ: ਤੱਖਰਾਂ,
ਤਹਿ: ਸਮਰਾਲਾ (ਲੁਧਿਆਣਾ)
ਮੋ – 92175-92531

 

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply