ਕਦੇ ਸਮਾਂ ਹੁੰਦਾ ਸੀ ਜਦੋ ਜੁਬਾਨ ਨਾਲ ਕੀਤੇ ਕੌਲ-ਇਕਰਾਰ ਦਾ ਵੀ ਮੁੱਲ ਹੁੰਦਾ ਸੀ।ਪੁਰਾਣੇ ਲੋਕ ਜੋ ਜ਼ੁਬਾਨ ਨਾਲ ਵਾਅਦਾ ਕਰ ਲੈਂਦੇ ਉਹ ਤੋੜ ਨਿਭਾਉਦੇਂ ਸਨ।ਭਾਵੇਂ ਕਿ ਕੀਤੇ ਵਾਅਦੇ ਸਮੇਂ ਨਾ ਕੋਈ ਗਵਾਹ, ਨਾ ਕੁੱਝ ਲਿਖਿਆ ਅਤੇ ਨਾ ਹੀ ਕੋਈ ਸਬੂਤ ਹੁੰਦਾ ਸੀ।ਬਿਨ੍ਹਾਂ ਨਫਾ ਨੁਕਸਾਨ ਵੇਖਿਆ ਸਿਰ ਧੜ ਦੀ ਬਾਜ਼ੀ ਲੱਗ ਜਾਂਦੀ ਸੀ।
ਜੁਬਾਨ ਦੇ ਸਿਰ `ਤੇ ਹੀ ਵੱਡੇ ਵੱਡੇ ਫੈਸਲੇ ਲੈ ਲਏ ਜਾਂਦੇ।ਭਾਵੇ ਕਿਸੇ ਦਾ ਕੋਈ ਘਰੇਲੂ ਮਸਲਾ ਹੋਵੇ ਜਾਂ ਫਿਰ ਪਿੰਡ ਦਾ ਸਾਂਝਾ।ਜੋ ਬੋਲ ਮੂੰਹ `ਚੋ ਨਿਕਲ ਜਾਣੇ ਉਸ ਤੇ ਸਾਰੇ ਪਹਿਰਾ ਦਿੰਦੇ।ਕੋਈ ਵੀ ਮੁਕਰਦਾ ਨਹੀਂ ਸੀ।ਸਭ ਕੁੱਝ ਪੰਚਾਇਤ ਵੱਲੋ ਹੀ ਹੱਲ ਕਰ ਲਿਆ ਜਾਂਦਾ ਸੀ।ਲੋਕਾਂ ਦੇ ਦਿਲਾਂ ਵਿੱਚ ਰਹਿਮ, ਇੱਜ਼ਤ ਮਾਣ ਤੇ ਕਦਰਾਂ ਕੀਮਤਾਂ ਸਨ।ਇਨਸਾਨੀਅਤ ਦਾ ਮੁੱਲ ਪੈਂਦਾ ਸੀ।ਕਿਤੇ ਕੋਰਟ ਕਚਹਿਰੀ ਵਿੱਚ ਜਾਣ ਦੀ ਜਰੂਰਤ ਹੀ ਨਹੀਂ ਸੀ ਪੈਂਦੀ।
ਸਮੇਂ ਦੇ ਬਦਲਣ ਨਾਲ ਨਾ ਤਾਂ ਜ਼ੁਬਾਨ ਦਾ ਮੁੱਲ ਰਿਹਾ ਅਤੇ ਨਾ ਹੀ ਲੋਕਾਂ ਵਿੱਚ ਮਿਲਵਰਤਨ ਦੀ ਭਾਵਨਾ ਰਹਿ ਗਈ।ਚੰਗਾ ਪੜ੍ਹਨਾ ਲਿਖਣਾ ਤਾਂ ਦੂਰ ਦੀ ਗੱਲ, ਲੋਕ ਮੋਬਾਇਲ ਫੋਨਾਂ ਅਤੇ ਸ਼ੋਸ਼ਲ ਮੀਡੀਆ ਤੱਕ ਹੀ ਸਿਮਟ ਕੇ ਰਹਿ ਗਏ।ਇੱਕ ਦੂਜੇ ਕੋਲ ਬੈਠਣ ਅਤੇ ਕਿਸੇ ਵੀ ਵਿਚਾਰ ਕਰਨ ਦੇ ਲਈ ਕਿਸੇ ਕੋਲ ਸਮਾਂ ਨਹੀਂ।ਭੱਜ ਦੌੜ ਵਿੱਚ ਖਿਝੇ ਹੋਏ ਲੋਕ ਇੱਕ ਦੂਜੇ ਨੂੰ ਵੱਢ ਖਾਣ ਨੂੰ ਪੈਂਦੇ ਹਨ।ਤਾਂ ਹੀ ਤਾਂ ਕਚਹਿਰੀਆਂ ਵਿੱਚ ਕੇਸਾਂ ਦੀ ਗਿਣਤੀ ਵੱਧ ਗਈ ਕਿਉਕਿ ਲਿਖਤੀ ਇਕਰਾਰ ਕਰਕੇ ਵੀ ਲੋਕ ਮੁਕਰ ਜਾਂਦੇ ਹਨ।ਅੱਜ ਕੱਲ ਕਿਸੇ ਨੂੰ ਇੱਕ ਦੂਜੇ `ਤੇ ਵਿਸ਼ਵਾਸ਼ ਨਾ ਹੋਣ ਕਰਕੇ ਗਰੰਟੀ ਅਤੇ ਗਵਾਹੀ ਪਾਉਣ ਦੇ ਬਾਵਜੂਦ ਵੀ ਅਦਾਲਤਾਂ ਵਿੱਚ ਕੇਸਾਂ ਦੀ ਤਦਾਦ `ਚ ਵਾਧਾ ਹੋ ਰਿਹਾ ਹੈ।
ਕਿਉਂ ਘਟਿਆ ਜ਼ੁਬਾਨ ਦਾ ਮੁੱਲ ਕਿਉਂਕਿ ਸਾਡੇ ਵਿੱਚ ਆਪਸੀ ਮੇਲ ਮਿਲਾਪ ਅਤੇ ਭਾਈਚਾਰਕ ਸਾਂਝਾਂ ਖਤਮ ਹੋ ਗਈਆਂ ਹਨ।ਅਸੀਂ ਆਪਣੇ ਬੱਚਿਆਂ ਕੋਲ ਸਮਾਂ ਕੱਢ ਕੇ ਬੈਠਣਾ ਭੁੱਲ ਗਏ ਹਾਂ, ਜਿਸ ਦੇ ਫਲਸਰੂਪ ਪਰਿਵਾਰਾਂ ਵਿੱਚ ਇਕੱਠ ਖਤਮ ਹੋ ਗਿਆ ਹੈ।ਸਭ ਆਪੋ ਆਪਣੇ ਕਮਰਿਆਂ ਵਿੱਚ ਟੀ.ਵੀ ਜਾਂ ਮੋਬਾਇਲ ਫੋਨ ਦੇਖਣ ਲੱਗ ਜਾਂਦੇ ਹਨ।ਨੇੜੇ ਹੋਣ ਦੇ ਬਾਵਜੂਦ ਵੀ ਰਿਸ਼ਤਿਆਂ ਵਿੱਚ ਦੂਰੀ ਲੱਗਣ ਲੱਗ ਗਈ।ਰਿਸ਼ਤੇਦਾਰੀਆਂ ਵਿੱਚ ਆਉਣਾ ਜਾਣਾ ਬੰਦ ਹੋ ਗਿਆ।ਕੰਮਕਾਜ਼ੀ ਦਲਦਲ ਵਿੱਚ ਫਸੇ ਹੋਏ ਲੋਕਾਂ ਕੋਲ ਸਮਾਂ ਨਾ ਹੋਣ ਕਾਰਨ ਆਂਢੀਆਂ ਗਵਾਢੀਆਂ ਅਤੇ ਰਿਸ਼ਤੇਦਾਰਾਂ ਨਾਲ ਵਿਚਾਰ ਵਿਟਾਂਦਰਾ ਘੱਟ ਗਿਆ।ਆਪਣੀ ਸ਼ਾਨੋ ਸ਼ੌਕਤ ਦੀ ਹੋੜ ਵਿੱਚ ਲੱਗੇ ਲੋਕਾਂ ਨੇ ਆਪਣੇ ਆਪ ਨੂੰ ਦੂਜਿਆਂ ਤੋਂ ਉੱਚੇ ਦਿਖਾਉਣਾ ਸ਼ੁਰੂ ਕਰ ਦਿੱਤਾ।ਕਿਸੇ ਦੀ ਵੀ ਮਦਦ ਕਰਨ ਨੂੰ ਕੋਈ ਤਿਆਰ ਨਹੀਂ, ਸਗੋਂ ਦੂਜੇ ਨੂੰ ਮਰਦਾ ਦੇਖ ਕੇ ਖੁਸ਼ ਹੁੰਦੇ ਹਨ।ਫੇਸ ਬੁੱਕ ਅਤੇ ਵੱਟਸਐਪ ਤੇ ਬਣੇ ਦੋਸਤਾਂ ਨੂੰ ਗੁੱਡ ਮਾਰਨਿੰਗ ਤਾਂ ਭੇਜਣਾ ਨਹੀਂ ਭੁੱਲਦੇ।ਪ੍ਰੰਤੂ ਅਸਲ ਜਿੰਦਗੀ ਵਿੱਚ ਦੋਸਤਾਂ ਨੂੰ ਮਿਲਣਾ ਅਤੇ ਘਰ ਦੇ ਬਜ਼ੁਰਗਾਂ ਤੋਂ ਅਸੀਸਾਂ ਲੈਣੀਆਂ ਜ਼ਰੂਰ ਭੁੱਲ ਗਏ ਹਾਂ।
ਹੁਣ ਇਹੀ ਸਵਾਲ ਹੈ ਕਿ ਕਿਵੇਂ ਲਿਆਂਦਾ ਜਾਵੇ ਉਹੀ ਗਵਾਚਾ ਸਮਾਂ, ਜਿਥੇ ਜ਼ੁਬਾਨ ਦੇ ਬੋਲਾਂ ਦੇ ਮੁੱਲ ਪੈਣ।ਅਜਿਹਾ ਕਰਨ ਲਈ ਸਾਨੂੰ ਆਪਣੀ ਸੋਚ ਵਿੱਚ ਪਰਿਵਰਤਨ ਕਰਨਾ ਪਵੇਗਾ।ਸਮਾਜ ਨੂੰ ਬਦਲਣ ਲਈ ਆਪਣੇ ਆਪ ਵਿੱਚ ਬਦਲਾਅ ਲਿਆਉਣਾ ਪਵੇਗਾ।ਬੱਚਿਆਂ ਨੂੰ ਮੋਬਾਇਲ ਫੋਨਾਂ ਅਤੇ ਸ਼ੋਸ਼ਲ ਮੀਡੀਆਂ ਦੀ ਵਰਤੋਂ ਘੱਟ ਕਰਕੇ ਉਨਾਂ ਦੀ ਰੁੱਚੀ ਕਿਤਾਬਾਂ, ਰਸਾਲੇ, ਅਖਬਾਰਾਂ ਅਤੇ ਇਤਿਹਾਸ ਪੜ੍ਹਨ ਵਿੱਚ ਵਧਾਉਣੀ ਹੋਵੇਗੀ।ਸਮਾਜਿਕ ਕਦਰਾਂ ਕੀਮਤਾਂ ਤੇ ਰਿਸ਼ਤਿਆਂ ਨੂੰ ਨਿਭਾਉਣ ਲਈ ਦੱਸਣਾ ਪਵੇਗਾ।ਸਾਡੇ ਵਿਦਿਅਕ ਅਦਾਰਿਆ ਵਿੱਚ ਵੀ ਕੁੱਝ ਸਮਾਂ ਕਿਤਾਬੀ ਪੜ੍ਹਾਈ ਨੂੰ ਛੱਡ ਕੇ ਮਨੁੱਖੀ ਮੇਲ ਮਿਲਾਪ ਅਤੇ ਚੰਗੇ ਰਹਿਣ ਸਹਿਣ ਬਾਰੇ ਦੱਸਿਆ ਜਾਣਾ ਚਾਹੀਦਾ ਹੈ।ਸਕੂਲਾਂ ਕਾਲਜਾਂ ਵਿੱਚ ਚੰਗੀਆਂ ਲਾਇਬ੍ਰੇਰੀ ਹੋਣੀਆਂ ਚਾਹੀਦੀਆਂ ਹਨ।ਪਹਿਲ ਤਾਂ ਕਰਨੀ ਹੀ ਪਵੇਗੀ, ਨਹੀਂ ਤਾਂ ਆਉਣ ਵਾਲੇ ਸਮੇਂ ਵਿੱਚ ਇਨਸਾਨ ਵੀ ਪਸ਼ੂਆਂ ਬਰਾਬਰ ਹੋ ਜਾਵੇਗਾ।
ਆਓ, ਰਲ ਕੇ ਹੰਭਲਾ ਮਾਰਦੇ ਹੋਏੇ ਆਪਣੇ ਰੁਝੇਵਿਆਂ `ਚੋ ਕੁੱਝ ਸਮਾਂ ਰੋਜ਼ਾਨਾ ਕੱਢ ਕੇ ਬੱਚਿਆਂ ਨਾਲ ਬੈਠ ਕੇ ਉਹਨਾਂ ਨੂੰ ਪੁਰਾਤਨ ਸੱਭਿਆਚਾਰ, ਚੰਗੇ ਸੰਸਕਾਰ ਅਤੇ ਜ਼ੁਬਾਨ ਦੀ ਦ੍ਰਿੜ੍ਹਤਾ `ਤੇ ਅਟਲ ਰਹਿਣ ਦੇ ਧਾਰਨੀ ਬਣਾਈਏ।ਆਸ ਪਾਸ ਦੇ ਲੋਕਾਂ ਨਾਲ ਮੇਲ ਮਿਲਾਪ ਵਧਾਈਏ।ਬਿਨ੍ਹਾਂ ਕਿਸੇ ਭੇਦ ਭਾਵ ਦੇ ਹਰ ਵਰਗ ਦੇ ਲੋਕਾਂ ਦੀ ਮਦਦ ਕਰਨ ਦੀ ਕੋਸ਼ਿਸ ਕਰੀਏ ਅਤੇ ਆਪਣੇ ਮਨ `ਚੋਂ ਦੂਜਿਆਂ ਤੋਂ ਬਿਹਤਰ ਦਿਸਣ ਦੀ ਫਿਤਰਤ ਅਤੇ ਹੀਣ ਭਾਵਨਾ ਤਿਆਗ ਦਈਏ, ਤਾਂ ਜੋ ਆਉਣ ਵਾਲੇ ਸਮੇਂ ਵਿੱਚ ਫਿਰ ਇਕ ਚੰਗੇ ਸਮਾਜ ਦੀ ਸਿਰਜਣਾ ਹੋ ਸਕੇ ਅਤੇ ਜ਼ੁਬਾਨ ਨਾਲ ਕੀਤੇ ਇਕਰਾਰ ਦਾ ਮੁੱਲ ਪੈ ਸਕੇ।

ਸ਼ਿਨਾਗ ਸਿੰਘ ਸੰਧੂ
ਸ਼ਮਿੰਦਰ ਕੌਰ ਰੰਧਾਵਾ
ਦਫਤਰ ਬਲਾਕ ਸਿੱਖਿਆ ਅਫਸਰ (ਐ.) ਚੋਹਲਾ ਸਾਹਿਬ
ਜਿਲ੍ਹਾ ਤਰਨ ਤਾਰਨ ਸਾਹਿਬ।
ਮੋ – 97816-93300
Check Also
40 ਕਰੋੜ ਦਾ ਵਿਸ਼ੇਸ਼ ਫੰਡ ਮਨਜ਼ੂਰ ਕਰਨ ‘ਤੇ ਅਨਿਲ ਠਾਕੁਰ ਵੱਲੋਂ ਮੁੱਖ ਮੰਤਰੀ ਅਤੇ ਵਿੱਤ ਮੰਤਰੀ ਦਾ ਧੰਨਵਾਦ
ਅੰਮਿਤਸਰ, 3 ਅਗਸਤ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵੱਲੋਂ ਸੂਬੇ ਦੇ ਵਪਾਰਕ ਬਾਜ਼ਾਰਾਂ ਦੇ ਬੁਨਿਆਦੀ …
Punjab Post Daily Online Newspaper & Print Media