ਸਵੇਰੇ-ਸਵੇਰੇ ਆਪਣੇ ਦਰਾਂ ਮੂਹਰੇ ਖੜ੍ਹਕੇ ਅਖਬਾਰ ਪੜ੍ਹ ਰਹੇ ਨੋਜਵਾਨ ਜਗਤਾਰ ਸਿੰਘ ਨੂੰ ਗਲੀ ’ਚੋਂ ਲੰਘੇ ਜਾ ਰਹੇ ਬਜ਼ੁਰਗ ਨਛੱਤਰ ਸਿਉਂ ਨੇ ਕਿਹਾ, ‘ਭਤੀਜ, ਸੁਣਾ ਕੋਈ ਅੱਜ ਦੀ ਖਾਸ ਖਬਰ।’ ‘ਲਓ ਸੁਣ ਲੋ ਚਾਚਾ ਜੀ, ਜੋ ਇੰਗਲੈਂਡ ਵਾਲੇ ਆਪਣਾ ਹੀਰਾ ਲੈ ਗਏ ਸੀ।ਆਪਣੀ ਸਰਕਾਰ ਉਸਨੂੰ ਵਾਪਸ ਲਿਆਉਣ ਦੀ ਤਿਆਰੀ ਕਰ ਰਹੀ ਏ’, ਜਗਤਾਰ ਸਿੰਘ ਨੇ ਬਿਨਾਂ ਅਖਬਾਰ ਵੱਲ੍ਹ ਦੇਖਿਆ ਪਹਿਲਾਂ ਹੀ ਪੜ੍ਹ ਚੁੱਕੀ ਖਬਰ ਫਟਾਫਟ ਬਜ਼ੁਰਗ ਨਛੱਤਰ ਸਿਉਂ ਨੂੰ ਸੁਣਾ ਦਿੱਤੀ।‘ਭਤੀਜ, ਆਪਣੇ ਅਸਲੀ ਹੀਰੇ ਤਾਂ ਨਸ਼ਿਆਂ ਦੀ ਦਲਦਲ ’ਚ ਧੱਸਦੇ ਜਾ ਰਹੇ ਨੇ ਸਰਕਾਰ ਨੂੰ ਹੀਰੇ ਦੀ ਪਈ ਆ।ਭਤੀਜ, ਜੇ ਸਰਕਾਰ ਹੀਰਿਆ ਵਰਗੀ ਜਵਾਨੀ ਨੂੰ ਸਾਂਭ ਲਵੇ ਤਾਂ ਇਨ੍ਹਾਂ ਦੀ ਬਦੌਲਤ ਅਜਿਹੇ ਅਨੇਕਾਂ ਕਮਾਏ ਜਾ ਸਕਦੇ ਨੇ।ਏਨਾ ਕਹਿ ਬਜ਼ੁਰਗ ਨਛੱਤਰ ਸਿੰਘ ਤੁਰ ਪਿਆ।
ਤਸਵਿੰਦਰ ਸਿੰਘ ਬੜੈਚ
ਪਿੰਡ ਦੀਵਾਲਾ, ਤਹਿਸੀਲ ਸਮਰਾਲਾ
ਜਿਲ੍ਹਾ ਲੁਧਿਆਣਾ।
ਮੋ – 98763 22677