ਅੰਮ੍ਰਿਤਸਰ, 25 ਸਤੰਬਰ (ਪ੍ਰੀਤਮ ਸਿੰਘ) -ਖ਼ਾਲਸਾ ਕਾਲਜ ਆਫ਼ ਲਾਅ ਵਿਖੇ ਅੱਜ ‘ਸੜਕ ਸੁਰੱਖਿਆ ਤੇ ਆਵਾਜਾਈ ਬਿੱਲ-2014’ ਵਿਸ਼ੇ ‘ਤੇ ਇਕ ਅਹਿਮ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਪ੍ਰਦੂਸ਼ਣ ਕੰਟਰੋਲ ਕਮੇਟੀ ਦੇ ਸਕੱਤਰ ਪ੍ਰੋ: ਪ੍ਰਭਦਿਆਲ ਸਿੰਘ ਰੰਧਾਵਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆ ਦੇਸ਼ ਵਿੱਚ ਵਾਹਨ ਚਾਲਕਾਂ ਦੁਆਰਾ ਆਵਾਜਾਈ ਨਿਯਮਾਂ ਦੀ ਪਾਲਣਾ ਨਾ ਕਰਨਾ, ਅਨੁਸ਼ਾਸ਼ਨ ਦੀ ਕਮੀ ਅਤੇ ਸੜਕੀ ਢਾਂਚੇ ਦਾ ਦਰੁਸਤ ਨਾ ਹੋਣ ਨੂੰ ਵੱਧਦੇ ਸੜਕ ਹਾਦਸਿਆਂ ਲਈ ਜ਼ਿੰਮੇਵਾਰ ਠਹਿਰਾਇਆ ਗਿਆ। ਆਪਣੇ ਭਾਸ਼ਣ ਵਿੱਚ ਵਿਦਿਆਰਥੀਆਂ ਨਾਲ ਸੜਕੀ ਹਾਦਸਿਆਂ ਦੇ ਕਾਰਨਾਂ ਅਤੇ ਆਵਾਜਾਈ ਸਬੰਧੀ ਸੁਝਾਅ ਸਾਂਝੇ ਕਰਦਿਆ ਪ੍ਰੋ: ਰੰਧਾਵਾ ਨੇ ਕਿਹਾ ਕਿ ਦੁਨੀਆ ਵਿੱਚੋਂ ਭਾਰਤ ਵਿੱਚ ਸਭ ਜਿਆਦਾ ਸੜਕ ਦੁਰਘਟਨਾਵਾਂ ਵਿੱਚ ਕੀਮਤੀ ਜਾਨਾਂ ਜਾਂਦੀਆਂ ਹਨ ਅਤੇ ਪੰਜਾਬ ਵਿੱਚ ਇਨ੍ਹਾਂ ਹਾਦਸਿਆਂ ਦੀ ਗਿਣਤੀ ਦਿਨ-ਬ-ਦਿਨ ਵੱਧ ਰਹੀ ਹੈ, ਜੋ ਕਿ ਚਿੰਤਾ ਦਾ ਕਾਰਨ ਹੈ। ਉਨ੍ਹਾਂ ਕਿਹਾ ਕਿ ਵਾਹਨ ਚਾਲਕਾਂ ਨੂੰ ਲਾਇਸੈਂਸ ਪ੍ਰਦਾਨ ਕਰਨ ਵੇਲੇ ਸਿਖਲਾਈ ਦੇਣ ਲਈ ਯੋਗ ਵਿਵਸਥਾ ਦਾ ਨਾ ਹੋਣਾ ਅਤੇ ਸੜਕਾਂ ਦੀ ਮੰਦੀ ਹਾਲਤ ਵੀ ਹਾਦਸਿਆਂ ਨੂੰ ਜਨਮ ਦਿੰਦੀ ਹੈ। ਉਨ੍ਹਾਂ ਅਧਿਆਪਕਾਂ ਅਤੇ ਵਿਦਿਆਰਥੀਆਂ ਵੱਲੋਂ ਪੁੱਛੇ ਗਏ ਸਵਾਲਾਂ ਦਾ ਜਵਾਬ ਦਿੰਦਿਆ ਕਿਹਾ ਕਿ ਦੇਸ਼ ਵਿੱਚ ਆਵਾਜਾਈ ਨਿਯਮਾਂ ਨੂੰ ਸਖ਼ਤ ਬਣਾਉਣ ਅਤੇ ਉਨ੍ਹਾਂ ਦੀ ਸਹੀ ਪਾਲਣਾ ਕਰਵਾਉਣ ਦੀ ਜਰੂਰਤ ਹੈ। ਇਸ ਤੋਂ ਪਹਿਲਾਂ ਕਾਲਜ ਪ੍ਰਿੰਸੀਪਲ ਡਾ. ਜਸਪਾਲ ਸਿੰਘ ਨੇ ਪ੍ਰੋ: ਰੰਧਾਵਾ ਦਾ ਕਾਲਜ ਪੁੱਜਣ ‘ਤੇ ਸਵਾਗਤ ਕਰਦਿਆ ਕਿਹਾ ਕਿ ਇਸ ਸੈਮੀਨਾਰ ਦਾ ਮਕਸਦ ਸੜਕ ਸੁਰੱਖਿਆ ਅਤੇ ਆਵਾਜਾਈ ਬਿੱਲ-2014 ਜਿਸ ‘ਤੇ ਕੇਂਦਰ ਸਰਕਾਰ ਨੇ ਆਮ ਲੋਕਾਂ ਕੋਲੋਂ ਮਸ਼ਵਰੇ ਮੰਗੇ ਹਨ, ਬਾਰੇ ਵਿਦਿਆਰਥੀਆਂ ਨੂੰ ਜਾਣੂ ਕਰਵਾਉਣਾ ਸੀ। ਉਨ੍ਹਾਂ ਕਿਹਾ ਕਿ ਡਰਾਈਵਰ ਦਾ ਗੈਰ-ਗੰਭੀਰ ਰਵੱਈਆ ਖਾਸ ਤੌਰ ‘ਤੇ ਸ਼ਰਾਬ ਪੀ ਕੇ ਗੱਡੀ ਨੂੰ ਚਲਾਉਣ ਨਾਲ ਕਈ ਅਨਮੋਲ ਜ਼ਿੰਦੜੀਆਂ ਜਹਾਨੋਂ ਕੂਚ ਕਰ ਜਾਂਦੀਆਂ ਹਨ। ਉਨ੍ਹਾਂ ਪ੍ਰਸਤਾਵਿਤ ਸੜਕ ਸੁਰੱਖਿਆ ਅਤੇ ਆਵਾਜਾਈ ਬਿੱਲ ਸਬੰਧੀ ਮੁੱਖ ਫ਼ੀਚਰ ਨੂੰ ਵੀ ਉਜਾਗਰ ਕੀਤਾ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …