Sunday, December 22, 2024

ਬਹੁਪੱਖੀ ਪ੍ਰਤਿਭਾ ਦਾ ਮਾਲਿਕ – ਸੁੱਖੀ ਧਾਲੀਵਾਲ

      Sukhi Dhaliwalਕਲਾ ਦੇ ਮਾਧਿਅਮ ਰਾਹੀਂ ਦੱਬੇ ਕੁਚਲੇ ਲੋਕਾਂ ਦੀ ਅਵਾਜ਼ ਬਣ ਕੇ ਹੋਕਾ ਦੇਣ ਵਾਲਾ ਨੌਜਵਾਨ ਗਾਇਕ ਸੁੱਖੀ ਧਾਲੀਵਾਲ ਸੰਗੀਤਕ ਖੇਤਰ ਵਿੱਚ ਸਥਾਪਿਤ ਹੋਣ ਲਈ ਸ਼ੰਘਰਸ਼ ਕਰ ਰਿਹਾ ਹੈ।ਉਹ ਇਕ ਗੀਤਕਾਰ, ਗਾਇਕ ਤੇ  ਸਮਾਜ ਸੇਵੀ ਵੀ ਹੈ।ਸੁੱਖੀ ਧਾਲੀਵਾਲ ਦੇ ਦਿਲ ਅੰਦਰ ਆਮ ਲੋਕਾਂ ਦੀਆਂ ਦੁੱਖ ਤਕਲੀਫਾਂ ਪ੍ਰਤੀ ਅਥਾਹ ਦਰਦ ਹੈ।ਉਹ ਆਪਣੀਆਂ ਲਿਖਤਾਂ ਰਾਹੀਂ ਕਿਰਤੀਆਂ ਕਾਮਿਆਂ ਤੇ ਕਿਸਾਨੀ ਘੋਲਾਂ ਲਈ ਜਝਾਰੂ ਹੋ ਕੇ ਲੜਨ ਦਾ ਹੋਕਾ ਦਿੰਦਾ ਹੈ।
         ਮਾਂ ਦੇ ਲਾਡਲੇ ਸੁਖਪ੍ਰੀਤ ਸਿੰਘ ਉਰਫ਼ ਸੁੱਖੀ ਧਾਲੀਵਾਲ ਦਾ ਜਨਮ 1 ਅਕਤੂਬਰ 1988 ਨੂੰ ਪਿਤਾ ਰਸ਼ਪਾਲ ਸਿੰਘ ਦੇ ਘਰ ਮਾਤਾ ਗੁਰਮੀਤ ਕੌਰ ਦੀ ਕੁੱਖੋਂ ਮੋਗਾ ਜਿਲ੍ਹੇ ਦੇ ਪਿੰਡ ਰਾਊਕੇ ਕਲਾਂ ਵਿਖੇ ਇਕ ਸਾਧਾਰਨ ਕਿਸਾਨ ਪਰਿਵਾਰ `ਚ ਹੋਇਆ।ਬਚਪਨ ਸਮੇਂ ਤੋਂ ਹੀ ਸੁੱਖੀ ਨੂੰ ਆਰਥਿਕ ਤੰਗੀਆਂ ਤੁਰਸ਼ੀਆਂ ਦਾ ਸ਼ਿਕਾਰ ਹੋਣਾ ਪਿਆ।ਪੂੰਜੀਪਤੀ ਲੋਕਾਂ ਹੱਥੋਂ ਕਿਸਾਨ, ਮਜ਼ਦੂਰ ਤੇ ਪੱਛੜੇ ਲੋਕਾਂ ਦੀ ਲੱਟ ਘਸੁੱਟ ਨੇ ਬਾਲ ਮਨ `ਤੇ ਡੂੰਘਾ ਪ੍ਰਭਾਵ ਪਾਇਆ।ਨਿੱਕੇ ਹੁੰਦੇ ਉਸ ਨੂੰ ਕਵਿਤਾ, ਗੀਤਕਾਰੀ ਤੇ ਗਾਇਕੀ ਦਾ ਸ਼ੌਕ ਸੀ।ਇਸ ਸ਼ੌਕ ਦੀ ਪੂਰਤੀ ਲਈ ਉਸ ਨੇ ਪਿੰਡ ਦੇ ਗੁਰਦੁਆਰਾ ਜੰਡ ਸਾਹਿਬ ਵਿਖੇ ਸੰਗੀਤ ਸਿੱਖਣਾਂ ਸ਼ੁਰੂ ਕਰ ਦਿੱਤਾ।ਉਹ ਤੀਜੀ ਜਮਾਤ ਤੋਂ ਹੀ ਨਿੱਕੇ ਨਿੱਕੇ ਪੋਟਿਆਂ ਨਾਲ ਵਾਜੇ ਦੀਆਂ ਸੁਰਾਂ ਨੂੰ ਤਬਲੇ `ਦੀ ਤਾਲ ਨਾਲ ਮੇਲ `ਚ ਨਿਪੁੰਨ ਹੋ ਗਿਆ।ਸੁੱਖੀ ਧਾਲੀਵਾਲ ਨੇ ਬਾਰਵੀਂ ਤੱਕ ਦੀ ਪੜਾਈ ਪਿੰਡ ਦੇ ਹੀ ਸੈਕੰਡਰੀ ਸਕੂਲ ਤੋਂ ਹਾਸਲ ਕੀਤੀ।ਉਪਰੰਤ ਲਾਲਾ ਲਾਜਪਤ ਰਾਏ ਕਾਲਜ਼ ਤੋਂ ਆਈ.ਟੀ ਇਨਫਰਮੇਸ਼ਨ ਟੈਕਨਾਲੋਜੀ ਦਾ ਡਿਪਲੋਮਾ ਕੀਤਾ।ਇਸ ਦੌਰਾਨ ਉਸ ਨੇ ਕਾਲਜ ਦੇ ਯੁਵਕ ਮੇਲਿਆਂ ਦੇ ਮੰਚਾਂ ਰਾਹੀਂ ਕਲਾਤਮਿਕ ਗੁਣਾਂ ਵਿਚ ਪਰਪੱਕਤਾ ਲੈ ਆਂਦੀ।ਉਸਨੇ ਅਨੇਕਾਂ ਮੁਕਾਬਲਿਆਂ ਵਿੱਚ ਪਹਿਲੇ ਦੂਜੇ ਤੇ ਤੀਜੇ ਦਰਜੇ ਦੇ ਸਨਮਾਨ ਵੀ ਪ੍ਰਾਪਤ ਕੀਤੇ।ਇਥੋਂ ਹੀ ਉਸ ਨੇ ਗਾਇਕੀ ਖੇਤਰ ਨੂੰ ਸਮਰਪਿਤ ਹੋ ਕੇ ਪ੍ਰਫੈਸ਼ਨਲ ਗਾਇਕ ਬਣਨ ਦਾ ਸੁਪਨਾ ਲਿਆ।
             ਸੁੱਖੀ ਧਾਲੀਵਾਲ ਜੱਸ ਰਿਕਾਰਡ ਕੰਪਨੀ `ਚ ਪਲੇਠਾ ਗੀਤ “ਲੰਡਨ ਰੀਟਰਨ” ਲੈ ਕੇ ਸਰੋਤਿਆਂ ਦੀ ਕਚਹਿਰੀ `ਚ ਹਾਜ਼ਰ ਹੋਇਆ।ਇਸ ਗੀਤ ਨੂੰ ਭਰਵਾਂ ਹੁੰਗਾਰਾ ਮਿਲਿਆ।ਉਸ ਤੋਂ ਬਾਅਦ ਦੱਬੇ ਹਥਿਆਰ, ਡਰਨਾ, ਪਿਉ ਪੁੱਤ ਦੀ ਜੋੜੀ, ਸਰਕਾਰਾਂ ਆਦਿ ਗੀਤਾਂ ਨੂੰ ਮਣਾਂ ਮੂੰਹੀ ਪਿਆਰ ਮਿਲਿਆ।ਸੁੱਖੀ ਨੇ ਸੰਗੀਤਕ ਦੁਨੀਆਂ ‘ਚ ਆਪਣੀ ਵਿਲੱਖਣ ਪਛਾਣ ਬਣਾ  ਲਈ।ਸੁੱਖੀ ਦਾ ਗੀਤ “ਪੰਜਾਬ ਵੇਚ ਕੇ ਖਾ ਲਿਆ” ਪੰਜਾਬ ਦੀਆਂ ਵੱਖ-ਵੱਖ ਪਾਰਟੀਆਂ ਨੇ ਚੋਣ ਪ੍ਰਚਾਰ ਦੇ ਰੋਡ ਸ਼ੋਆਂ ਚ ਬਹੁਤ ਚਲਾਇਆ।  ਇਸ ਗੀਤ ਦੇ ਬੋਲ ਪ੍ਰਸਿੱਧ ਗੀਤਕਾਰ ਸ਼ਹਿਬਾਜ਼ ਧੂਰਕੋਟ ਨੇ ਲਿਖੇ ਸਨ।ਸੁੱਖੀ ਧਾਲੀਵਾਲ ਇੱਕ ਨਰਮ ਦਿਲ ਇਨਸਾਨ ਹੈ ਜੋ ਬਹੁਤ ਸਾਰੇ ਕਲੱਬਾਂ, ਸੰਸਥਾਵਾਂ ਨਾਲ ਰਲ ਕੇ ਸਮਾਜ ਸੇਵਾ ਦੇ ਕੰਮ ਵੀ ਕਰਦਾ ਹੈ।ਸੁੱਖੀ ਨੋਵਲ ਫਾਊਂਡੇਸ਼ਨ ਨਾਮ ਦੀ ਸੰਸਥਾ ਨਾਲ ਮਿਲ ਕੇ ਆਸੇ ਪਾਸੇ ਦੇ ਕਈ ਪਿੰਡ ਵਿੱਚ ਬਹੁਤ ਸਾਰੇ ਸਮਾਜ ਭਲਾਈ ਦੇ ਕੰਮ ਕਰ ਚੁੱਕਾ ਹੈ।ਉਹ ਇਲਾਕੇ ਦੀਆਂ ਸਾਹਿਤਕ, ਸਭਿਆਚਾਰਕ ਤੇ ਲੋਕ ਪੱਖੀ ਸੰਸਥਾਵਾਂ ਰਾਹੀਂ ਪੰਜਾਬੀ ਮਾਂ-ਬੋਲੀ ਦੇ ਪ੍ਰਚਾਰ ਤੇ ਪਸਾਰ ਲਈ ਵੀ ਲਗਾਤਾਰ ਕੰਮ ਕਰਦਾ ਆ ਰਿਹਾ ਹੈ।    
          
ਕੁਲਦੀਪ ਸਿੰਘ ਲੋਹਟ
ਮੋ – 98764 92410

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply