Sunday, December 22, 2024

ਮਨੋਂ ਵਿਸਰਦੀ ਮਾਂ ਬੋਲੀ !

    punjabi-language ਮੈਂ ਤੇ ਮੇਰਾ ਦੋਸਤ ਇੱਕ ਰੈਸਟੋਰੈਂਟ ਵਿੱਚ ਬੈਠੇ ਆਪਣੇ ਆਰਡਰ ਦੀ ਉਡੀਕ ਕਰ ਰਹੇ ਸਾਂ।ਸਾਡੇ ਨਾਲ ਦੇ ਟੇਬਲ ਤੇ ਇੱਕ ਮਿਆ ਬੀਬੀ ਤੇ ਓਹਨਾ ਦਾ ਇੱਕ ਛੋਟਾ ਬੱਚਾ ਆ ਕੇ ਬੈਠੇ। ਆਦਮੀ ਸੋਹਣਾ ਸੁਨੱਖਾ ਸਰਦਾਰ ਸੀ ਜਿਸ ਦੇ ਸਿਰ ਤੇ ਸੋਹਣੀ ਦਸਤਾਰ ਸਜਾਈ ਸੀ।ਉਸ ਦੀ ਪਤਨੀ ਵੀ ਸਲਵਾਰ ਸੂਟ ਵਿੱਚ ਸੀ।ਜਦ ਵੇਟਰ ਓਹਨਾ ਦਾ ਆਰਡਰ ਲੈ ਰਿਹਾ ਸੀ ਤਾਂ ਮੇਰਾ ਧਿਆਨ ਇੱਕੋ ਦਮ ਓਹਨਾ ਵੱਲ ਗਿਆ।ਸਰਦਾਰ ਜੀ ਦੀ ਪਤਨੀ ਬੋਲ ਰਹੀ ਸੀ, “ ਬਈਆ ਟੂ ਲਾਰਜ ਕੌਮਬੋ, ਔਰ ਸਾਥ ਮੈਂ ਏਕ ਸੋਫਟ ਡਰਿੰਕ ।“ਜਦ ਵੇਟਰ ਜਾਣ ਲੱਗਾ ਤਾਂ ਸਰਦਾਰ ਜੀ ਬੋਲ ਪਏ, “ ਸਾਥ ਮੈਂ ਸੌਸ ਐਕਸਟਰਾ ਲਾ ਦੇਨਾ।“ਵੇਟਰ ਚਲਾ ਗਿਆ।ਧਿਆਨ ਓਹਨਾ ਵੱਲ ਵੇਖ ਮੇਰੇ ਦੋਸਤ ਮੈਨੂੰ ਬੁਲਾਇਆ,“ ਕੀ ਹੋ ਗਿਆ ਕਿੱਧਰ ਗੁਆਚ ਗਿਆ ਏ ।“
“ਯਾਰ ਏ ਬੰਦਾ ਚੰਗਾ ਭਲਾ ਪੰਜਾਬੀ ਏ, ਬੋਲ ਹਿੰਦੀ ਰਿਹਾ ਏ।“
          “ਓਹੋ, ਓਹ ਭਰਾਵਾ ਵੇਟਰ ਬਾਹਰ ਦਾ ਹੋਣਾ, ਓਸ ਨੂੰ ਪੰਜਾਬੀ ਨਹੀਂ ਆਉਂਦੀ ਹੋਣੀ।“ਮੇਰੇ ਦੋਸਤ ਮੇਰੀ ਗੱਲ ਨੂੰ ਅਣਗੌਲਿਆ ਜਿਹਾ ਕਰ ਦਿੱਤਾ।
“ਓਹ ਆਪਸ ਵਿੱਚ ਵੀ ਅੰਗਰੇਜੀ ਜਾਂ ਹਿੰਦੀ ਵਿੱਚ ਹੀ ਗੱਲ ਕਰ ਰਹੇ ਸੀ।ਓਹ ਔਰਤ ਆਪਣੇ ਬੱਚੇ ਨੂੰ ਕਹਿ ਰਹੀ ਸੀ,“ਬੇਬੀ ਕਯਾ ਖਾਓਗੇ, ਬੱਚੇ ਦਿਸ ਇਜ਼ ਦੈਟ, ਬੱਚੇ ਐਸਾ ਨਹੀਂ ਕਰਤੇ ।
      ਖੈਰ ਅਸੀਂ ਖਾਣਾ ਮੁਕਾ ਬਾਹਰ ਆਏ ਤੇ ਗੱਡੀ ਵੀ ਬੈਠ ਆਪਣੀ ਮੰਜਲਿ ਵੱਲ ਵਧਣ ਲੱਗ ਪਏ। ਪਰ ਮੇਰੇ ਜਿਹਨ ਅੰਦਰ ਵਾਰ ਵਾਰ ਓਹੀਓ ਗੱਲ ਦਸਤਕ ਦੇ ਰਹੀ ਸੀ।
ਆਖਿਰ ਕਿਉਂ!!???
        ਆਖਿਰ ਕਿਉਂ ਅਸੀਂ ਆਪਣੀ ਮਾਂ ਬੋਲੀ ਨੂੰ ਤਰਜ਼ੀਹ ਦੇਣ ਦੀ ਬਜ਼ਾਏ ਹੋਰਨਾਂ ਭਸਾਵਾਂ ਵੱਲ ਕੇਂਦਰਿਤ ਹੋ ਰਹੇ ਹਨ। ਕੀ ਅਸੀਂ ਏਦਾ ਕਰ ਆਪਣੇ ਆਪ ਨੂੰ ਜਿਆਦਾ ਪੜ੍ਹਿਆ ਲਿਖਿਆ ਸਾਬਿਤ ਕਰਨਾ ਚਾਹੁੰਦੇ ਹਾਂ ?
ਮਨ ਅੰਦਰ ਸੋਚਾਂ ਦੀ ਕੜੀ ਨਾਲ ਕੜੀ ਜੁੜਦੀ ਗਈ, ਤੇ ਸਵਾਲਾਂ ਦੇ ਘੇਰੇ ਹੋਰ ਵਧਦੇ ਗਏ ।
ਕਹਿਣ ਨੂੰ ਤਾਂ ਗੱਲ ਗਲਤ ਲਗਦੀ ਹੈ, ਪਰ ਹਕੀਕਤ ਹੈ।ਅਜਕਲ ਦੀ ਨੌਜੁਆਨ ਪੀੜ੍ਹੀ ਖਾਸਕਰ ਵੱਡੇ ਸੈਹਰਾਂ ਵਿੱਚ ਅੰਗਰੇਜੀ ਭਾਸਾ ਦੀ ਬੇਲੋੜੀ ਵਰਤੋਂ ਬਹੁਤ ਕਰਨ ਲੱਗ ਪਏ ਹਨ।ਓਹ ਆਪਣੇ ਕੰਮ ਤੇ ਦਫਤਰ ਵਿਚ ਸਭਨਾਂ ਨਾਲ ਅੰਗਰੇਜੀ ਵਿੱਚ ਗੱੱਲ ਕਰਨਾ ਬੇਹਤਰ ਸਮਝਦੇ ਹਨ, ਤੇ ਆਪਣੇ ਘਰ ਪਰਿਵਾਰ ਨਾਲ ਗੱਲ ਕਰਦੇ ਸਮੇਂ ਅੰਗਰੇਜੀ ਤੋਂ ਮੁੱਖ ਮੋੜ ਹਿੰਦੀ ਉਪਰ ਆ ਜਾਂਦੇ ਹਨ। ਮਾਤ ਭਾਸ਼ਾ ਕਿੱਥੇ ਗਈ? ਇੱਕ ਵੱਡਾ ਸਵਾਲ !
ਪੰਜਾਬ ਦੇ ਕਈ ਮਸ਼ਹੂਰ ਗਾਇਕਾਂ, ਲੇਖਕਾਂ , ਸਾਇਰਾਂ , ਅਦਾਕਾਰਾਂ , ਕਿੰਨਾ ਕੁੱਝ ਲਿਖਿਆ ਗਾਇਆ ਹੈ ।
  “ ਪੰਜਾਬੀਏ ਜੁਬਾਨੇ ਨੀ ਰਕਾਨੇ ਮੇਰੇ ਦੇਸ ਦੀਏ “
 ਗੁਰਮੁਖੀ ਲਿੱਪੀ, ਬੋਲੀ ਪੰਜਾਬੀ ਨੂੰ ਆਪਾਂ ਮਾਂ ਬੋਲੀ ਆਖਦੇ ਹਾਂ।ਜਦ ਕਿਸੇ ਚੀਜ ਨੂੰ ਆਪਾਂ ਮਾਂ ਦਾ ਦਰਜਾ ਹੀ ਦੇ ਦਿੱਤਾ ਤਾਂ ਉਸ ਦਾ ਸਤਿਕਾਰ ਕਰਨਾ ਲਾਜਮੀ ਨਹੀਂ ਆਪਣਾ ਫਰਜ ਹੋਣਾ ਚਾਹੀਦਾ ਹੈ।“ਸਤਿਕਾਰ“ ਇੱਕ ਹੋਰ ਗੱਲ ਮਨ ਅੰਦਰ ਅਟਕੀ।ਮਾਂ ਦਾ ਸਤਿਕਾਰ।ਓਹ ਜਦ ਅਜਕਲ ਦੀ ਯੁਵਾ ਪੀੜ੍ਹੀ ਆਪਣੀ ਅਸਲ ਮਾਂ ਦਾ ਸਤਿਕਾਰ ਨਹੀਂ ਕਰਦੀ ਤਾਂ, ਮਾਂ ਦੇ ਦਰਜੇ ਵਾਲੀ ਚੀਜ ਦਾ ਕਿੱਥੋਂ ਕਰੇਗੀ।
    ਗੱਲ ਮਾਵਾਂ ਦੀ ਚੱਲ ਪਈ ਹੈ ਤਾਂ ਅੱਜ ਦੇ ਸਮੇਂ ਵਿਚ ਆਪਾਂ ਆਮ ਹੀ ਵੇਖਦੇ ਹਾਂ, ਅਜਕਲ ਦੀ ਮਾਡਰਨ ਮਾਂ ਜਦ ਆਪਣੇ ਬੱਚੇ ਨੂੰ ਬੋਲਣਾ ਸਿਖਾਉਂਦੀ ਹੈ ਤਾਂ ਓਹ ਅਕਸਰ ਹੀ ਆਖਦੀ ਹੈ,“ਬੱਚੇ ਦੇਖੋ ਫੈਨ, ਬੇਟਾ ਦੇਖੋ ਚੇਅਰ, ਬੱਚੇ ਮਿਲਕ ਪਿਓ।“ਜੇਕਰ ਇਹ ਸਭ ਗੱਲਾਂ ਆਪਾਂ ਬੱਚੇ ਨੂੰ ਪੰਜਾਬੀ `ਚ ਦੱਸ ਦੇਵਾਂਗੇ ਤਾਂ ਕੀ ਓਹ ਅੰਗਰੇਜੀ ਬਾਅਦ ਵਿੱਚ ਨਹੀਂ ਸਿੱਖ ਸਕਦਾ।ਹੁਣ ਕਈ ਸੋਚਦੇ ਹਨ ਕਿ ਜੇਕਰ ਅੰਗਰੇਜੀ ਬਾਅਦ ਵਿੱਚ ਸਿੱਖੀ ਜਾ ਸਕਦੀ ਹੈ ਤਾਂ ਪੰਜਾਬੀ ਕਿਉ ਨਹੀ। ਗੱਲ ਤਾਂ ਬਿਲਕੁੱਲ ਸਹੀ ਹੈ ਪਰ ਏਦਾ ਬੱਚੇ ਲਈ ਮਾਂ ਬੋਲੀ ਬਦਲ ਜਾਂਦੀ ਹੈ ।
  ਹੁਣ ਸਭ ਤੋਂ ਵੱਡਾ ਤੇ ਸਰਲ ਜਿਹਾ ਸਵਾਲ ਹੈ, ਇੱਦਾਂ ਸਭ ਕਿੳਂੁ ਹੋ ਰਿਹਾ ਹੈ।ਕੀ ਲੋਕ ਆਪਣੀ ਮਾਂ ਬੋਲੀ ਬੋਲਣ ਵਿੱਚ ਸ਼ਰਮ ਮਹਿਸੂਸ ਕਰਦੇ ਹਨ? ਕੀ ਓਹ ਆਪਣਾ ਮਾਣ ਤੇ ਰੁਤਬਾ ਬਣਾਉਣ ਲਈ ਏਦਾ ਬੋਲਦੇ ਹਨ?
    ਜਦ ਆਪਾਂ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਜਾਂਦੇ ਹਨ, ਤਾਂ ਅਸੀ ਬੜੇ ਮਾਣ ਨਾਲ ਆਖਦੇ ਹਾਂ, ਅਸੀਂ ਪੰਜਾਬੀ! ਅਸੀਂ ਪੰਜਾਬ ਦੇ ਜੱਟ! ਮਾਣ ਨਾਲ ਆਖਣ ਵਾਲੀ ਗੱਲ ਵੀ ਹੈ , ਪਰ ਜੇਕਰ ਅਸੀਂ ਇਸ ਦੇ ਬੜੇ ਉੱਚੇ ਤੇ ਸੁੱਚੇ ਰੁਤਬੇ ਨੂੰ ਸੰਭਾਲ ਕੇ ਰੱਖਿਆ ਹੋਵੇ।ਅਸਲ ਵਿੱਚ ਆਪਣਾ ਪੰਜਾਬੀ ਵਿਰਸਾ ਬਹੁਤ ਅਮੀਰ ਤੇ ਉਚੇ ਮਿਆਰ ਵਾਲਾ ਹੈ। ਜੇਕਰ ਪੰਜਾਬ ਦਾ ਅਤੀਤ ਫਰੋਲੀਏ ਤਾਂ ਇਸ ਦੀ ਤਰੀਫ ਦੇ ਕਿੱਸੇ ਲਿਖਦਿਆ ਆਪਾਂ ਇੱਕ ਗ੍ਰੰਥ ਵੀ ਲਿਖ ਸਕਦੇ ਹਾਂ।ਗੱਲ ਮਾਂ ਬੋਲੀ ਦੀ ਕਰੀਏ ਤਾਂ, ਸਾਡੇ ਗੁਰੂ ਸਾਹਿਬਾਨਾਂ ਦੇ ਪਵਿੱਤਰ ਮੁੱਖ ਵਿਚੋਂ ਵਿਚਰੀ, ਇਜ਼ਾਦ ਹੋਈ ਗੁਰਮੁਖੀ ਲਿੱਪੀ ਹੈ।ਜਿਸ ਵਿੱਚ ਬਹੁਤ ਉਮਦਾ ਸਾਹਿਤ, ਲਿਖਤਾਂ, ਵੰਨ ਸੁਵੰਨੇ ਗੀਤ, ਹੋਰ ਬਹੁਤ ਕੁੱਝ ਰਚਿਆ ਗਿਆ ਹੈ, ਜਿਹੜਾ ਕੀ ਵਿਸ਼ਵ ਪ੍ਰਸਿੱਧ ਹੈ।ਤਾਂ ਇਸ ਦੀ ਵਰਤੋਂ ਕਰਦੇ ਸਮੇਂ ਆਪਾਂ ਨੂੰ ਮਾਣ ਦਾ ਮਹਿਸੂਸ ਹੋਣਾ ਚਾਹੀਦਾ ਹੈ।ਜਿਹੜਾ ਵਿਅਕਤੀ ਇਹ ਸਭ ਗੱਲਾਂ ਤੋਂ ਵਾਕਿਫ ਹੈ, ਜਿਹੜਾ ਏਸ ਦੀ ਮਹੱਤਤਾ ਨੂੰ ਸਮਝਦਾ ਹੈ, ਉਸ ਨੂੰ ਤਾਂ ਜਰੂਰ ਮਾਣ ਹੁੰਦਾ ਹੋਵੇਗਾ ।
   ਹੋਰ ਭਾਸਾਵਾਂ ਸਿੱਖਣਾਂ ਕੋਈ ਮਾੜੀ ਗੱਲ ਨਹੀ, ਸਗੋਂ ਆਪਾਂ ਨੂੰ ਵੱਧ ਤੋ ਵੱਧ ਭਾਸ਼ਾਵਾਂ ਸਿੱਖਣੀਆਂ ਚਾਹੀਦੀਆਂ ਹਨ।ਬਸ ਆਪਣੀ ਬੋਲੀ ਤੋਂ ਦੂਰ ਨਹੀ ਹੋਣਾ ਚਾਹੀਦਾ।ਇੱਕ ਬਹੁਤ ਹੀ ਮਸ਼ਹੂਰ ਕਿਤਾਬ ਵਿੱਚ ਲਿਖਿਆ ਹੈ, ਜੇਕਰ ਨੂੰ ਸਰਾਪ ਦੇਣਾ ਹੋਵੇ ਤਾਂ ਉਸ ਨੂੰ ਕਿਹਾ ਜਾਂਦਾ ਹੈ ਤੈਨੂੰ ਆਪਣੀ ਮਾਂ ਬੋਲੀ ਭੁੱਲ ਜਾਵੇ।ਤਾਂ ਜੋ ਤੇਰਾ ਵਜ਼ੂਦ ਹੀ ਮੁੱਕ ਜਾਵੇ। ਇੱਕ ਗੀਤ ਦੇ ਬੋਲ ਹਨ
  “ਮੈਨੂੰ ਇਓ ਨਾ ਮਨੋਂ ਵਿਸਾਰ ਵੇ ਮੈਂ ਤੇਰੀ ਮਾਂ ਦੀ ਬੋਲੀ ਆ “
  ਜੋ ਅੱਜ ਦੇ ਸਮੇਂ `ਤੇ ਬਿਲਕੁੱਲ ਸਹੀ ਢੁੱਕਦਾ ਹੈ।ਪ੍ਰੰਤੂ ਅਜਕਲ ਦੇ ਗੀਤਾਂ ਦੇ ਬੋਲ ਵੀ ਤੇ ਸਿਰਲੇਖ ਵੀ ਜਿਆਦਾਤਰ ਅੰਗਰੇਜੀ ਵਿੱਚ ਹੁੰਦੇ ਹਨ ਤੇ ਸਰੋਤੇ ਓਹਨਾ ਗੀਤਾਂ ਨੂੰ ਪਸੰਦ ਵੀ ਬਹੁਤ ਕਰਦੇ ਹਨ।ਹੈ ਤਾਂ ਗਾਉਣ ਵਾਲੇ ਵੀ ਪੰਜਾਬ ਦੇ, ਲਿਖਣ ਵਾਲੇ ਵੀ ਤੇ ਸੁਨਣ ਵਾਲੇ ਵੀ। ਹੁਣ ਦੋਸ਼ ਕਿਸ ਨੂੰ ਦੇਈਏ।
  ਅਚਾਨਕ ਦੋਸਤ ਨੇ ਆਵਾਜ਼ ਮਾਰੀ, “ਵੀਰ ਉਤਰ ਜਾ ਗੱਡੀ ਚੋਂ, ਵੀ ਹੈਵ ਰੀਚਡ।“ਮੇਰੇ ਅੰਦਰ ਗੱਲਾਂ ਤਾਂ ਬਹੁਤ ਉਠੀਆਂ ਕਹਿਣ ਨੂੰ ਪ੍ਰੰਤੂ ਮੈਂ ਕੁੱਝ ਵੀ ਬੋਲਣ ਦੀ ਹਿੰਤ ਨਾ ਕਰ ਸਕਿਆ।
Manpreet Mani

 

ਮਨਪ੍ਰੀਤ ਮਨੀ
ਬਠਿੰਡਾ।
ਮੋ – 81960 22120   

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply