ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਦੇਵ ਜੀ ਨੇ ਧਾਰਮਿਕ ਤੌਰ ਤੇ ਇਸ ਸੰਸਾਰ ਵਿੱਚ ਬੜਾ ਕੁਝ ਨਵਾਂ ਚਿਤਵਿਆ, ਨਵੀਆਂ ਗੱਲਾਂ ਕੀਤੀਆਂ, ਨਵੇ ਧਰਮ ਨੂੰ ਹੋਂਦ ਵਿੱਚ ਲਿਆਦਾਂ, ਧਰਮ ਦੇ ਨਾਮ ਹੇਠ ਚੱਲ ਰਹੇ ਪਾਖੰਡਾਂ ਤੇ ਅਡੰਬਰਾਂ ਦਾ ਪੜਦਾ ਫਾਸ਼ ਤਾਂ ਕੀਤਾ, ਨਾਲ ਹੀ ਗਲਤ ਚੀਜ਼ਾਂ `ਤੇ ਰੋਕ ਵੀ ਲਾਈ।ਉਨਾਂ ਨੇ ਆਪਣੇ ਸਮੇ ਦੇ ਹਾਕਮਾਂ ਨੂੰ ਜੁਲਮੀ ਤੱਕ ਕਹਿ ਕੇ ਵੰਗਾਰਿਆ।ਠੱਗਾਂ ਨੂੰ ਸੱਜਣ ਬਣਾਇਆ।ਕਿਰਤੀ ਲੋਕਾਂ ਨੂੰ ਗਲ਼ ਨਾਲ ਲਾਇਆ ਤੇ ਲੋਕਾਂ ਦਾ ਹੱਕ ਖਾਣ ਵਾਲਿਆਂ ਨੂੰ ਸਬਕ ਵੀ ਸਿਖਾਇਆ।ਇਹ ਹਨ ਬਾਬੇ ਨਾਨਕ ਨਾਲ ਸਬੰਧਿਤ ਕੁੱਝ ਪ੍ਰਤੱਖ ਗੱਲਾਂ ਬਾਤਾਂ ਜੋ ਉੱਚੇ ਸੁੱਚੇ ਜੀਵਨ ਦਾ ਚਾਨਣ ਬਣ ਸਾਡੇ ਹਨੇਰ ਮਨਾ `ਤੇ ਰੋਸ਼ਨੀ ਕਰ ਚੰਗਾ ਰਸਤਾ ਦੱਸਦੀਆਂ ਹਨ।
ਧੁਰ ਕੀ ਬਾਣੀ, ਰੱਬੀ ਬਾਣੀ ਦੀ ਰਚਨਾ ਰਚ ਕੇ ਗੁਰੂ ਜੀ ਨੇ ਮਹਾਨ ਕਾਰਜ ਕੀਤਾ, ਜੋ ਸਿਰਫ ਉਨਾਂ ਦੇ ਹੀ ਹਿੱਸੇ ਆਇਆ ਤੇ ਮਨੁੱਖਤਾ ਲਈ ਹੁਣ ਤੱਕ ਸਭ ਤੋ ਵੱਡਾ ਵਰਦਾਨ ਹੈ।ਕਿੰਨੀ ਉਚ ਪਾਏ ਦੀ ਵਿਦਵਾਨਤਾ ਹੋਏਗੀ, ਜਿਨਾਂ ਗੁਰਬਾਣੀ ਦਾ ਕਾਵਿਕ ਰੂਪ ਅਨੇਕਾਂ ਰਾਗਾਂ-ਰੰਗਾਂ ਵਿੱਚ ਆਮ ਲੋਕਾਈ ਲਈ ਪੇਸ਼ ਕੀਤਾ।ਇਸ ਨੂੰ ਸਮਝਣ `ਤੇ ਜਿੰਦਗੀ ਚ ਧਾਰਨ ਕਰਨ ਲਈ ਗੁਰੂ ਨਾਨਕ ਦੇਵ ਜੀ ਦੀ ਸਿਖਿਆ `ਤੇ ਚੱਲਣਾ ਬਹੁਤ ਜਰੂਰੀ ਹੈ।ਗੁਰੂ ਜੀ ਰੱਬੀ ਬਾਣੀ ਦੇ ਰੂਪ `ਚ ਸਦਾ ਹੀ ਸਾਡੇ ਚ ਹਾਜ਼ਰ ਨਾਜ਼ਰ ਹਨ ਤੇ ਰਹਿਣਗੇ ਵੀ।
ਪਰ ਜੇ ਬਾਬਾ ਨਾਨਕ ਆਪਣੇ 550 ਸਾਲਾ ਵਿਸੇਸ਼ ਗੁਰਪੁਰਬ `ਤੇ ਆ ਜਾਣ ਤਾਂ ਉਹ ਸਭ ਦੇਖ ਕੇ ਹੈਰਾਨ ਤਾਂ ਹੋਣਗੇ ਹੀ ਨਾਲ ਹੀ ਦੰਗ ਵੀ ਰਹਿ ਜਾਣਗੇ ਕਿ ਮੇਰੇ ਨਾਮ `ਤੇ ਤਾਂ ਉਹੀ ਕੁੱਝ ਹੋ ਰਿਹਾ।ਜਿਸ ਤੋ ਮੈਂ ਖੁਦ ਦੂਰ ਰਿਹਾ।ਇਥੇ ਤਾਂ ਸਭ ਅਡੰਬਰ ਹੀ ਅਡੰਬਰ ਹਨ।ਫਿਰ ਗੁਰਪੁਰਬ ਕਿਹੜੇ ਨਾਨਕ ਦਾ ਮਨਾਇਆ ਜਾ ਰਿਹਾ।ਪਹਿਲਾਂ ਤਾਂ ਮੇਰੇ ਜਨਮ ਦਿਹਾੜੇ ਦੀ ਤਾਰੀਖ ਹੀ ਬਦਲ ਦਿੱਤੀ 14 ਅਪਰੈਲ ਤੋ ਇਹ ਨਵੰਬਰ ਤੱਕ ਪਤਾ ਨਹੀ ਕਿਵੇ ਖਿੱਚ ਲਿਆਂਦਾ।
ਬਾਬਾ ਜੀ ਆਪਣੇ ਨਾਮ ਹੇਠ ਚੱਲ ਰਹੇ ਕਿਸੇ ਵੀ ਗੁਰੂ-ਘਰ ਵਿੱਚ ਜਾਣਗੇ ਤਾਂ ਸ਼ਾਇਦ ਪ੍ਰਬੰਧਕ ਉਨ੍ਹਾਂ ਨੂੰ ਅੰਦਰ ਹੀ ਨਾ ਵੜਨ ਦੇਣ। ਉਹ ਆਖਣਗੇ ਕਿ ਇਹ ਲਿੱਬੜਿਆ ਜਿਹਾ ਬਾਬਾ ਤਾਂ ਜਰੂਰ ਲੱਗ ਰਿਹਾ, ਪਰ ਅੱਜ ਦੇ ਬਾਬਿਆਂ ਵਾਂਗ ਇਸ ਕੋਲ ਮਹਿੰਗੀ ਤੇ ਵੱਡੀ ਗੱਡੀ ਨਹੀ, ਚਿੱਟਾ ਲਿਸ਼ਕਦਾ ਚੋਲ਼ਾ ਨਹੀ, ਹੱਥ ਚ ਮਹਿੰਗਾ ਮੋਬਾਇਲ ਨਹੀ, ਮਾਲ਼ਾ ਨਹੀ, ਵਿਦੇਸ਼ੀ ਸੈਂਟ ਦੀ ਖੁਸਬੋ ਨਹੀ, ਤੌਲੀਏ ਵਾਲਾ ਨਹੀ, ਗੜਬਈ ਨਹੀ, ਨਾਲ ਆਪਣੀ ਸੰਗਤ ਨਹੀ, ਬੀਬੀਆਂ ਵੀ ਨਹੀ, ਕੋਈ ਪੈਰਾਂ `ਚੋਂ ਜੋੜੇ ਲਾਹੁਣ ਵਾਲਾ ਨਹੀ, ਹੋ ਸਕਦਾ ਕੋਈ ਫੱਕਰ ਹੋਵੇ ਚਲੋ ਜਾਣਦੋ ਅੰਦਰ….।
ਬਾਬਾ ਜੀ ਇਹ ਦੇਖ ਕੇ ਸੋਚਣਗੇ ਕਿ ਦੁੱਧਾਧਾਰੀ ਲਿਸ਼ਕਦੇ ਮਾਰਬਲ ਅੰਦਰ ਕਦੋ ਮੇਰਾ ਵਾਸਾ ਹੋ ਗਿਆ।ਸਭ ਤੋਂ ਪਹਿਲਾਂ ਤਾਂ ਬਾਬਾ ਜੀ ਦੇਗ ਵਾਲੀ ਮੁੱਲ ਦੀ ਪਰਚੀ ਦੇਖ ਕੇ ਸੋਚਣਗੇ ਕਿ ਇਹ ਕੀ ਮੇਰੇ ਨਾਮ `ਤੇ ਆ ਕੇ ਮੱਥਾ ਟੇਕਣ ਵਾਲੇ ਨੂੰ ਕੜਾਹ ਵੀ ਪ੍ਰਸਾਦਿ ਕਹਿ ਕੇ ਵੇਚਿਆ ਜਾ ਰਿਹਾ। ਫੇਰ ਦਰਬਾਰ ਸਾਹਿਬ ਵਿੱਚ ਪ੍ਰਵੇਸ਼ ਕਰਨਗੇ ਤਾਂ ਗਲੀਚਿਆਂ ਤੇ ਗਲੀਚੇ ਵਿਛੇ, ਰੰਗ-ਬਰੰਗੀਆਂ ਲਾਈਟਾਂ, ਪੱਖੇ, ਏ.ਸੀ, ਹੀਟਰ, ਜਗਦੀਆਂ ਜੋਤਾਂ, ਵੱਡੇ-ਵੱਡੇ ਚੰਦੋਏ, ਦੋ-ਤਿੰਨ ਜ਼ਿੰਦੇ ਲੱਗੀਆਂ ਵੱਡੀਆਂ ਗੋਲਕਾਂ ਆਦਿ ਦੇਖ ਕੇ ਬਾਬਾ ਜੀ ਜਰੂਰ ਹੀ ਭੁਲੇਖਾ ਖਾਣਗੇ ਕਿ ਮੈਂ ਕਿਸੇ ਗਲਤ ਪਾਸੇ ਤਾਂ ਨਹੀ ਆ ਗਿਆ।ਪਰ ਨਹੀ ਇੱਥੇ ਮੇਰਾ ਨਾਮ ਜਰੂਰ ਉੱਚੀ-ਉੱਚੀ ਜਪਿਆ ਜਾ ਰਿਹਾ।ਹੋਰ ਬਹੁਤ ਨਵੇ ਕਰਮ-ਕਾਂਡ ਹੋ ਰਹੇ ਹਨ ਪਰ ਮੇਰਾ ਸੱਚਾ ਸ਼ੰਦੇਸ ਤਾਂ ਕਈ ਰੁਮਾਲਿਆਂ ਵਿੱਚ ਹੀ ਲਪੇਟ ਕੇ ਰੱਖਿਆ ਹੈ ਤੇ ਜੋ ਆਉਂਦਾ ਹੈ ਉਹ ਰੁਮਾਲਾ ਚੁੱਕ ਬਸ ਮੱਥਾ ਹੀ ਟੇਕਦਾ ਹੈ।
ਸਭ ਅਡੰਬਰ ਤੱਕ ਬਾਬਾ ਜੀ ਸਮਝ ਜਾਣਗੇ ਕਿ ਮੇਰੇ ਨਾਮ `ਤੇ ਵੀ ਵਪਾਰ ਦਾ ਕੰਮ ਵੱਡੇ ਪੱਧਰ `ਤੇ ਕੀਤਾ ਜਾ ਰਿਹਾ।ਧਰਮ ਨੇ ਵਪਾਰੀ ਸੋਚ ਬਣਾ ਲਈ ਹੈ।ਬਰ੍ਹਾਮਣੀ ਪੁਜਾਰੀ ਲਾਣਾ ਹੁਣ ਸਿੱਖੀ ਦੇ ਭੇਸ ਵਿੱਚ ਸੰਗਤਾਂ ਦੀ ਲੁੱਟ ਕਰ ਰਿਹਾ ਹੈ।ਜਿਨਾਂ ਤੋ ਮੈਂ ਵਰਜਿਆ ਸੀ ਉਸ ਤੋਂ ਕਿਤੇ ਵੱਧ ਮਿਲਾਵਟਾਂ ਸਿੱਖ ਧਰਮ ਵਿੱਚ ਆਣ ਵੜੀਆਂ, ਇਹ ਕੰਮ ਕਿਸੇ ਨੇ ਨਹੀ ਮੇਰੇ ਲਾਡਲਿਆਂ ਨੇ ਹੀ ਕੀਤਾ।
ਹੁਣ ਆਪਣੇ ਨਗਰ ਸੁਲਤਾਨ ਪੁਰ ਲੋਧੀ ਦੀ ਫੇਰੀ ਪਾਉਣ ਸਮੇਂ ਬਾਬਾ ਜੀ ਕਿਵੇ ਕਹਿ ਦੇਣਗੇ ਕਿ ਸਿੱਖ ਕੌਮ ਤੇ ਹੋਰ ਲੋਕੀਂ ਸੱਚ ਹੀ ਮੇਰਾ 550ਵਾਂ ਪੁਰਬ ਮਨਾ ਰਹੇ ਹਨ।ਜਦੋ ਉਹ ਦੇਖਣਗੇ ਕਿ ਮੈ ਤਾਂ ਪਵਣੁ ਪਾਣੀ ਨੂੰ ਅਤਿ ਉਚਾ ਦਰਜਾ ਦਿੱਤਾ ਸੀ।ਮੇਰੇ ਵਾਰਸਾਂ ਨੇ ਅੱਜ ਕੁਦਰਤੀ ਸੋਮਿਆਂ ਦਾ ਕੀ ਹਾਲ ਕਰ ਦਿੱਤਾ? ਬਾਬਾ ਜੀ ਦਾ ਸੱਚ ਹੀ ਦਮ ਘੁੱਟੇਗਾ, ਜਦੋਂ ਉਹ ਇਹ ਦੇਖਣਗੇ ਕਿ ਮੇਰੇ ਨਾਮ ਤੇ ਚੱਲ ਰਹੇ ਅਨੇਕਾਂ ਨਗਰ ਕੀਰਤਨਾਂ ਵਿੱਚ ਤਾਂ ਬੰਬ-ਪਟਾਕੇ ਹੀ ਵੱਡੇ ਧਮਾਕੇ ਕਰ ਰਹੇ ਹਨ, ਕੀਰਤਨ ਤਾਂ ਸੁਣਦਾ ਹੀ ਨਹੀ।ਹੋਰ ਦੇਖ ਕੇ ਬਾਬਾ ਜੀ ਕਹਿਣਗੇ ਕਿ ਮੈ ਤਾਂ ਗੱਲ ਹੀ ਇਕੋਅੰਕਾਰ ਭਾਵ ਏਕੇ ਤੋ ਸ਼ਸੁਰੂ ਕੀਤੀ ਸੀ ਤੇ ਸਿੱਖ ਕੌਮ ਤਾਂ ਪਤਾ ਹੀ ਨਹੀ ਕਿੰਨੇ ਧੜਿਆਂ ਵਿੱਚ ਵੰਡੀ ਪਈ ਹੈ।ਧਾਰਮਿਕ ਤੌਰ `ਤੇ ਹੈ ਸੋ ਹੈ, ਪਰ ਮੇਰੇ ਨਾਮ `ਤੇ ਖਾਸ ਦਿਨ ਵੀ ਇਕੱਠੇ ਹੋ ਕੇ ਮੈਨੂੰ ਚੇਤੇ ਨਹੀ ਕਰ ਸਕਦੇ, ਉਝ ਤਾਂ ਮੇਰੇ ਨਾਮ `ਤੇ ਕਰੋੜਾਂ ਖਰਚੇ ਜਾ ਰਹੇ ਹਨ, ਪਰ ਆਪੋ ਆਪਣੀ ਹੳੂਮੈ `ਚ ਸਭ ਲੀਨ ਹਨ।ਫਿਰ ਮੇਰੇ ਗੁਰਪੁਰਬ ਮਨਾਉਣ ਦਾ ਕੀ ਫਾਇਦਾ?
ਬਾਬਾ ਜੀ ਦੀ ਚਲਾਈ ਵਿਸ਼ਾਲ ਲੰਗਰ ਪ੍ਥਾ ਵੱਲ ਜਦ ਬਾਬਾ ਜੀ ਤੱਕਣਗੇ ਤਾਂ ਸੋਚਣਗੇ ਕਿ ਸੰਗਤ ਤੇ ਪੰਗਤ ਵਾਲੇ ਵੰਡ ਕੇ ਛਕਣ ਵਾਲੇ ਫਲਸਫੇ ਦਾ ਕੀ ਬਣਾਤਾ ਜੋ ਗਰੀਬ -ਗੁਰਬੇ ਦੇ ਢਿੱਡ ਦੀ ਗੱਲ ਕਰਦਾ ਸੀ।ਸਪੀਕਰ ਰਾਹੀਂ ਬਾਬਾ ਜੀ ਨੂੰ ਅਣਗਿਣਤ ਤੇ ਬੇਲੋੜੇ ਲੰਗਰਾਂ ਦੀ ਅਵਾਜ਼ ਸੁਣਾਈ ਦੇਵੇਗੀ ਮਟਰ-ਪਨੀਰ, ਬਦਾਮਾਂ ਵਾਲੀ ਖੀਰ, ਗਰਮਾ-ਗਰਮ ਪਕੌੜੇ ਬਰੈਡ, ਲੱਡੂ ਜਲੇਬੀਆਂ, ਦਹੀ ਨਾਲ ਮੇਥੀਆਂ ਵਾਲੀ ਰੋਟੀ, ਲੱਸੀ, ਆਲੂ ਪਰੌਠਾ, ਕੜੀ-ਚੌਲ, ਗੰਨੇ ਦਾ ਰਸ, ਮੱਕੀ ਦੀ ਰੋਟੀ, ਸਰੋਂ ਦਾ ਸਾਗ।ਹੋਰ ਤਾਂ ਹੋਰ ਇੱਕ ਬਾਬੇ ਵਲੋ 550 ਪਕਾਰ ਦੇ ਲੰਗਰ ਪਦਾਰਥ ਦੇਖ ਕੇ ਬਾਬਾ ਨਾਨਕ ਕੀ ਕਹਿਣਗੇ ਬਿਆਨ ਨਹੀ ਕਰ ਸਕਦੇ।
ਥਾਂ ਥਾਂ ਹੋ ਰਹੇ ਕੀਰਤਨ ਦਰਬਾਰ ਅਤੇ ਨਗਰ ਕੀਰਤਨ ਤੱਕ ਕੇ ਬਾਬਾ ਜੀ ਖੁਸ਼ ਹੋਣਗੇ ਕਿ ਮੇਰੀ ਕੌਮ ਮੇਰੇ ਫਲਸਫੇ ਦਾ ਬਹੁਤ ਪ੍ਚਾਰ ਕਰ ਰਹੀ ਹੈ।ਪਰ ਅਸਲ ਕਹਾਣੀ ਕਰਮ-ਕਾਂਡਾਂ ਵਿੱਚ ਉਲਝੀ ਕੌਮ ਨੂੰ ਹੁਣ ਮੈ ਵੀ ਸਮਝਾ ਨਹੀ ਸਕਦਾ।ਅੱਜ ਸਿੱਖ ਪ੍ਚਾਰਕਾਂ ਦੀ ਵੱਡੀ ਗਿਣਤੀ ਤੇ ਸ਼ਾਨਦਾਰ ਪਹਿਰਾਵੇ ਦੇਖ ਗੁਰੂ ਜੀ ਖੁਸ਼ ਹੋਣਗੇ ਨਾਲ ਹੀ ਇਹ ਦੇਖ ਤੜਫਣਗੇ ਕਿ ਜਿਨਾਂ ਧਾਰਮਿਕ ਪਾਖੰਡਾਂ ਤੋ ਮੈਂ ਸਭ ਨੂੰ ਰੋਕਿਆ ਸੀ, ਉਹੀ ਤਾਂ ਮੇਰੇ ਲਾਡਲੇ ਪ੍ਰਚਾਰਕ ਕਰਦੇ ਹਨ ਤੇ ਮੇਰੇ ਨਾਮ ਤੇ ਅਜੀਬ ਭੇਟਾਵਾਂ ਲੈ ਮਾਇਆ ਦੇ ਅੰਬਾਰ ਵੀ ਇਕੱਤਰ ਕਰ ਰਹੇ ਹਨ।ਇਹੀ ਲੋਕ ਧਾਰਮਿਕ ਵੰਡੀਆਂ ਪਾ ਧਰਮ ਦੇ ਠੇਕੇਦਾਰ ਵੀ ਬਣੇ ਬੈਠੇ ਹਨ ਤੇ ਆਪਣੀ ਹੇਠੀ ਹੋਣ `ਤੇ ਦੂਜੇ ਪ੍ਚਾਰਕਾਂ ਦੀ ਜਾਨ ਤੱਕ ਲੈ ਰਹੇ ਹਨ ਇਹ ਲੋਕ ਕਿਸੇ ਪਾਸਿਓਂ ਵੀ ਮੇਰੇ ਧਾਰਮਿਕ ਵਾਰਸ ਨਹੀ ਹੋ ਸਕਦੇ।
ਇੰਨੇ ਅਡੰਬਰ ਤੇ ਧਾਰਮਿਕ ਪਾਖੰਡਬਾਦ ਨੂੰ ਦੇਖ ਕੇ ਬਾਬਾ ਨਾਨਕ ਆਪਣੀ ਸਿੱਖ ਕੌਮ ਤੋਂ ਅਤਿ ਨਿਰਾਸ਼ ਹੋ ਕੇ ਜਰੂਰ ਹੀ ਗੁਪਤਵਾਸ ਹੋ ਜਾਣਗੇ ਤੇ ਆਖਣਗੇ ਜੇ ਇਹੀ ਕੁੱਝ ਕਰਨਾ ਤਾਂ ਸਾਡੇ ਧਾਰਮਿਕ ਦਿਵਸ ਮਨਾਉਣੇ ਬੰਦ ਕਰੋ।
ਬਲਬੀਰ ਸਿੰਘ ਬੱਬੀ
ਮੋ – 70091 07300