ਵਿਆਹ ਵਿੱਚ ਨਾਨਕਾ ਮੇਲ ਦੀ ਆਪਣੀ ਹੀ ਟੌਹਰ ਹੁੰਦੀ ਹੈ।ਅਨੇਕਾਂ ਬੋਲੀਆਂ ਗੀਤ ਇਸ ਰਿਸ਼ਤੇ ਅਧਾਰਿਤ ਪ੍ਰਚੱਲਤ ਹਨ।ਪਰ ਇਸ ਫ਼ਿਲਮ ਵਿੱਚ ਰਿਸ਼ਤਿਆਂ `ਚ ਪਈ ਤਰੇੜ ਸਦਕਾ ਇਹ ਰਿਸ਼ਤੇ ਫਿੱਕੇ ਫਿੱਕੇ ਲੱਗਦੇ ਹਨ।ਕਿਵੇਂ ਪਰਿਵਾਰਕ ਸਾਂਝਾਂ ਇੰਨਾ ਰਿਸ਼ਤਿਆਂ ਨੂੰ ਮੁੜ ਸੁਰਜੀਤ ਕਰਦੀਆਂ ਹਨ, ਇਹ ਇਸ ਫ਼ਿਲਮ ਰਾਹੀਂ ਦਰਸਾਇਆ ਗਿਆ ਹੈ।ਰਿਸ਼ਤਿਆਂ ਦੀ ਸਰਹੱਦ `ਤੇ ਮੋਹ ਦੀ ਦਸਤਕ ਦਿੰਦੀ ਪੰਜਾਬ ਦੀ ਧਰਾਤਲ ਨਾਲ ਜੁੜੀ ਫ਼ਿਲਮ `ਨਾਨਕਾ ਮੇਲ` ਅਜੋਕੇ ਦੌਰ ਦੇ ਪੰਜਾਬੀ ਸਿਨੇਮੇ ਵਿੱਚ ਵਿਸ਼ੇਸ ਅਹਿਮੀਅਤ ਰੱਖਦੀ ਹੈ।ਪੈਸੇ ਦੇ ਹੰਕਾਰ ਅਤੇ ਸਮੇਂ ਦੀ ਚਾਲ ਨੇ ਮਾਮੇ-ਮਾਸੀਆਂ ਦੇ ਰਿਸ਼ਤਿਆਂ ਨੂੰ ਫਿੱਕੇ ਕਰ ਦਿੱਤਾ ਹੈ।ਇਹ ਫ਼ਿਲਮ ਅਜਿਹੇ ਪਰਿਵਾਰਾਂ ਦੀ ਕਹਾਣੀ ਹੈ, ਜੋ ਪੀੜ੍ਹੀ ਦਰ ਪੀੜ੍ਹੀ ਆਪਣੇ ਰਿਸ਼ਤੇਦਾਰਾਂ ਨਾਲ ਨਹੀਂ ਵਰਤਦੇ। ਇਸ ਫ਼ਿਲਮ ਦਾ ਨਾਇਕ ਰੌਸ਼ਨ ਪ੍ਰਿੰਸ ਹੈ ਤੇ ਨਾਇਕਾ ਰੂਬੀਨਾ ਬਾਜਵਾ।
ਜਦ ਰੌਸ਼ਨ ਪ੍ਰਿੰਸ ਦੇ ਵਿਆਹ ਦੀ ਗੱਲ ਤੁਰਦੀ ਹੈ ਤਾਂ ਰਿਸ਼ਤਾ ਕਰਨ ਆਇਆ ਪਰਿਵਾਰ ਦਾ ਮੁਖੀ ਕਹਿੰਦਾ ਹੈ ਕਿ ਸਾਡੀ ਇੱਛਾ ਹੈ ਕਿ ਜਿੱਥੇ ਅਸੀਂ ਆਪਣੀ ਲਾਡਲੀ ਦਾ ਰਿਸ਼ਤਾ ਕਰੀਏ।ਉਨ੍ਹਾਂ ਦਾ ਨਾਨਕਾ ਪਰਿਵਾਰ ਬਹੁਤ ਵੱਡਾ ਹੋਵੇ।ਪਰ ਮੁੰਡੇ ਦਾ ਬਾਪ ਆਪਣੇ ਸਹੁਰਿਆਂ ਨਾਲ ਨਾ ਵਰਤਦਾ ਹੋਣ ਕਰਕੇ ਰਿਸ਼ਤਾ ਅੱਧ ਵਿਚਕਾਰ ਹੀ ਅਟਕ ਜਾਂਦਾ ਹੈ।ਇਸ ਤਰਾਂ ਇਹ ਫ਼ਿਲਮ ਰਿਸ਼ਤਿਆਂ ਦੀ ਅਹਿਮੀਅਤ ਅਤੇ ਸਮਾਜਿਕ ਕਦਰਾਂ ਕੀਮਤਾਂ ਦੀ ਗੱਲ ਕਰਦੀ ਇਕ ਖੂਬਸੁਰਤ ਪਰਿਵਾਰਕ ਫ਼ਿਲਮ ਹੈ।
ਕਾਰ ਪ੍ਰੋਡਕਸ਼ਨ ਦੇ ਬੈਨਰ ਹੇਠ ਬਣੀ ਨਿਰਮਾਤਾ ਅਮਿਤ ਕੁਮਾਰ ਚੌਧਰੀ ਅਤੇ ਰਾਹੁਲ ਚੋਧਰੀ ਦੀ ਇਸ ਫ਼ਿਲਮ ਦੀ ਕਹਾਣੀ ਪ੍ਰਿੰਸਸ ਕੰਵਲਜੀਤ ਸਿੰਘ ਨੇ ਲਿਖੀ ਹੈ।ਜਦਕਿ ਫ਼ਿਲਮ ਦਾ ਨਿਰਦੇਸ਼ਨ ਸਿਮਰਜੀਤ ਸਿੰਘ ਹੁੰਦਲ ਅਤੇ ਪ੍ਰਿੰਸ ਕੇ.ਜੀ ਸਿੰਘ ਨੇ ਦਿੱਤਾ ਹੈ।ਫ਼ਿਲਮ ਵਿਚ ਰੌਸ਼ਨ ਪਿ੍ਰੰਸ, ਰੂਬੀਨਾ ਬਾਜਵਾ, ਸਰਦਾਰ ਸੋਹੀ, ਨਿਰਮਲ ਰਿਸ਼ੀ, ਹੌਬੀ ਧਾਲੀਵਾਲ, ਮਹਾਂਵੀਰ ਭੁੱਲਰ, ਸੁਨੀਤਾ ਧੀਰ, ਗੁਰਮੀਤ ਸਾਜਨ, ਮਲਕੀਤ ਰੌਣੀ, ਰਾਣਾ ਜੰਗ ਬਹਾਦਰ ਰੁਪਿੰਦਰ ਰੂਪੀ, ਸਿਮਰਨ ਸਹਿਜਪਾਲ ਨੇ ਅਹਿਮ ਕਿਰਦਾਰ ਨਿਭਾਏ ਹਨ।ਫ਼ਿਲਮ ਦਾ ਸੰਗੀਤ ਗੁਰਮੀਤ ਸਿੰਘ, ਦੇਸੀ ਕਰਿਊ, ਮਿਊਜ਼ਿਕ ਇੰਮਪਾਇਰ ਨੇ ਦਿੱਤਾ ਹੈ।ਇਹ ਫ਼ਿਲਮ 8 ਨਵੰਬਰ ਨੂੰ ਰਿਲੀਜ਼ ਹੋਵੇਗੀ।
ਹਰਜਿੰਦਰ ਸਿੰਘ ਜਵੰਦਾ
ਮੋ – 94638 28000