Sunday, December 22, 2024

ਸ਼ਰੀਫ਼ ਪਤੀ (ਮਿੰਨੀ ਕਹਾਣੀ)

         “ਕਿੰਨੀ ਵਾਰੀ ਕਿਹਾ ਕਿ ਮੈਂ ਕੱਪੜੇ ਪ੍ਰੈਸ ਕਰ ਰਿਆਂ! ਵਾਰ ਵਾਰ ਇੱਕੋ ਗੱਲ ਕਰੀ ਜਾਂਦੇ ਓ, ‘ਭਾਂਡੇ ਮਾਂਜ ਦਿਓ, ਭਾਂਡੇ ਮਾਂਜ ਦਿਓ, ਮੈਂ ਤਿਆਰ ਹੋਣਾ’।ਹੌਲ਼ੀ ਨਈਂ ਬੋਲਿਆ ਜਾਂਦਾ ਤੁਹਾਡੇ ਕੋਲੋਂ।ਜੇ ਗੁਆਂਢੀਆਂ ਇਹ ਗੱਲ ਸੁਣ ਲਈ, ਤਾਂ ਕੀ ਕਹਿਣਗੇ ਕਿ ਏਦਾ ਨੌਕਰੀ ਕਰਦਾ ਘਰਵਾਲਾ ਭਾਂਡੇ ਵੀ ਮਾਂਜਦਾ!”
ਮੇਰੀ ਤੀਵੀਂ ਧੀਮੀ ਜਿਹੀ ਆਵਾਜ਼ ‘ਚ ਫਿਰ ਕਹਿੰਦੀ ਹੈ, “ਚਲੋ, ਪ੍ਰੈਸ ਕਰਕੇ ਮਾਂਜ ਦਿਓ ਭਾਂਡੇ।ਝਾੜੂ ਪਾਰਟੀ ਤੋਂ ਆ ਕੇ ਲਾ ਲੈਣਾ।ਅੱਜ ਕੱਪੜੇ ਮੈਂ ਆਪੇ ਆ ਕੇ ਧੋ ਲਵਾਂਗੀ।”
    “ਚਲੋ, ਲਾ ਦਿਆਂਗਾ”, ਰੋਜ਼ ਰੋਜ਼ ਦੇ ਕਲੇਸ਼ ਤੋਂ ਖਹਿੜਾਂ ਛੁਡਾਉਣ ਲਈ ਮੈਂ ਆਪਣੀ ਤੀਂਵੀਂ ਨੂੰ ਕਿਹਾ।ਨਾਲੇ ਮੈਂ ਵੀ ਸੋਚਦਾਂ ਕਿ ਜੇ ਨੌਕਰੀ ਕਰਦੀ ਤੀਵੀਂ ਘਰ ਦੇ ਸਾਰੇ ਕੰਮ ਕਰਦੀ ਆ, ਤਾਂ ਬੰਦੇ ਨੂੰ ਕਿਹੜਾ ਕਿਸੇ ਕੁੱਤੇ ਨੇ ਵੱਢਿਆ ਕਿ ਉਹ ਆਪਣੇ ਹੀ ਘਰ ਦਾ ਝਾੜੂ-ਪੋਚਾ ਨਾ ਲਾਵੇ।ਵੈਸੇ ਇੱਕ ਗੱਲ ਕਰਕੇ ਮੈਂ ਆਪਣੀ ਤੀਵੀਂ ਤੇ ਮਾਣ ਬਹੁਤ ਕਰਦਾਂ…ਘਰ ‘ਚ ਭਾਵੇਂ ਕੰਮ ਨਾਲ ਦਬਾ ਰੱਖਦੀ, ਪਰ ਬਾਹਰ ਮੇਰੇੇ ਸੋਹਲੇ ਗਾਉਂਦੀ ਨਹੀਂ ਥੱਕਦੀ।ਅਖੇ ‘ਮੇਰੇ ਸਾਹਬ ਵਰਗਾ ਵੀ ਸਾਹਬ ਕਿਸੇ ਦਾ ਨਈਂ!’
“ਪਤੀ ਦੇਵ ਜੀ, ਹੋ ਗਏ ਤਿਆਰ ਤੁਸੀਂ ਹੁਣ ਕੰਮ ਨਿਪਟਾ ਕੇ?” ਮੈਂ ਜਵਾਬ ਵਿੱਚ ਅਜੇ “ਹਾਂ ਜੀ” ਕਿਹਾ ਹੀ ਸੀ ਕਿ ਮੇਰੀ ਤੀਵੀਂ ਗੈਰਜ਼ ਵਿੱਚੋਂ ਕਾਰ ਵੀ ਕੱਢ ਲਿਆਈ… “ਚਲੋ ਫਿਰ ਚੱਲੀਏ ਪਾਰਟੀ ‘ਚ।”
         ਗੱਲਾਂ-ਬਾਤਾਂ ਕਰਦੇ ਅਸੀਂ ਦੋਨੋਂ ਪਾਰਟੀ ‘ਚ ਪਹੁੰਚ ਗਏ।ਪੂਰੀ ਚਹਿਲ ਪਹਿਲ ਸੀ।ਤੀਂਵੀਂ ਅੱਗੇ ਅੱਗੇ ਤੇ ਮੈਂ ਪਿੱਛੇ ਪਿੱਛੇ।
   “ਤੁਸੀਂ ਇਥੇ ਬੈਠ ਜਾਓ”, ਆਪਣੀਆਂ ਤਿੰਨ ਵਿਆਹੀਆਂ ਸਹੇਲੀਆਂ ਦੇ ਨਾਲ ਬੈਠਦਿਆਂ ਮੇਰੀ ਤੀਵੀਂ ਨੇ ਬੜੇ ਪਿਆਰ ਨਾਲ ਕਿਹਾ।ਮੈਂ ਵੀ ਨਾਲ ਬੈਠ ਗਿਆ।ਪਰ ਸੋਚੀਂ ਪੈ ਗਿਆ ਕਿ ਜੇ ਮੇਰੇ ਕਿਸੇ ਯਾਰ ਨੇ ਦੇਖ ਲਿਆ ਤੇ ਉਹ ਕੀ ਕਹਿਣਗੇ ਕਿ ਰੰਨਾਂ ‘ਚ ਧੰਨਾਂ ਬੈਠਾ! ਪਰ ਕਰਦਾ ਵੀ ਕੀ? ਤੀਵੀਂ ਦੀ ਗੱਲ ਨੀਂ ਮੋੜੀ ਜਾਂਦੀ ਮੇਰੇ ਕੋਲੋਂ।
    “ਆਹ ਕੌਫ਼ੀ ਦੇ ਤਿੰਨ ਕੱਪ ਲੈ ਆਇਓ…ਬਰੈਡ ਸੈਂਡਵਿਚ ਵੀ ਬਹੁਤ ਸਵਾਦ ਲਗਦੇ…ਦੋ ਦੋ ਲੈ ਆਉਣੇ…ਸਵੀਟੀ ਲਈ ਇੱਕ ਕੋਲਡ ਡਰਿੰਕ ਦਾ ਕੱਪ ਤੇ ਮੁਸਕਾਨ ਲਈ ਦੋ ਬਰਫ਼ੀ ਦੇ ਪੀਸ ਵੀ ਫੜ੍ਹ ਲਿਆਇਓ”।ਪਾਰਟੀ ਕਾਹਦੀ, ਬੈਰਿਆਂ ਵਾਲੀ ਸੇਵਾ ਵੀ ਸਾਰੀ ਮੇਰੇ ਕੋਲੋਂ ਕਰਵਾਈ।ਮੇਰੀ ਤੀਂਵੀਂ ਸਮੇਤ ਸਹੇਲੀਆਂ ਬੜੀਆਂ ਖੁਸ਼! ਸਿਫ਼ਤ ਦੇ ਸੋਹਲੇ ਗਾਉਂਦੀਆਂ ਨਹੀਂ ਥੱਕਦੀਆਂ ਸੀ ਮੇਰੇ।ਰੋਮ-ਰੋਮ ਮੇਰਾ ਲੁੱਡੀਆਂ ਪਾਵੇ, ਇਹ ਸੋਹਲੇ ਸੁਣ ਕੇ!
      ਸਵੀਟੀ ਕਹਿੰਦੀ, “ਰੋਮੀਂ, ਤੇਰਾ ਘਰਵਾਲਾ ਸਵੀਟ ਬੜਾ! ਮੇਰਾ ਤੇ ਚਾਹ ਦਾ ਕੱਪ ਚੁੱਕ ਕੇ ਰਾਜ਼ੀ ਨਈਂ ਹੁੰਦਾ!”
ਮੁਸਕਾਨ ਕਹਿੰਦੀ, “ਮੇਰਾ ਘਰ ਵਾਲਾ ‘ਤੇ ਕੋਈ ਪਾਰਟੀ ਆਵੇ ਸਹੀ, ਮੈਨੂੰ ਛੱਡ ਕੇ ਆਪਣੇ ਯਾਰਾਂ ਨਾਲ ਪੈਗ ਲਾਉਣ ਚਲਾ ਜਾਂਦਾ…ਤੇ ਤੇਰਾ? ਵੇਖ ਕਿੰਨੀ ਸੇਵਾਦਾਰੀ ਕਰਦਾ!”।… ਤੇ ਗੁੱਡੋ ਵੀ ਬੋਲ ਪਈ, “ਮੇਰਾ ਘਰਵਾਲਾ ਤੇ ਦੇਸੀ ਈ ਆ…ਫ਼ੋਕੀਆਂ ਫ਼ੜ੍ਹਾਂ ਮਾਰ ਕੇ ਚੁੱਪ ਕਰਾ ਛੱਡਦਾ ਮੈਨੂੰ! ਦਿਲ ਭਾਵੇਂ ਉਥੇ ਡੋਸੇ ਖਾਣ ਨੂੰ ਕਰੇ, ਸਾਰੇ ਟੱਬਰ ਨੂੰ ਪਕੌੜੇ ਖੁਆ ਕੇ ਘਰ ਲੈ ਆਉਂਦਾ ਵਾਪਿਸ।ਖੜੂਸ ਘਰਵਾਲਾ!”।
      ਫਿਰ ਤਿੰਨੋਂ ਇਕੱਠੀਆਂ ਹੀ ਬੋਲ ਪਈਆਂ, “ਰੋਮੀਂ, ਕਰਮਾਂ ਵਾਲੀ ਏਂ ਤੂੰ! ਏਨਾ ਸ਼ਰੀਫ਼ ਪਤੀ ਮਿਲਿਆ!”
ਮੀਸਣਾ ਜਿਹਾ ਬਣ ਕੇ ਸਭ ਸੁਣ ਰਿਹਾਂ ਸਾਂ।ਕੁਤਕੁਤਾਰੀਆਂ ਜਿਹੀਆਂ ਨਿਕਲਦੀਆਂ ਪਈਆਂ ਸੀ ਆਪਣੀਆਂ ਸਿਫ਼ਤਾਂ ਦੇ ਪੁਲ਼ ਸੁਣ ਕੇ…ਪਰ ‘ਸੇਵਾਦਾਰੀ’, ‘ਸ਼ਰੀਫ਼ ਪਤੀ’ ਦੇ ਬੋਲ ਮੇਰੀ ਮਰਦਾਨਗੀ ਨੂੰ ਵੰਗਾਰਦੇ ਜਿਹੇ ਲੱਗਦੇ ਸਨ।ਮੇਰੀ ਤੀਂਵੀਂ ਵੀ ਚੜਗਿੱਲੀਆਂ ਮਾਰਦੀ ਬੜੀ ਫ਼ੁਕਰੀ ‘ਚ ਆਪਣੀਆਂ ਸਹੇਲੀਆਂ ਨੂੰ ਕਹਿੰਦੀ, “ਵਾਰੀ ਵਾਰੀ ਲੈ ਜੋ, ਆਪਣੇ ਜੀਜੇ ਨੂੰ ਆਪਣੇਂ ਘਰੀਂ! ਘਰ ਸਵਰਗ ਬਣਜੂ ਸਾਰਾ!…ਸਹੇਲੀਆਂ ਦਾ ਵੀ ਜਵਾਬ ਸੀ ਕਿ ‘ਲਗਦਾ ਕਰਨਾ ਤਾਂ ਇੰਝ ਈ ਪੈਣਾ?”
ਬੱਸ ਪੈ ਗਿਆ ਪੰਗਾ।ਮੇਰੀ ਵੀ ਅਣਖ ਜਾਗ ਪਈ।ਟੁੱਟ ਪਿਆ ਫਿਰ ਮੈਂ ਵੀ।
     “ਮੈਨੂੰ ਤੇ ਸਾਰੀ ਦੁਨੀਆ ਈ ਔਰਤ ਪ੍ਰਧਾਨ ਲਗਦੀ! ਸ਼ਰੀਫ਼ ਹੋਣਾ ਕੀ ਮੇਰਾ ਕੋਈ ਗੁਨਾਹ ਬਣ ਗਿਆ? ਮੈਂ ਕੋਈ ਬਾਜ਼ਾਰ ਵਿਕਦੀ ਵਸਤੂ ਨਈਂ, ਜਿਹੜੀ ਮਰਜ਼ੀ ਮੈਨੂੰ ਆਪਣੇ ਘਰ ਲੈ ਜਾਏ! ਮੈਂ ਵੀ ਜਿਊਂਦਾ ਜਾਗਦਾ ਮਰਦ ਆਂ! ਪਤੀ ਖੜੂਸ ਵੀ ਮਾੜਾ।ਐਬੀ ਤਾਂ ਹੈ ਈ ਮਾੜਾ।…ਸ਼ਰਾਬੀ ਵੀ ਮਾੜਾ…ਤੇ ਆ ਸ਼ਰੀਫ਼ ਪਤੀ?… ! ਚੰਗਾ ਤੇ ਇਹ ਵੀ ਨਾ ਹੋਇਆ! ਸੱਪ ‘ਚ ਜ਼ਹਿਰ ਨਾ ਹੋਵੇ ਨਾ, ਤਾਂ ਤੁਹਾਡੇ ਵਰਗੀਆਂ ਤੀਂਵੀਂਆਂ ਗਾਨੀ ਦੀ ਥਾਂ ਗਲ਼ੇ ‘ਚ ਜਿਊਂਦੇ ਸੱਪਾਂ ਦਾ ਸ਼ਿੰਗਾਰ ਕਰਕੇ ਆਉਂਦੀਆਂ ਇਹੋ ਜਿਹੀਆਂ ਪਾਰਟੀਆਂ ‘ਚ!”
        “ਚੱਲ ਉਠ ਇੱਥੋਂ! ਮੈਂ ਬੰਦਾ ਆਂ ਕਿ ਵਸਤੂ?” ਆਪਣੀਂ ਤੀਂਵੀਂ ਦੀ ਬਾਂਹ ਫੜੀ ਤੇ ਪਾਰਟੀ ‘ਚੋਂ ਬਾਹਰ ਆ ਗਿਆ ਮੈਂ।ਸਹੇਲੀਆਂ ਹੱਕੀਆਂ ਬੱਕੀਆਂ ਜਿਹੀਆਂ ਸੋਚਦੀਆਂ ਹੀ ਰਹਿ ਗਈਆਂ।ਮਨ ਹੀ ਮਨ ‘ਚ ਤੀਵੀਂ ਤੋਂ ਡਰਦਿਆਂ ਫਿਰ ਕਹਿਣਾਂ ਹੀ ਪੈ ਗਿਆ, “ਐਵੇਂ ਗੁੱਸਾ ਨਾ ਕਰਿਓ! ਕੰਬਖ਼ਤ ਮਰਦ ਪਤਾ ਨਈਂ ਕਿੱਥੋਂ ਜਾਗ ਪਿਆ ਸੀ ਅੰਦਰੋਂ?”ਤੀਵੀਂ ਭਾਵੇਂ ਔਖੀ ਔਖੀ ਝਾਕਦੀ ਸੀ ਮੇਰੇ ਵੱਲ, ਪਰ ਧੱਕੇ ਨਾਲ ਈ ਮੈਂ ਬਾਂਹ ‘ਚ ਬਾਂਹ ਪਾਈ ਤੇ ਪਤਨੀ ਨੂੰ ਇਹ ਕਹਿ ਕੇ ਕਿ ‘ਛੇਤੀ ਚਲੋ ਘਰ ‘ਚ ਝਾੜੂ ਵੀ ਲਾਉਣਾ ਜਾ ਕੇ’ ਅਸੀਂ ਘਰ ਵਾਪਿਸ ਆ ਗਏ।ਝਾੜੂ ਲਾਉਂਦੇ ਸਾਰ ਈ ਤੀਂਵੀਂ ਫਿਰ ਬਾਗ਼ੋ-ਬਾਗ਼!

Paramjit Kalsi Btl

 

 

ਡਾ. ਪਰਮਜੀਤ ਸਿੰਘ ਕਲਸੀ
(ਸਟੇਟ ਅਤੇ ਨੈਸ਼ਨਲ ਐਵਾਰਡੀ),
ਲੈਕਚਰਾਰ ਪੰਜਾਬੀ, ਜਿਲਾ ਗੁਰਦਾਸਪੁਰ।
ਮੋ – 70689 00008

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply