ਕਰੀਏ ਵਿੱਦਿਆ ਦੀ ਜੈਕਾਰ, ਜਿਸ ਦੇ ਬੇਸ਼ੁਮਾਰ ਉਪਕਾਰ।
ਅਨਪੜ੍ਹ ਸਦਾ ਹੀ ਫਾਡੀ ਰਹਿੰਦਾ, ਪੱਲੇ ਪੈਂਦੀ ਹਾਰ।
ਵਿੱਦਿਆ ਧਨ ਹੈ ਐਸਾ, ਜਿਸ ਨੂੰ ਚੋਰ ਚੁਰਾ ਨਹੀਂ ਸਕਦਾ
ਅੱਗ ਵੀ ਸਾੜ ਨਾ ਸਕਦੀ ਜੀਹਨੂੰ, ਪਾਣੀ ਸਕੇ ਨਾ ਠਾਰ।
ਬਿਨ ਵਿੱਦਿਆ ਦੇ ਕੁੱਝ ਨਾ ਦਿਸੇ, ਜਾਪੇ ਘੁਪ ਹਨੇਰਾ
ਇਹਦੀ ਇੱਕ ਚਿਣਗ ਨਾਲ ਹੋ `ਜੇ, ਰੌਸ਼ਨ ਕੁੱਲ ਸੰਸਾਰ।
ਪੜ੍ਹ ਕੇ ਵਿੱਦਿਆ ਸੇਵਾ ਕਰੀਏ, ਮਾਣ ਨਾ ਕਰੀਏ ਖ਼ੁਦ `ਤੇ
ਏਹੋ ਉਚੀ ਭਗਤੀ, ਏਹੋ ਗੁਰੂ ਗ੍ਰੰਥ ਦਾ ਸਾਰ।
ਕੁੜੀਆਂ ਨੂੰ ਵੀ ਵਿੱਦਿਆ ਵੰਡੀਏ, ਦੱਸੀਏ ਇਹਦੀ ਸ਼ਕਤੀ
ਨਿਰਅੱਖਰਾਂ ਨੂੰ ਸਾਖਰ ਕਰੀਏ, ਲਓ ਉਨ੍ਹਾਂ ਦੀ ਸਾਰ।
ਲੋਭ-ਲਾਲਚ ਨੂੰ ਦਿਲੋਂ ਮਿਟਾਈਏ, ਪੜ੍ਹੀਏ ਵਿੱਦਿਆ ਐਸੀ
ਵਿੱਦਿਆ-ਦਾਨ ਜੋ ਕਰਦੇ, ਹੁੰਦਾ ਹਰ ਥਾਂ ਉਸ ਦਾ ਸਤਿਕਾਰ।
ਬੱਚੇ ਸਾਰੇ ਦੇਸ਼ ਦੇ ਮੇਰੇ, ਪੜ੍ਹਨਾ-ਲਿਖਣਾ ਸਮਝਣ
ਕਰਾਂ ਦੁਆ ਸਭ ਨੂੰ ਮਿਲ ਜਾਵੇ, ਵਿੱਦਿਆ ਦਾ ਅਧਿਕਾਰ।
ਬਣ ਅਧਿਆਪਕ ਚਾਨਣ ਵੰਡਾਂ, ਮਹਿਕਾਂ ਤੇ ਮਹਿਕਾਵਾਂ
ਕਦੇ ਨਾ ਹਉਮੈ ਨੇੜੇ ਆਵੇ, ਬਖਸ਼ੀਂ ਹੇ ਕਰਤਾਰ!
ਆਓ, ਸਾਰੇ ਘਰ ਵਿੱਚ ਆਪਾਂ, ਬਾਲੀਏ ਵਿਦਿਆ ਦੀਵੇ
ਅਰਥ ਜੋ ਇਹਦਾ ਜਾਣੇ, ਹੋਵੇ ਉਹਦੀ ਜੈ-ਜੈ ਕਾਰ।
`ਰੂਹੀ` ਵਾਂਗਰ ਸਾਰੇ ਮੰਨੀਏ, ਵਿਦਿਆ ਨੂੰ ਇਕ ਗਹਿਣਾ
ਪੜ੍ਹ ਕੇ ਉਚੀ ਮੰਜ਼ਿਲ ਪਾਈਏ, ਬਣੀਏ ਖ਼ੁਦਮੁਖ਼ਤਾਰ।
ਪ੍ਰੋ. ਨਵ ਸੰਗੀਤ ਸਿੰਘ
ਤਲਵੰਡੀ ਸਾਬੋ, ਬਠਿੰਡਾ।
ਮੋ – 94176 92015