ਕਿੱਥੇ ਗਈਆਂ ਸੱਥਾਂ ਕਿੱਥੇ ਗਏ ਅਖਾੜੇ ਨੇ
ਮੁਹੱਬਤਾਂ ਦੇ ਵਿੱਚ ਪੈ ਗਏ ਪੁਆੜੇ ਨੇ
ਰਲ਼ ਬਹਿਣ ਨਾ ਹੁਣ ਲੋਕ ਸਿਆਣੇ
ਮਾਰ ਕੇ ਉਡਾਰੀ ਉਡ ਗਏ, ਉਡ ਗਏ ਜ਼ਮਾਨੇ ਪੁਰਾਣੇ…….
ਬੋਹੜ-ਪਿੱਪਲ ਛਾਂ ਵਾਲੇ ਗਏ ਹੁਣ ਵਿਕ ਨੇ
ਖੂਹ ਹੁਣ ਕਰਦੇ ਨਾ ਹੀ ਟਿਕ-ਟਿਕ ਨੇ
ਬੜੇ ਔਖੇ ਨੇ ਦਿਨ ਉਹ ਭੁਲਾਣੇ
ਮਾਰ ਕੇ ਉਡਾਰੀ ਉਡ ਗਏ, ਉਡ ਗਏ ਜ਼ਮਾਨੇ ਪੁਰਾਣੇ…….
ਨਾ ਰਿਹਾ ਲਹਿੰਗਾ ਨਾ ਹੀ ਰਿਹਾ ਹੁਣ ਘੱਗਰਾ
ਰਿਹਾ ਨਾ ਹੀ ਜੱਟੀ ਉਤੇ ਰੂਪ ਹੁਣ ਸੱਜ਼ਰਾ
ਹੁਣ ਤਾਂ ਸੁਣਦੇ ਬੇਕਾਰ ਜਿਹੇ ਗਾਣੇ
ਮਾਰ ਕੇ ਉਡਾਰੀ ਉਡ ਗਏ, ਉਡ ਗਏ ਜ਼ਮਾਨੇ ਪੁਰਾਣੇ…….
ਜੱਟ ਨਹੀਂ ਜਾਂਦਾ ਮੇਲੇ ਵਿੱਚ ਬਣ ਟੋਲੀਆਂ
ਭੰਗੜਾ ਨਾ ਪੈਂਦਾ ਨਾ ਹੀ ਪੈਣ ਉਥੇ ਬੋਲੀਆਂ
ਇਥੇ ਚੱਲ ਪਏ ਨਵੇਂ ਹੀ ਬਾਣੇ
ਮਾਰ ਕੇ ਉਡਾਰੀ ਉਡ ਗਏ, ਉਡ ਗਏ ਜ਼ਮਾਨੇ ਪੁਰਾਣੇ…….
ਮੀਂਹ ਚਾਹੇ ਪੈਦਾਂ ਹੈ ਲੱਖ ਹੁਣ ਸਾਉਣ ਨੂੰ
ਤਰਸਦਾ ਪਿੱਪਲ ਵੀ ਹੈ ਪੀਂਘਾਂ ਪਾਉਣ ਨੂੰ
ਇੱਥੇ ਵਰਤ ਗਏ ਨਵੇਂ ਹੀ ਭਾਣੇ
ਮਾਰ ਕੇ ਉਡਾਰੀ ਉਡ ਗਏ, ਉਡ ਗਏ ਜ਼ਮਾਨੇ ਪੁਰਾਣੇ…….
ਰਿਸ਼ਤਿਆਂ-ਨਾਤਿਆਂ `ਚ ਪੈ ਗਈ ਵੰਡ ਹੈ
ਪੈਸੇ ਵਾਲੀ ਭਾਰੀ ਹੋਈ ਇੱਥੇ ਹੁਣ ਪੰਡ ਹੈ
ਮੌਜਾਂ ‘ਬੱਬੀ’ ਵਾਂਗ ਕੋਈ-ਕੋਈ ਮਾਣੇ
ਮਾਰ ਕੇ ਉਡਾਰੀ ਉਡ ਗਏ, ਉਡ ਗਏ ਜ਼ਮਾਨੇ ਪੁਰਾਣੇ…….
ਬਲਬੀਰ ਸਿੰਘ ਬੱਬੀ
ਮੋ – 70091 07300