ਲੌਂਗੋਵਾਲ, 27 ਦਸੰਬਰ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਕੜਾਕੇ ਦੀ ਪੈ ਰਹੀ ਠੰਡ ਦੇ ਚੱਲਦੇ ਧੁੰਦ ਦੇ ਪ੍ਰਕੋਪ ਕਾਰਨ ਸੜਕੀ ਹਾਦਸਿਆਂ ਵਿੱਚ ਹੋ ਰਹੇ ਵਾਧੇ ਨੂੰ ਧਿਆਨ ਵਿੱਚ ਰੱਖਦਿਆਂ ਐਸ.ਐਸ.ਪੀ ਡਾ. ਸੰਦੀਪ ਗਰਗ, ਸ੍ਰੀਮਤੀ ਬਿੰਦੂ ਵਾਲਾ ਡੀ.ਐਸ.ਪੀ ਟ੍ਰੈਫਿਕ ਅਤੇ ਇੰਸਪੈਕਟਰ ਤੇਜਿੰਦਰ ਸਿੰਘ ਜਿਲਾ ਟਰੈਫਿਕ ਇੰਚਾਰਜ ਸੰਗਰੂਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਟ੍ਰੈਫਿਕ ਇੰਚਾਰਜ ਗੁਰਤੇਜ ਸਿੰਘ ਵਲੋਂ ਸਾਂਝ ਕੇਂਦਰ ਦੀ ਮਦਦ ਨਾਲ ਸ਼ਹਿਰ ਅੰਦਰ ਵੱਖ-ਵੱਖ ਥਾਵਾਂ ‘ਤੇ ਨਾਕੇਬੰਦੀ ਕਰਕੇ ਵਾਹਣਾਂ ਉਪਰ ਰਿਫ਼ਲੈਕਟਰ ਲਗਾਏ ਗਏ।ਸਾਂਝ ਕੇਂਦਰ ਦੇ ਇੰਚਾਰਜ ਜਗਵਿੰਦਰ ਸਿੰਘ ਵੀ ਹਾਜ਼ਰ ਸਨ। ਸਥਾਨਕ ਜਾਖਲ ਸੁਨਾਮ ਬਾਈਪਾਸ ਰੋਡ ‘ਤੇ ਵਹੀਕਲਾਂ ਤੇ ਰਿਫਲੈਕਟਰ ਲਾਉਣ ਦੀ ਸ਼ੁਰੂਆਤ ਕਰਦਿਆਂ ਡੀ.ਐਸ.ਪੀ ਬੂਟਾ ਸਿੰਘ ਗਿਲ ਅਤੇ ਥਾਣਾ ਇੰਚਾਰਜ ਸੁਰਿੰਦਰ ਸਿੰਘ ਨੇ ਕਿਹਾ ਕਿ ਧੁੰਦ ਦੇ ਮੌਸਮ ਵਿਚ ਹਰ ਵਾਹਣ ‘ਤੇ ਰਿਫਲੈਕਟਰ ਦਾ ਹੋਣਾ ਜ਼ਰੂਰੀ ਹੈ ਕਿਉਂਕਿ ਧੁੰਦ ਦੇ ਮੌਸਮ ਵਿੱਚ ਰਿਫਲੈਕਟਰ ਨਾਲ ਆਉਣ ਜਾਣ ਵਾਲੇ ਵਾਹਣ ਦਾ ਪਤਾ ਲੱਗ ਜਾਂਦਾ ਹੈ ਜਿਸ ਨਾਲ ਦੁਰਘਟਨਾ ਹੋਣ ਦਾ ਖ਼ਤਰਾ ਨਹੀਂ ਰਹਿੰਦਾ।ਬੂਟਾ ਸਿੰਘ ਗਿੱਲ ਨੇ ਕਿਹਾ ਕਿ ਟ੍ਰੈਫਿਕ ਨਿਯਮਾਂ ਦਾ ਪਾਲਣ ਕਰਕੇ ਕਿਸੇ ਵੀ ਤਰ੍ਹਾਂ ਦੀ ਸੰਭਾਵੀ ਸੜਕੀ ਦੁਰਘਟਨਾ ਤੋਂ ਬਚਿਆ ਜਾ ਸਕਦਾ ਹੈ । ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਉਹ ਸ਼ਰਾਬ ਪੀ ਕੇ ਗੱਡੀ ਨਾ ਚਲਾਉਣ, ਕਾਰ ਵਿੱਚ ਸੇਫਟੀ ਬੈਲਟ ਲਗਾਉਣ ਅਤੇ ਸਕੂਟਰ, ਮੋਟਰਸਾਈਕਲ ਚਲਾਉਂਦੇ ਸਮੇੇਂ ਹੈਲਮੈਟ ਜਰੂਰ ਪਾਉਣ ਅਤੇ ਆਪਣੇ ਕਾਗਜ਼ਾਤ ਪੂਰੇ ਰੱਖਣ।
ਉਨ੍ਹਾਂ ਸਮਾਜ ਸੇਵੀ ਸੰਸਥਾਵਾਂ ਨੂੰ ਵੀ ਅਪੀਲ ਕੀਤੀ ਕਿ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਦੀ ਜਾਣਕਾਰੀ ਦੇ ਕੇ ਵਹੀਕਲਾਂ ‘ਤੇ ਰਿਫਲੈਕਟਰ ਲਗਵਾਉਣ।ਟ੍ਰੈਫਿਕ ਇੰਚਾਰਜ ਗੁਰਤੇਜ ਸਿੰਘ ਨੇ ਕਿਹਾ ਕਿ ਗੱਡੀਆਂ ਦੇ ਸ਼ੀਸ਼ੇ ਕਾਲੇ ਕਰਨ, ਪ੍ਰੈਸ਼ਰ ਹਾਰਨ ਦੀ ਵਰਤੋਂ ਕਰਨ ਅਤੇ ਬੁਲਟ ਦੇ ਪਟਾਕੇ ਪਾਉਣ ਤੇ ਹੋਰ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ।