Friday, November 22, 2024

ਬਾਣੀ ਨਾਨਕ ਦੀ….

ਮੇਰੀ ਕਲਮ ‘ਚ ਨਹੀਂ ਇਹ ਤਾਕਤ,
ਕਿਵੇਂ ਕਰੇਗੀ ਬਾਬਾ ਬਿਆਨ ਤੇਰਾ।
ਤੂੰ ਮੇਰੀ ਬੁੱਧ ਨੂੰ ਸ਼ੁੱਧ ਜੇ ਕਰ ਦੇਵੇਂ,
ਭੁੱਲਾਂ ਕਦੇ ਨਾ ਮੈਂ, ਅਹਿਸਾਨ ਤੇਰਾ।
ਖਿੱਚ ਤੇਰੇ ਦੀਦਾਰ ਦੀ ਮਨ ਅੰਦਰ,
ਕਿਸ ਅੱਖ਼ਰੀਂ ਕਰਾਂ ਸਨਮਾਨ ਤੇਰਾ।
ਮਾਣ ਬਖ਼ਸ਼ਿਓ ਮੇਰੀ ਕਲਮ ਤਾਈਂ,
ਲਿਖ ਥੱਕਾਂ ਨਾ ਕਦੇ ਫੁਰਮਾਨ ਤੇਰਾ।

ਆਦਿ ਸਚ ਜੁਗਾਦਿ ਵੀ ਸੱਚ ਹੋਸੀ,
ਗੁਰੂ ਨਾਨਕ ਦਾ ਸੋਹਣਾ ਸ਼ਬਦ ਸੱਚਾ।
ਬਾਣੀ ਨਾਨਕ ਦੀ ਬੜੀ ਪ੍ਰਤੱਖ ਲੋਕੋ,
ਜੇ ਸੱਚਾ ਤਾਂ, ਬਾਣੀ ਦਾ ਅਦਬ ਸੱਚਾ।

ਘੋਰ ਪਾਪ ‘ਤੇ ਕੂੜ ਨੇ ਅੱਤ ਚੁੱਕੀ,
ਹਨੇਰੀ ਕਹਿਰ ਦੀ ਚੜ੍ਹੀ ਹਰ ਪਾਸੇ।
ਮਨ ਮੈਲੇ, ਦਿਲਾਂ ‘ਚ ਦੂਜ ਵਧ ਗਈ,
ਬਾਬਰ ਬਾਣੀ ਪੜ੍ਹੀ ਗਈ ਹਰ ਪਾਸੇ।
ਊਚ-ਨੀਚ ਦਾ ਹਰ ਥਾਂ ਬੋਲ-ਬਾਲਾ,
ਝੁੱਰੀ ਫੜੀ ਕਿ ਸਾਈਆਂ ਹਰ ਪਾਸੇ।
ਦੁੱਖ-ਦਰਦ ਨਾ ਕਿਸੇ ਦਾ ਕੋਈ ਜਾਣੇ,
ਨਫ਼ਰਤ ਦਿਲਾਂ ‘ਚ ਘੜੀ ਹਰ ਪਾਸੇ।

ਰਾਇ ਭੋਇ ਤਲਵੰਡੀ ਦੀ ਜੂਹ ਅੰਦਰ,
ਤ੍ਰਿਪਤਾ ਮਾਤਾ ਨੇ, ਜੱਗ ਨੂੰ ਭਾਗ ਲਾਏ।
ਗੁਰੁ ਨਾਨਕ ਜੀ ਪਰਗਟੇ ਜੱਗ ਅੰਦਰ,
ਅੰਬਰ ਵਿਚ, ਹਵਾਵਾਂ ਨੇ ਰਾਗ ਗਾਏ।

ਭੈਣ ਨਾਨਕੀ ਚਾਵਾਂ ‘ਚ ਹੋਈ ਦੂਣੀ,
ਪਿਤਾ ਕਾਲੂ ਦੀ ਹੋਈ ਸੀ ਆਸ ਪੂਰੀ।
ਪਰੀਆਂ, ਦੇਵਤੇ, ਪੀਰ-ਪੈਗੰਬਰਾਂ ਦੀ,
ਵਾਹਿਗੁਰੂ ਨੇ ਕੀਤੀ ਅਰਦਾਸ ਪੂਰੀ ।
ਤੇਰਾਂ-ਤੇਰਾਂ ਹੀ ਕਰ ਉਹ ਤੋਲਦਾ ਸੀ,
ਗਰੀਬਾਂ ਵਾਸਤੇ ਹੋਈ ਸੀ ਰਾਸ ਪੂਰੀ।
ਬਾਬਰ ਬਾਣੀ ਦਾ ਭੋਗ ਸੀ ਪੈਣ ਲੱਗਾ,
ਲਿਤੜੇ ਲੋਕਾਂ ਦੀ ਹੋਈ, ਖ਼ਾਹਿਸ਼ ਪੂਰੀ।

ਚਾਨਣ ਪ੍ਰੇਮ ਦਾ, ਵੰਡਿਆ ਹਰ ਪਾਸੇ,
ਸਿੱਧੇ ਰਾਹੇ ਸੀ, ਪਾਂਵਦੇ, ਭੁੱਲਿਆਂ ਨੂੰ।
ਭਾਈ ਲਾਲੋ ਦੇ ਘਰ ਨੂੰ, ਭਾਗ ਲਾਏ,
ਛੱਡਕੇ ਮਲਕ ਦੇ ਖਾਣੇ, ਵਡਮੁੱਲਿਆਂ ਨੂੰ।
ਚੜ੍ਹਦੇ, ਲਹਿੰਦੇ ਤੇ ਦੱਖਣ-ਪਹਾੜ ਵੱਲੇ,
ਕਈ ਕੌਤਕ ਸੀ ਕਰਦਾ ਰਿਹਾ ਨਾਨਕ।
ਸੱਚਾ ਸੌਦਾ ਸੀ, ਭੁੱਖਿਆਂ ਸਾਧੂਆਂ ਲਈ
ਪੇਟ ਭੁੱਖਿਆਂ ਦੇ ਭਰਦਾ ਰਿਹਾ ਨਾਨਕ।
ਜ਼ਬਰ-ਜੁਲਮ ਦੀ ਚੱਕੀ ਨੂੰ ਪੀਸਦੇ ਰਹੇ,
ਜੋਖ਼ਮ ਜੇਹਲ ਦੇ ਜਰਦਾ ਰਿਹਾ ਨਾਨਕ।
ਹੰਕਾਰ ਵਲੀ ਕੰਧਾਰੀ ਦਾ ਤੋੜਿਆ ਸੀ,
ਸੱਚੀ ਸੋਚ ‘ਤੇ, ਖੜ੍ਹਦਾ ਰਿਹਾ ਨਾਨਕ।

ਚਾਰੇ ਕੂੰਟਾਂ ਦੀ ਯਾਤਰਾ, ਕਰਨ ਪਿਛੋਂ,
ਕਰਤਾਰਪੁਰ ਵਿਚ ਆ ਕੇ ਕਰੀ ਖੇਤੀ।
‘ਸੁਹਲ’ ਕਿਰਤ ਕਮਾਈ ਰਹੇ ਕਰਦੇ,
ਤਾਂ ਹੀ ਉਨ੍ਹਾਂ ਦੀ, ਸੀ ਹਰੀ-ਭਰੀ ਖੇਤੀ।

Malkiat Singh 'Sohal'

 

 

 

ਮਲਕੀਅਤ ‘ਸੁਹਲ’
ਗੁਰਦਾਸਪੁਰ।
ਮੋ – 98728 48610

Check Also

ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ

ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …

Leave a Reply