Thursday, September 19, 2024

500 ਸਿੱਖਾਂ ਨੂੰ ਬੇਦਖ਼ਲ ਕਰਨ ਦੀਆਂ ਰਿਪੋਰਟਾਂ `ਤੇ ਕੈਪਟਨ ਅਮਰਿੰਦਰ ਨੇ ਕਮਲ ਨਾਥ ਨਾਲ ਕੀਤੀ ਗੱਲ

ਤੱਥਾਂ ਦੀ ਖੋਜ ਲਈ ਪੰਜਾਬ ਦੇ ਮਾਲ ਮੰਤਰੀ ਦੀ ਅਗਵਾਈ ‘ਚ ਮੱਧ ਪ੍ਰਦੇਸ਼ ਜਾਵੇਗੀ ਟੀਮ

ਚੰਡੀਗੜ, 10 ਜਨਵਰੀ (ਪੰਜਾਬ ਪੋਸਟ ਬਿਊਰੋ) – ਮੱਧ ਪ੍ਰਦੇਸ਼ ਵਿੱਚ ਅਨੁਸੂਚਿਤ ਜਾਤੀ ਦੇ ਕਬਾਇਲੀ ਬਲਾਕ `ਚੋਂ 500 ਸਿੱਖਾਂ ਨੂੰ ਬੇਦਖ਼ਲ ਕਰਨ ਦੀਆਂ Capt. Amarinder Singhਰਿਪੋਰਟਾਂ `ਤੇ ਚਿੰਤਾ ਜ਼ਾਹਰ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ੁਕਰਵਾਰ ਨੂੰ ਇਸ ਮਾਮਲੇ ਸਬੰਧੀ ਤੱਥਾਂ ਦੀ ਪੜਤਾਲ ਅਤੇ ਪਤਾ ਲਾਉਣ ਲਈ ਵਫ਼ਦ ਭੇਜਣ ਦਾ ਫੈਸਲਾ ਕੀਤਾ ਹੈ ਅਤੇ ਇਹ ਵੀ ਯਕੀਨੀ ਬਣਾਉਣ ਲਈ ਕਿਹਾ ਕਿ ਬੇਦਖ਼ਲ ਕੀਤੇ ਸਿੱਖ ਬੇਘਰ ਨਾ ਹੋਣ ਜਾਂ ਉਨਾਂ ਨੂੰ ਕੋਈ ਪ੍ਰੇਸ਼ਾਨੀ ਪੇਸ਼ ਆਵੇ।
ਕੈਪਟਨ ਅਮਰਿੰਦਰ ਸਿੰਘ ਨੇ ਇਸ ਮੁੱਦੇ ਸਬੰਧੀ ਟੈਲੀਫੋਨ `ਤੇ ਗੱਲਬਾਤ ਦੌਰਾਨ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਕਮਲ ਨਾਥ ਨੂੰ ਆਪਣੇ ਇਸ ਫੈਸਲੇ ਬਾਰੇ ਜਾਣੂੰ ਕਰਵਾਇਆ।
ਪੰਜਾਬ ਦੇ ਮਾਲ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਅਤੇ ਵਿਧਾਇਕ ਕੁਲਦੀਪ ਵੈਦ ਅਤੇ ਹਰਮਿੰਦਰ ਸਿੰਘ ਗਿੱਲ ਇਸ ਵਫ਼ਦ ਦੀ ਅਗਵਾਈ ਕਰਨਗੇ।ਸਰਕਾਰੀ ਬੁਲਾਰੇ ਅਨੁਸਾਰ ਇਸ ਵਫ਼ਦ ਵਿੱਚ ਕਮਿਸ਼ਨਰ ਪਟਿਆਲਾ ਡਵੀਜ਼ਨ ਦੀਪਿੰਦਰ ਸਿੰਘ, ਆਈ.ਏ.ਐਸ, ਡਾਇਰੈਕਟਰ ਲੈਂਡ ਰਿਕਾਰਡਜ਼ ਕੈਪਟਨ ਕਰਨੈਲ ਸਿੰਘ, ਮਾਲ ਕੰਸਲਟੈਂਟ ਨਰਿੰਦਰ ਸਿੰਘ ਸੰਘਾ ਵੀ ਸ਼ਾਮ ਹੋਣਗੇ।
ਮੱਧ ਪ੍ਰਦੇਸ਼ ਦੇ ਆਪਣੇ ਹਮਰੁਤਬਾ ਨਾਲ ਗੱਲਬਾਤ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਨੇ ਉਹਨਾਂ ਨੂੰ ਇਨਾਂ 500 ਸਿੱਖਾਂ ਦੇ ਵਸੇਬੇ ਸਬੰਧੀ ਬਦਲਵੇਂ ਪ੍ਰਬੰਧ ਕਰਨ ਬੇਨਤੀ ਕੀਤੀ।ਉਹਨਾਂ ਅੱਗੇ ਕਿਹਾ ਕਿ ਕਬਾਇਲੀ ਜ਼ਮੀਨੀ ਸੁਰੱਖਿਆ ਅਤੇ ਕਾਨੂੰਨਾਂ ਕਾਰਨ ਜੇ ਇਹਨਾਂ ਸਿੱਖਾਂ ਦਾ ਉਸੇ ਖੇਤਰ ਵਿਚ ਮੁੜ ਵਸੇਬਾ ਕਰਨਾ ਸੰਭਵ ਨਹੀਂ ਸੀ ਜਿਥੇ ਉਹ ਪਿਛਲੇ ਦੋ ਦਹਾਕਿਆਂ ਤੋਂ ਰਹਿ ਰਹੇ ਸਨ, ਤਾਂ ਉਨਾਂ ਦੇ ਮੁੜ ਵਸੇਬੇ ਲਈ ਢੁੱਕਵੀਂ ਜ਼ਮੀਨ ਮੁਹੱਈਆ ਕਰਵਾਈ ਜਾਣੀ ਚਾਹੀਦੀ ਹੈ।
ਬੁਲਾਰੇ ਨੇ ਦੱਸਿਆ ਕਿ ਕਮਲ ਨਾਥ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਭਰੋਸਾ ਦਿਵਾਇਆ ਕਿ ਉਨਾਂ ਦੀ ਸਰਕਾਰ ਇਹ ਯਕੀਨੀ ਬਣਾਉਣ ਲਈ ਹਰ ਸੰਭਵ ਯਤਨ ਕਰੇਗੀ ਕਿ ਸਿੱਖਾਂ ਨੂੰ ਉਨਾਂ ਦਾ ਬਣਦਾ ਹੱਕ ਮਿਲੇ ਅਤੇ ਉਹਨਾਂ ਨੂੰ ਕਿਸੇ ਵੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।
ਇਹ ਸਮੱਸਿਆ ਮੱਧ ਪ੍ਰਦੇਸ਼ ਸਰਕਾਰ ਵਲੋਂ ਮਾਫੀਆ ਅਤੇ ਨਜਾਇਜ਼ ਕਬਜ਼ਿਆਂ ਖਿਲਾਫ ਮੌਜੂਦਾ ਮੁਹਿੰਮ ਦੇ ਨਤੀਜੇ ਵਜੋਂ ਸਾਹਮਣੇ ਆਈ ਹੈ।ਮੱਧ ਪ੍ਰਦੇਸ਼ ਸਰਕਾਰ ਦਾ ਕਹਿਣਾ ਹੈ ਕਿ ਇਹ ਸਿੱਖ ਸ਼ੀਓਪੁਰ ਜ਼ਿਲੇ ਦੀ ਕਰਹਿਲ ਤਹਿਸੀਲ ਦੇ ਨੋਟੀਫਾਈਡ ਕਬੀਲੇ ਦੇ ਬਲਾਕ ਵਿੱਚ ਜ਼ਮੀਨਾਂ `ਤੇ ਨਾਜਾਇਜ਼ ਕਬਜ਼ਾ ਕਰ ਰਹੇ ਸਨ, ਪਰ ਅਸਲ ਵਿਚ ਪੰਜਾਬ ਅਤੇ ਹਰਿਆਣਾ ਦੇ ਵਸਨੀਕ ਇਹ ਸਿੱਖ ਇਸ ਜ਼ਮੀਨ `ਤੇ ਨਾਜਾਇਜ਼ ਕਬਜ਼ੇ ਕਰਨ ਦੇ ਦੋਸ਼ਾਂ ਤੋਂ ਇਨਕਾਰ ਕਰਦੇ ਹਨ ਅਤੇ ਕਹਿੰਦੇ ਹਨ ਕਿ ਉਨਾਂ ਨੇ ਇਹ ਜ਼ਮੀਨ, ਖੇਤੀਬਾੜੀ ਪਲਾਟਾਂ ਸਮੇਤ ਨੱਬੇ ਦੇ ਦਹਾਕੇ ਵਿੱਚ ਖਰੀਦੀ ਸੀ।

Check Also

ਅਕੈਡਮਿਕ ਵਰਲਡ ਸਕੂਲ ਵਿਖੇ ਸ੍ਰੀ ਗਣੇਸ਼ ਉਤਸਵ ਮਨਾਇਆ

ਸੰਗਰੂਰ, 19 ਸਤੰਬਰ (ਜਗਸੀਰ ਲੌਂਗੋਵਾਲ) – ਅਕੈਡਮਿਕ ਵਰਲਡ ਸਕੂਲ ਖੋਖਰ ਵਿਖੇ ਸ਼੍ਰੀ ਗਣੇਸ਼ ਉਤਸਵ ਸ਼ਰਧਾ …

Leave a Reply