ਭਾਰਤ-ਪਾਕਿ ਸਰਹੱਦ ਤੋਂ ਚੀਨ ‘ਚ ਬਣੇ 2 ਡਰੋਨ, ਵਾਕੀ ਟਾਕੀਜ਼, ਡਰੱਗ ਮਨੀ ਬਰਾਮਦ
ਚੰਡੀਗੜ, 10 ਜਨਵਰੀ (ਪੰਜਾਬ ਪੋਸਟ ਬਿਊਰੋ) – ਭਾਰਤ-ਪਾਕਿ ਸਰਹੱਦ `ਤੇ ਡਰੋਨ ਗਤੀਵਿਧੀਆਂ ਵਧਣ ਤੋਂ ਬਾਅਦ ਹਾਈ ਅਲਰਟ `ਤੇ ਹੋਈ ਪੰਜਾਬ ਪੁਲੀਸ ਨੇ ਸ਼ੁੱਕਵਰਵਾਰ ਨੂੰ ਚੀਨ ਵਿੱਚ ਬਣੇ 2 ਅਤਿ ਆਧੁਨਿਕ ਡਰੋਨ ਬਰਾਮਦ ਕਰਨ ਦੇ ਨਾਲ ਨਾਲ ਸਰਹੱਦ ਪਾਰੋਂ ਹਥਿਆਰਾਂ ਅਤੇ ਨਸ਼ਿਆਂ ਦੀ ਤਸਕਰੀ ਵਿੱਚ ਸ਼ਾਮਲ ਸੈਨਾ ਨਾਇਕ ਅਤੇ 2 ਤਸਕਰਾਂ ਨੂੰ ਗ੍ਰਿਫਤਾਰ ਕੀਤਾ ਹੈ।
ਸਰਚ ਆਪਰੇਸ਼ਨਾਂ ਵਿੱਚ ਡਰੋਨ ਬੈਟਰੀਆਂ, ਲੋੜ ਮੁਤਾਬਕ ਬਣਾਏ ਗਏ ਡਰੋਨ ਕੰਟੇਨਰ, 2 ਵਾਕੀ ਟਾਕੀ ਸੈੱਟ, 6.22 ਲੱਖ ਰੁਪਏ ਨਗਦ, ਇਨਸਾਸ ਰਾਈਫਲ ਦੇ ਮੈਗਜ਼ੀਨ ਵੀ ਬਰਾਮਦ ਕੀਤੇ ਗਏ ਹਨ।ਡੀ.ਜੀ.ਪੀ ਦਿਨਕਰ ਗੁਪਤਾ ਨੇ ਦੱਸਿਆ ਕਿ ਸਰਹੱਦ ਦੇ ਦੋਵੇਂ ਪਾਸੇ 2-3 ਕਿਲੋਮੀਟਰ ਦਾ ਸਫ਼ਰ ਤੈਅ ਕਰਨ ਦੇ ਸਮਰੱਥ ਡਰੋਨਜ਼ ਨਸ਼ਿਆਂ ਦੀ ਖੇਪ ਲਿਆਉਣ ਲਈ ਭਾਰਤ ਵਾਲੇ ਪਾਸੇ ਤੋਂ ਪਕਿਸਤਾਨ ਵੱਲ ਭੇਜੇ ਜਾ ਰਹੇ ਸਨ।ਇਨਾਂ ਵਲੋਂ ਸਪੱਸ਼ਟ ਤੌਰ `ਤੇ ਪਹਿਲਾਂ ਹੀ 4-5 ਉਡਾਣਾਂ ਭਰੀਆਂ ਗਈਆਂ ਸਨ।
ਕਾਬਲੇਗੌਰ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸਰਹੱਦ `ਤੇ ਹਾਲ ਹੀ ਦੀ ਡਰੋਨ ਗਤੀਵਿਧੀ `ਤੇ ਚਿੰਤਾ ਜ਼ਾਹਰ ਕੀਤੀ ਗਈ ਸੀ, ਜੋ ਧਾਰਾ 370 ਨੂੰ ਮਨਸੂਖ ਕਰਨ ਤੋਂ ਬਾਅਦ ਅਗਸਤ 2019 ਵਿੱਚ ਪਹਿਲੀ ਵਾਰ ਸਾਹਮਣੇ ਆਈ ਸੀ ਅਤੇ ਕੇਂਦਰੀ ਏਜੰਸੀਆਂ ਅਤੇ ਬਲਾਂ ਦੁਆਰਾ ਇਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰਵਾਉਣ ਲਈ ਉਨਾਂ ਵਲੋਂ ਇਹ ਮੁੱਦਾ ਕੇਂਦਰ ਸਰਕਾਰ ਕੋਲ ਉਠਾਇਆ ਗਿਆ ਸੀ।ਕੇਂਦਰ ਸਰਕਾਰ ਵਲੋਂ ਡਰੋਨਾਂ ਦੀ ਵਰਤੋਂ ਸਬੰਧੀ ਪਹਿਲਾਂ ਹੀ ਐਸ.ਓ.ਪੀ ਜਾਰੀ ਕੀਤਾ ਗਿਆ ਹੈ ਜਿਨਾਂ (ਡਰੋਨ) ਦੀ ਵਰਤੋਂ ਦੀ ਕਿਸੇ ਲਾਈਟ ਤੋਂ ਬਿਨਾਂ ਘੱਟ ਉਠਾਣ ਭਰਨ ਅਤੇ ਘੱਟ ਇੰਜਣ ਸ਼ੋਰ ਦੀ ਸਮਰੱਥਾ ਕਰਕੇ ਵੀ.ਆਈ.ਪੀ ਨੂੰ ਨਿਸ਼ਾਨਾ ਬਣਾਉਣ ਲਈ ਕੀਤੀ ਜਾ ਸਕਦੀ ਹੈ।
ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ ਗੁਪਤਾ ਜਿਨਾਂ ਨਾਲ ਏ.ਡੀ.ਜੀ.ਪੀ (ਅੰਦਰੂਨੀ ਸੁਰੱਖਿਆ) ਆਰ.ਐਨ ਢੋਕੇ, ਆਈ.ਜੀ ਬਾਰਡਰ ਰੇਂਜ, ਐਸ.ਪੀ.ਐਸ ਪਰਮਾਰ ਅਤੇ ਐਸ.ਐਸ.ਪੀ ਤਰਨਤਾਰਨ ਵੀ ਮੌਜੂਦ ਸਨ, ਨੇ ਕਿਹਾ ਕਿ ਉਕਤ ਕਾਰਵਾਈ ਇਹ ਦਿਖਾਉਣ ਲਈ ਪਹਿਲਾ ਪ੍ਰਮਾਣ ਸੀ ਕਿ ਨਸ਼ਾ ਤਸਕਰੀ ਲਈ ਡਰੋਨ ਵਰਤੇ ਜਾ ਰਹੇ ਹਨ, ਭਾਵੇਂ ਕਿ ਕੋਈ ਨਸ਼ਾ ਬਰਾਮਦ ਨਹੀਂ ਹੋਇਆ ਸੀ।ਡੀ.ਜੀ.ਪੀ ਦੇ ਅਨੁਸਾਰ, ਮਾਡਿਊਲ ਮੈਂਬਰਾਂ ਨੇ ਖੁਲਾਸਾ ਕੀਤਾ ਸੀ ਕਿ ਉਹ ਪਿਛਲੇ ਕੁਝ ਮਹੀਨਿਆਂ ਤੋਂ ਡਰੋਨਾਂ ਰਾਹੀਂ ਸਰਹੱਦ ਪਾਰੋਂ ਨਸ਼ਿਆਂ ਅਤੇ ਹਥਿਆਰਾਂ ਦੀ ਤਸਕਰੀ ਵਿੱਚ ਸ਼ਾਮਲ ਸਨ। ਇਸ ਦੇ ਨਾਲ ਹੀ ਪਾਕਿਸਤਾਨ ਅਧਾਰਤ ਕੁੱਝ ਨਸ਼ਾ ਤਸਕਰਾਂ ਦਾ ਵੀ ਪਤਾ ਲੱਗਿਆ ਹੈ ਜੋ ਸਰਹੱਦ ਪਾਰੋਂ ਨਸ਼ੇ ਅਤੇ ਹਥਿਆਰ ਭੇਜ ਰਹੇ ਸਨ।
ਡੀ.ਜੀ.ਪੀ ਅਨੁਸਾਰ ਗ੍ਰਿਫ਼ਤਾਰ ਕੀਤੇ ਤਿੰਨ ਵਿਅਕਤੀਆਂ ਦੀ ਪਹਿਚਾਣ ਧਰਮਿੰਦਰ ਸਿੰਘ ਪੁੱਤਰ ਹਰੀ ਸਿੰਘ ਵਾਸੀ ਪਿੰਡ ਧਨੋਆ ਖੁਰਦ, ਅੰਮ੍ਰਿਤਸਰ ; ਰਾਹੁਲ ਚੌਹਾਨ ਪੁੱਤਰ ਸ਼ੀਸ਼ ਪਾਲ ਚੌਹਾਨ ਵਾਸੀ 37 ਈ ਪੂਜਾ ਵਿਹਾਰ, ਅੰਬਾਲਾ ਕੈਂਟ, ਹਰਿਆਣਾ ਅਤੇ ਬਲਕਾਰ ਸਿੰਘ ਵਾਸੀ ਪਿੰਡ ਕਾਲਸ, ਪੁਲੀਸ ਥਾਣਾ ਸਰਏ ਅਮਾਨਤ ਖਾਨ, ਅੰਮ੍ਰਿਤਸਰ (ਦਿਹਾਤੀ) ਵਜੋਂ ਹੋਈ ਹੈ।
ਜਦੋਂ ਕਿ ਧਰਮਿੰਦਰ ਨੂੰ ਭਾਰਤ-ਪਾਕਿ ਸਰਹੱਦ ਤੋਂ 3 ਕਿਲੋਮੀਟਰ ਦੂਰ ਪਿੰਡ ਹਰਦੋ ਰਤਨ ਦੀ ਇਕ ਜਗਾ ਤੋਂ ਗ੍ਰਿਫਤਾਰ ਕੀਤਾ ਗਿਆ ਸੀ, ਬਲਕਾਰ ਨੂੰ ਐਨਡੀਪੀਐਸ ਦੇ ਇਕ ਕੇਸ ਵਿਚ ਅੰਮ੍ਰਿਤਸਰ ਜੇਲ ਵਿਚ ਬੰਦ ਕੀਤਾ ਗਿਆ ਸੀ ਅਤੇ ਕੱਲ ਉਸ ਨੂੰ ਪ੍ਰੋਡਕਸ਼ਨ ਵਾਰੰਟ `ਤੇ ਲਿਆਂਦਾ ਗਿਆ ਸੀ।
ਹਥਿਆਰਬੰਦ ਸੈਨਾਵਾਂ ਦਾ ਨਾਇਕ ਰਾਹੁਲ ਚੌਹਾਨ ਕਥਿਤ ਤੌਰ `ਤੇ ਡਰੋਨ ਖਰੀਦਣ ਅਤੇ ਸਪਲਾਈ ਕਰਨ ਅਤੇ ਸਰਹੱਦ ਪਾਰ ਦੇ ਤਸਕਰਾਂ ਨੂੰ ਸਿਖਲਾਈ ਦੇਣ ਵਿਚ ਸ਼ਾਮਲ ਸੀ।
ਡੀ.ਜੀ.ਪੀ. ਨੇ ਦੱਸਿਆ ਕਿ ਨਸ਼ਾ-ਅੱਤਵਾਦ ਦੇ 2 ਮੈਂਬਰ ਅਜੇ ਵੀ ਫਰਾਰ ਹਨ ਅਤੇ ਉਨਾਂ ਨੂੰ ਫੜਨ ਲਈ ਕੋਸ਼ਿਸ਼ਾਂ ਜਾਰੀ ਹਨ। ਉਨਾਂ ਅੱਗੇ ਦੱਸਿਆ ਕਿ ਅੱਤਵਾਦੀ ਸੰਗਠਨਾਂ, ਕੱਟੜਪੰਥੀਆਂ, ਨਸ਼ਾ ਤਸਕਰਾਂ ਅਤੇ ਹੋਰ ਰਾਸ਼ਟਰ ਵਿਰੋਧੀ ਤੱਤਾਂ ਨਾਲ ਮੁਲਜ਼ਮਾਂ ਦੇ ਸਬੰਧਾਂ ਬਾਰੇ ਵੇਰਵਿਆਂ ਦਾ ਪਤਾ ਲਗਾਉਣ ਲਈ ਪੜਤਾਲ ਕੀਤੀ ਜਾ ਰਹੀ ਹੈ।
ਮੁੱਢਲੀ ਜਾਂਚ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਸੀ ਕਿ ਰਾਹੁਲ ਚੌਹਾਨ ਭਾਰਤ ਅਤੇ ਪਾਕਿਸਤਾਨ ਵਿਚਲੇ ਆਪਣੇ ਸਾਥੀਆਂ ਸਮੇਤ ਪਾਕਿਸਤਾਨ ਤੋਂ ਹੈਰੋਇਨ ਅਤੇ ਹਥਿਆਰ ਚੁੱਕਣ ਲਈ ਸਰਹੱਦ ਪਾਰੋਂ ਡਰੋਨ ਚਲਾਉਣ ਵਿੱਚ ਸਿੱਧੇ ਤੌਰ `ਤੇ ਸ਼ਾਮਲ ਸੀ।ਡੀ.ਜੀ.ਪੀ ਨੇ ਕਿਹਾ ਕਿ ਉਹ ਅਤੇ ਉਸ ਦੇ ਸਾਥੀ ਇਨਕ੍ਰਿਪਟਡ ਓ.ਟੀ.ਟੀ ਪਲੇਟਫਾਰਮਾਂ ਰਾਹੀਂ ਪਾਕਿਸਤਾਨੀ ਤਸਕਰਾਂ ਨਾਲ ਸਿੱਧੇ ਸੰਪਰਕ ਵਿੱਚ ਸਨ।ਉਨਾਂ ਅੱਗੇ ਕਿਹਾ ਕਿ ਦੋ-ਪੱਖੀ ਸੰਚਾਰ ਦੀ ਸੁਵਿਧਾ ਦੇਣ ਲਈ ਸਰਹੱਦ ਪਾਰੋਂ ਇੱਕ ਵਾਕੀ ਟਾਕੀ ਸੈਟ ਨੂੰ ਪਾਕਿਸਤਾਨ ਭੇਜੇ ਜਾਣ ਦੀ ਯੋਜਨਾ ਬਣਾਈ ਗਈ ਸੀ।
ਪਹਿਲਾ ਡਰੋਨ ਚੀਨੀ ਕੰਪਨੀ ਵਲੋਂ ਬਣਾਇਆ ਡੀ.ਜੇ.ਆਈ ਇਨਸਪਾਇਰ-2 ਡਰੋਨ (ਕੁਆਰਡਕਾਪਟਰ) ਸੀ ਜਿਸ ਨੂੰ ਮੋਧੇ ਪਿੰਡ, ਥਾਣਾ ਘਰਿੰਡਾ, ਅੰਮ੍ਰਿਤਸਰ (ਦਿਹਾਤੀ) ਦੀ ਇਕ ਉਜਾੜ ਸਰਕਾਰੀ ਡਿਸਪੈਂਸਰੀ ਦੀ ਇਮਾਰਤ ਵਿਚੋਂ ਬਰਾਮਦ ਕੀਤਾ ਗਿਆ, ਇਸ ਡਰੋਨ ਨੂੰ ਇਥੇ ਧਰਮਿੰਦਰ ਸਿੰਘ ਅਤੇ ਉਸ ਦੇ ਸਾਥੀ ਨਸ਼ਾ ਤਸਕਰਾਂ ਨੇ ਲੁਕਾਇਆ ਸੀ।ਦੂਜਾ ਡਰੋਨ ਚੀਨੀ ਕੰਪਨੀ ਦਾ ਬਣਾਇਆ ਡੀਜੇਆਈ ਮੈਟ੍ਰਿਸ 600 ਪੀ.ਆਰ.ਓ (ਹੈਕਸਾਕਾਪਟਰ) ਸੀ ਜੋ ਰਾਹੁਲ ਚੌਹਾਨ ਦੇ ਖੁਲਾਸੇ ਤੋਂ ਕਰਨ ਵਿਹਾਰ, ਸੈਕਟਰ -6, ਕਰਨਾਲ (ਹਰਿਆਣਾ) ਦੇ ਇਕ ਘਰ` `ਚੋਂ ਬਰਾਮਦ ਕੀਤਾ ਗਿਆ। ਇਹ ਘਰ ਰਾਹੁਲ ਚੌਹਾਨ ਦੇ ਇਕ ਦੋਸਤ ਦਾ ਸੀ।
ਡੀ.ਜੀ.ਪੀ ਨੇ ਦੱਸਿਆ ਕਿ ਰਾਹੁਲ ਨੇ ਖੁਲਾਸਾ ਕੀਤਾ ਕਿ ਉਸ ਨੇ 2019 ਦੇ ਦੂਜੇ ਅੱਧ ਦੌਰਾਨ ਓ.ਐਲ.ਐਕਸ ਤੋਂ ਕਾਲੇ ਰੰਗ ਦਾ ਅੰਸ਼ਕ ਤੌਰ `ਤੇ ਖਰਾਬ ਹੋਇਆ ਡ੍ਰੋਨ-ਐਸਪਾਇਰ 02 ਮਾਡਲ 1.50 ਲੱਖ ਰੁਪਏ ਵਿੱਚ ਖਰੀਦਿਆ ਸੀ।ਡਰੋਨ ਦੀ ਮੁਰੰਮਤ ਕਰਨ ਤੋਂ ਬਾਅਦ ਉਸ ਨੇ ਇਸ ਨੂੰ ਲਗਭਗ 2.75 ਲੱਖ ਰੁਪਏ ਵਿੱਚ ਓ.ਐਲ.ਐਕਸ `ਤੇ ਵੇਚ ਦਿੱਤਾ। ਇਸ ਵਿਕਰੀ ਆਮਦਨ ਤੋਂ ਰਾਹੁਲ ਨੇ ਪੁਨੇ ਤੋਂ ਇਕ ਨਵਾਂ ਡਰੋਨ ਡੀ.ਜੇ.ਆਈ ਇੰਸਪਾਇਰ 02 ਮਾਡਲ ਤਕਰੀਬਨ 3.20 ਲੱਖ ਰੁਪਏ ਵਿਚ ਖਰੀਦਿਆ ਅਤੇ ਇਸ ਨੂੰ ਅੰਮ੍ਰਿਤਸਰ ਦੇ ਇਕ ਅਪਰਾਧੀ ਨੂੰ 5.70 ਲੱਖ ਰੁਪਏ ਵਿਚ ਵੇਚ ਦਿੱਤਾ।ਉਸ ਨੇ ਇਕ ਹੋਰ ਡਰੋਨ ਡੀ.ਜੇ.ਆਈ ਮੈਟ੍ਰਿਸ 600 ਨੂੰ ਲਗਭਗ 5.35 ਲੱਖ ਰੁਪਏ ਵਿਚ ਖਰੀਦਿਆ ਅਤੇ ਇਸ ਨੂੰ ਕਰਨਾਲ ਵਿੱਚ ਛੁਪਾ ਕੇ ਰੱਖਿਆ ਜਿਥੋਂ ਇਸ ਨੂੰ ਬਰਾਮਦ ਕੀਤਾ ਗਿਆ।
ਗੁਪਤਾ ਨੇ ਦੱਸਿਆ ਕਿ ਪੰਜਾਬ ਪੁਲਿਸ ਵਲੋਂ ਸਰਹੱਦੀ ਇਲਾਕਿਆਂ ਵਿੱਚ ਡਰੋਨ ਅਤੇ ਹੋਰਨਾਂ ਸਾਧਨਾਂ ਰਾਹੀਂ ਹਥਿਆਰਾਂ ਅਤੇ ਨਸ਼ਿਆਂ ਦੀ ਤਾਜ਼ਾ ਆਮਦ ਦੇ ਮੱਦੇਨਜ਼ਰ ਸਰਹੱਦੀ ਖੇਤਰਾਂ ਦੀ ਨਜ਼ਦੀਕੀ ਨਿਗਰਾਨੀ ਅਤੇ ਜਾਂਚ ਨੂੰ ਯਕੀਨੀ ਬਣਾਉਣ ਲਈ ਇੱਕ ਛਾਪਾ ਮੁਹਿੰਮ ਚਲਾਈ ਗਈ।ਇਨਾਂ ਵਿਸ਼ੇਸ਼ ਮੁਹਿੰਮਾਂ ਦੇ ਹਿੱਸੇ ਵਜੋਂ ਸਰਹੱਦ `ਤੇ ਸ਼ੱੱਕੀ ਗਤੀਵਿਧੀਆਂ ਦੇ ਨਾਲ ਨਾਲ ਨਸ਼ਾ ਅਤੇ ਹਥਿਆਰਾਂ ਦੇ ਤਸਕਰਾਂ, ਸਰਹੱਦ ਪਾਰ ਦੇ ਬੰਦੂਕਧਾਰੀ ਚਾਲਕਾਂ, ਰੈਡੀਕਲਜ਼ ਆਦਿ ਦੀਆਂ ਗਤੀਵਿਧੀਆਂ `ਤੇ ਨਜ਼ਰ ਰੱਖਣ ਲਈ ਸਰਹੱਦੀ ਖੇਤਰਾਂ ਵਿਚ ਵਿਸ਼ੇਸ਼ ਨਾਕੇ ਸਥਾਪਤ ਕੀਤੇ ਗਏ ਹਨ।
ਇਸ ਵਿਸ਼ੇਸ਼ ਮੁਹਿੰਮ ਦੌਰਾਨ ਹੀ ਪੁਲਿਸ ਨੇ ਇਹ ਜਾਣਕਾਰੀ ਹਾਸਲ ਕੀਤੀ ਕਿ ਇੱਕ ਬਲਕਾਰ ਸਿੰਘ, ਜੋ ਕਿ ਇੱਕ ਐਨ.ਡੀ.ਪੀ.ਐਸ ਕੇਸ ਵਿੱਚ ਅੰਮ੍ਰਿਤਸਰ ਜੇਲ ਵਿੱਚ ਬੰਦ ਸੀ, ਆਪਣੇ ਸਾਥੀਆਂ ਸਮੇਤ ਡਰੋਨ ਦੀ ਵਰਤੋਂ ਕਰਕੇ ਨਸ਼ਾ ਅਤੇ ਹਥਿਆਰਾਂ ਦੀ ਤਸਕਰੀ ਕਰ ਰਿਹਾ ਹੈ।ਡੀ.ਜੀ.ਪੀ ਨੇ ਦੱਸਿਆ ਕਿ ਅਜਿਹੀਆਂ ਖ਼ਬਰਾਂ ਦੇ ਬਾਅਦ, ਅੰਮ੍ਰਿਤਸਰ (ਦਿਹਾਤੀ) ਦੇ ਥਾਣਾ ਘਰਿੰਡਾ ਵਿਖੇ ਇਕ ਕੇਸ ਦਰਜ ਕੀਤਾ ਗਿਆ ਅਤੇ ਖੁਫੀਆ ਖ਼ਬਰਾਂ ਦੇ ਆਧਾਰ `ਤੇ ਕਾਰਵਾਈ ਕਰਨ ਲਈ ਅੰਮ੍ਰਿਤਸਰ (ਦਿਹਾਤੀ) ਪੁਲਿਸ ਦੇ ਅਧਿਕਾਰੀਆਂ ਦੀ ਇਕ ਵਿਸ਼ੇਸ਼ ਟੀਮਾਂ ਦਾ ਗਠਨ ਕੀਤਾ ਗਿਆ।
ਇਕ ਸਵਾਲ ਦੇ ਜਵਾਬ ਵਿਚ ਡੀਜੀਪੀ ਨੇ ਕਿਹਾ ਕਿ ਡਰੋਨ ਨੂੰ ਅਮਲ ਵਿਚ ਲਿਆਉਣ ਲਈ ਤਕਨਾਲੋਜੀ ਉਪਲਬਧ ਹੈ ਅਤੇ ਇਸ ਨੂੰ ਦੇਸ਼ ਵਿਚ ਹੀ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।ਉਨਾਂ ਇਹਨਾਂ ਡਰੋਨਾਂ ਦੀ ਵਰਤੋਂ ਵਿਚ ਬੀ.ਐਸ.ਐਫ ਦੀ ਕਿਸੇ ਵੀ ਤਰਾਂ ਦੀ ਮਿਲੀਭੁਗਤ ਨੂੰ ਨਕਾਰਦਿਆਂ ਕਿਹਾ ਕਿ ਏਜੰਸੀ ਪੰਜਾਬ ਪੁਲਿਸ ਨਾਲ ਮਿਲ ਕੇ ਸਰਹੱਦੀ ਖੇਤਰ ਵਿੱਚ ਡਰੋਨ ਦੀਆਂ ਗਤੀਵਿਧੀਆਂ ਦੀ ਪਛਾਣ ਅਤੇ ਜਾਂਚ ਕਰਨ ਲਈ ਪੂਰੀ ਤਨਦੇਹੀ ਨਾਲ ਕੰਮ ਕਰ ਰਹੀ ਹੈ।