Wednesday, September 18, 2024

ਕਥੂਰੀਆ ਪ੍ਰੀਵਾਰ ਵਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਲਈ 1 ਕਰੋੜ ਦੀ ਲਾਗਤ ਵਾਲੀ ‘ਪਾਲਕੀ ਸਾਹਿਬ’ ਭੇਟ

PPN01101425
ਅੰਮ੍ਰਿਤਸਰ, 01 ਅਕਤੂਬਰ (ਗੁਰਪ੍ਰੀਤ ਸਿੰਘ) – ਰੂਹਾਨੀਅਤ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਰੋਜਾਨਾ ਹੀ ਲੱਖਾਂ ਸ਼ਰਧਾਲੂ ਨਤਮਸਤਕ ਹੋ ਕੇ ਅਪਣੇ ਜੀਵਨ ਵਿੱਚ ਖੁਸ਼ੀਆਂ ਪ੍ਰਾਪਤ ਕਰਦੇ ਹਨ। ਜਿਹੜੇ ਲੋਕ ਸ਼ਰਧਾ-ਭਾਵਨਾ ਨਾਲ ਇਸ ਮੁਕੱਦਸ ਅਸਥਾਨ ਤੇ ਆਉਂਦੇ ਹਨ ਉਨ੍ਹਾਂ ਦੀਆਂ ਝੋਲੀਆਂ ਵਿੱਚ ਸੇਵਾ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਆਪ ਪਾਉਂਦੇ ਹਨ ਇਨ੍ਹਾਂ ਵਿਚਾਰਾ ਦਾ ਪ੍ਰਗਟਾਵਾ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਲਈ ਸ. ਮਹਿੰਦਰ ਸਿੰਘ ਤੇ ਬੀਬੀ ਪ੍ਰਭਜੀਤ ਕੌਰ ਸਮੂਹ ਕਥੂਰੀਆਂ ਪ੍ਰੀਵਾਰ ਵਲੋਂ ਤਕਰੀਬਨ ਤਿੰਨ ਕਿਲੋ ਸੋਨੇ ਨਾਲ ਤਿਆਰ ਇਕ ਕਰੋੜ ਰੁਪਏ ਦੀ ਕੀਮਤ ਵਾਲੀ ‘ਪਾਲਕੀ ਸਾਹਿਬ’ ਸ. ਸੁਰਿੰਦਰ ਸਿੰਘ ਰੁਮਾਲਿਆਂ ਵਾਲੇ ਤੇ ਸ. ਸਵਿੰਦਰਪਾਲ ਸਿੰਘ ਤਿਨ ਪਹਿਰੇ ਦੀ ਸੇਵਾ ਵਾਲਿਆਂ ਪਾਸੋਂ ਅਤੇ ਤਕਰੀਬਨ ਸਵਾ ਕਿਲੋ ਸੋਨੇ ਨਾਲ ਤਿਆਰ ‘ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ’ ਲਿਖੇ ਅੱਖਰ ਬੀਬੀ ਦਵਿੰਦਰ ਕੌਰ ਹੁਸ਼ਿਆਰਪੁਰ ਨਿਵਾਸੀ ਪਾਸੋਂ ਪ੍ਰਾਪਤ ਕਰਨ ਸਮੇਂ ਕੀਤਾ।ਉਨ੍ਹਾਂ ਕਿਹਾ ਕਿ ਜਿਨਾਂ ਤੇ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਦੀ ਕ੍ਰਿਪਾ ਹੋਵੇ ਉਹ ਹੀ ਗੁਰੂ-ਘਰਾਂ ਵਿੱਚ ਸੇਵਾ ਕਰਦੇ ਹਨ ਤੇ ਇਹ ਸੇਵਾ ਭਾਗਾਂ ਵਾਲਿਆਂ ਨੂੰ ਹੀ ਮਿਲਦੀ ਹੈ।ਇਸ ਤੋਂ ਪਹਿਲਾਂ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਹੈੱਡ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਅੰਦਰ ਇਨ੍ਹਾਂ ਪ੍ਰੀਵਾਰਾਂ ਦੀ ਚੜ੍ਹਦੀਕਲਾ ਲਈ ਅਰਦਾਸ ਕੀਤੀ ਉਪ੍ਰੰਤ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ, ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਹੈੱਡ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੇ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ‘ਪਾਲਕੀ ਸਾਹਿਬ’ ਦਾ ਛੱਤਰ ਸ.ਸੁਰਿੰਦਰ ਸਿੰਘ ਪਾਸੋਂ ਪ੍ਰਾਪਤ ਕੀਤਾ। ਕਥੂਰੀਆਂ ਪ੍ਰੀਵਾਰ ਲਈ ਸ. ਸੁਰਿੰਦਰ ਸਿੰਘ ਅਤੇ ਬੀਬੀ ਦਵਿੰਦਰ ਕੌਰ ਹੁਸ਼ਿਆਰਪੁਰ ਨੂੰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਗੁਰੂ-ਘਰੋ ਸਿਰੋਪਾਓ ਦੀ ਬਖਸ਼ਿਸ਼ ਵੀ ਕੀਤੀ।ਜਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਆਗਰਾ ਨਿਵਾਸੀ ਸ. ਮਹਿੰਦਰ ਸਿੰਘ ਕਥੂਰੀਆਂ ਦੇ ਪ੍ਰੀਵਾਰ ਨੇ ਦੋ ਸੁਨਹਰੀ ਪਾਲਕੀ ਸਾਹਿਬ ਦੀ ਸੇਵਾ ਕਰਵਾਈ ਹੈ ਤੇ ਬੀਬੀ ਦਵਿੰਦਰ ਕੌਰ ਹੁਸ਼ਿਆਰਪੁਰ ਵਲੋਂ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸੁਨਹਰੀ ਚੌਰ ਸਾਹਿਬ ਭੇਟ ਕੀਤਾ ਗਿਆ ਹੈ।
ਦਫ਼ਤਰ ਵਿਖੇ ਪੱਤਰਕਾਰਾਂ ਵਲੋਂ ਜੰਮੂ-ਕਸ਼ਮੀਰ ਦੇ ਹੜ੍ਹ-ਪੀੜਤਾਂ ਦੀ ਸ਼੍ਰੋਮਣੀ ਕਮੇਟੀ ਵਲੋਂ ਅਗੋ ਮਦਦ ਬਾਰੇ ਪੁੱਛੇ ਸਵਾਲ ਦੇ ਜੁਵਾਬ ਵਿੱਚ ਉਨ੍ਹਾਂ ਕਿਹਾ ਕਿ ਸਰਦੀ ਦਾ ਮੌਸਮ ਹੋਣ ਕਰਕੇ ਹੜ੍ਹ-ਪੀੜਤਾਂ ਨੂੰ ਗਰਮ ਬਿਸਤਰਿਆਂ ਦੀ ਸਖ਼ਤ ਜਰੂਰਤ ਹੈ ਜੋ ਭੇਜੇ ਜਾਣਗੇ ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵਲੋਂ ਜਲਦੀ ਹੀ ਇਕ ਉੱਚ ਪਧਰੀ ਵਫਦ ਉਥੇ ਜਾਵੇਗਾ ਤੇ ਵਫਦ ਵਲੋਂ ਜਾਇਜਾ ਲੈਣ ਉਪ੍ਰੰਤ ਜੋ ਰਿਪੋਰਟ ਆਵੇਗੀ ਉਸ ਮੁਤਾਬਿਕ ਅਗੋਂ ਸਹਾਇਤਾ ਦਿਤੀ ਜਾਵੇਗੀ।ਪੱਤਰਕਾਰਾਂ ਵਲੋਂ ਪੁੱਛੇ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਜੀ ਦੇ ਆਦੇਸ਼ ਅਨੁਸਾਰ ਸ਼੍ਰੋਮਣੀ ਕਮੇਟੀ ਬਿਨਾ ਭੇਦ-ਭਾਵ ਰਾਹਤ ਸਮੱਗਰੀ ਵੰਡ ਰਹੀ ਹੈ ਤੇ ਅਗੋਂ ਵੀ ਬਿਨਾ ਭੇਦ-ਭਾਵ ਹੀ ਸਹਾਇਤਾ ਮੁਹੱਈਆਂ ਕੀਤੀ ਜਾਵੇਗੀ।ਹਰਿਆਣਾ ਵਿਚ ਹੋ ਰਹੀਆਂ ਚੌਣਾਂ ਦੋਰਾਨ ਜਗਦੀਸ਼ ਸਿੰਘ ਝੀਂਡਾ ਵਲੋਂ ਕਾਂਗਰਸ ਪਾਰਟੀ ਦੀ ਮਦਦ ਕਰਨ ਬਾਰੇ ਪੁੱਛੇ ਸਵਾਲ ਦੇ ਜੁਵਾਬ ਵਿਚ ਉਨ੍ਹਾਂ ਕਿਹਾ ਕਿ ਉਸ ਨੂੰ ਅਜਿਹਾ ਨਹੀ ਕਰਨਾ ਚਾਹੀਦਾ ਕਿਉਕਿ ਕਾਂਗਰਸ ਪਾਰਟੀ ਦੀਆਂ ਸਿੱਖਾਂ ਪ੍ਰਤੀ ਜਿਆਦਤੀਆਂ ਕੋਈ ਛੁਪੀ ਗੱਲ ਨਹੀ ਪ੍ਰੰਤੂ ਹਰਿਆਣੇ ਦੇ ਸਿੱਖ ਸੂਝਵਾਨ ਹਨ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਾਲ਼ ਮੁਢੋ ਜੁੜੇ ਹਨ ਤੇ ਸ਼੍ਰੋਮਣੀ ਕਮੇਟੀ ਦੇ ਨਾਲ ਹਨ।ਹਰਿਆਣੇ ਦੇ ਸਿੱਖ ਇਨ੍ਹਾਂ ਲੋਕਾਂ ਦੇ ਬਹਿਕਾਵੇ ਵਿੱਚ ਆ ਕੇ ਕੱਦੇ ਵੀ ਕਾਂਗਰਸ ਨੂੰ ਵੋਟ ਨਹੀ ਪਾਉਣਗੇ।
ਇਸ ਮੌਕੇ ਸ. ਰਜਿੰਦਰ ਸਿੰਘ ਮਹਿਤਾ ਅੰਤ੍ਰਿੰਗ ਮੈਂਬਰ, ਸ. ਹਰਜਾਪ ਸਿੰਘ ਸੁਲਤਾਨਵਿੰਡ ਮੈਂਬਰ, ਸ. ਦਲਮੇਘ ਸਿੰਘ, ਸ. ਰੂਪ ਸਿੰਘ, ਸ.ਮਨਜੀਤ ਸਿੰਘ, ਸ. ਸਤਬੀਰ ਸਿੰਘ ਸਕੱਤਰ, ਸ. ਦਿਲਜੀਤ ਸਿੰਘ ਬੇਦੀ, ਸ. ਪਰਮਜੀਤ ਸਿੰਘ ਸਰੋਆ ਵਧੀਕ ਸਕੱਤਰ, ਸ. ਸਤਿੰਦਰ ਸਿੰਘ ਨਿੱਜੀ ਸਕੱਤਰ ਪ੍ਰਧਾਨ ਸਾਹਿਬ, ਸ. ਪ੍ਰਤਾਪ ਸਿੰਘ ਮੈਨੇਜਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ. ਕੁਲਵਿੰਦਰ ਸਿੰਘ ‘ਰਮਦਾਸ’ ਇੰਚਾਰਜ ਪਬਲੀਸਿਟੀ, ਸ. ਸੁਰਿੰਦਰ ਸਿੰਘ ਕੰਧਾਰੀ ਚੇਅਰਮੈਨ ਗੁਰਦੁਆਰਾ ਗੁਰੂ ਨਾਨਕ ਦਰਬਾਰ ਦੁਬਈ, ਸਾਬਕਾ ਫੌਜ ਮੁੱਖੀ ਜਨਰਲ ਜੇ-ਜੇ ਸਿੰਘ, ਸ. ਜਤਿੰਦਰ ਸਿੰਘ, ਸ. ਸੁਖਰਾਜ ਸਿੰਘ ਐਡੀ: ਮੈਨੇਜਰ, ਸ. ਅਰਵਿੰਦਰ ਸਿੰਘ ‘ਸਾਸਨ’ ਆਦਿ ਮੌਜੂਦ ਸਨ।

Check Also

ਗੌਰਮਿੰਟ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਵਲੋਂ ਨਵ-ਨਿਯੁੱਕਤ ਡੀ.ਸੀ ਸੰਦੀਪ ਰਿਸ਼ੀ ਦਾ ਸਵਾਗਤ

ਸੰਗਰੂਰ, 17 ਸਤੰਬਰ (ਜਗਸੀਰ ਲੌਂਗੋਵਾਲ) – ਸਥਾਨਕ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਗੌਰਮਿੰਟ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ …

Leave a Reply