Sunday, June 29, 2025
Breaking News

ਰਾਜਨੀਤਿਕ ਆਗੂਆਂ ਦੇ ਧਾਰਮਿਕ ਸੰਸਥਾਨਾਂ ਦੇ ਚੋਣ ਲੜਨ ‘ਤੇ ਰੋਕ ਲੱਗੇ – ਟਕਸਾਲੀ ਅਕਾਲੀ

ਸੁਖਦੇਵ ਸਿੰਘ ਢੀਂਡਸਾ ਦੀ ਸਰਪ੍ਰਸਤੀ ‘ਚ ਹੋਈ ਸਫਰ-ਏ-ਅਕਾਲੀ ਲਹਿਰ ਵਿਚਾਰ ਚਰਚਾ

ਨਵੀਂ ਦਿੱਲੀ, 20 ਜਨਵਰੀ (ਪੰਜਾਬ ਪੋਸਟ ਬਿਊਰੋ) – ਦਿੱਲੀ ਦੇ ਮੁੱਖ ਸਿੱਖ ਸੰਗਠਨਾਂ ਅਤੇ ਸਮੂਹ ਅਕਾਲੀ ਪਰਿਵਾਰਾਂ ਵਲੋਂ ਰਾਜ ਸਭਾ ਮੈਂਬਰ ਸੁਖਦੇਵ ਸਿੰਘ PPNJ2101202008ਢੀਂਡਸਾ ਦੀ ਸਰਪ੍ਰਸਤੀ ‘ਚ ਸਫਰ-ਏ-ਅਕਾਲੀ ਲਹਿਰ ਵਿਚਾਰ ਚਰਚਾ ਦਾ ਆਯੋਜਨ ਕੀਤਾ ਗਿਆ।ਸ਼਼੍ਰੋਮਣੀ ਅਕਾਲੀ ਦਲ ਦੇ 100 ਸਾਲਾ ਸ਼ਤਾਬਦੀ ਸਬੰਧੀ ਹੋਏ ਸਮਾਗਮ ਵਿੱਚ ਸਿੱਖ ਮਸਲਿਆਂ ਦੇ ਮੁਦੱਈ ਦੇ ਤੌਰ ‘ਤੇ ਅਕਾਲੀ ਦਲ ਦੇ ਸ਼ਾਨਾਮੱਤੇ ਇਤਹਾਸ ਦਾ ਹਿੱਸਾ ਰਹੇ ਕਈ ਸਾਬਕਾ ਸੰਸਦ ਮੈਂਬਰ, ਮੰਤਰੀ, ਵਿਧਾਇਕ, ਸ਼਼੍ਰੋਮਣੀ ਕਮੇਟੀ ਮੈਂਬਰ, ਦਿੱਲੀ ਅਤੇ ਪਟਨਾ ਕਮੇਟੀ ਦੇ ਸਾਬਕਾ ਪ੍ਰਧਾਨਾਂ ਸਮੇਤ ਸਿੱਖ ਸਟੂਡੈਂਟਸ ਫੇਡਰੇਸ਼ਨ ਦੇ ਵੱਡੇ ਆਗੂ ਅਤੇ ਨਾਮਵਰ ਹਸਤੀਆਂ ਸ਼ਾਮਿਲ ਹੋਈਆਂ।ਸਿੱਖ ਚਿੰਤਕਾਂ ਨੇ ਅਕਾਲੀ ਦਲ ਦੇ ਇਤਿਹਾਸ ਦੇ ਹਵਾਲੇ ਨਾਲ ਮੌਜੂਦਾ ਸਮੇਂ ‘ਚ ਅਕਾਲੀ ਲਹਿਰ ਦੇ ਪੱਟੜੀ ਤੋਂ ਉਤਰਨ ਦੇ ਕਾਰਨ ਸਿੱਖ ਕੌਮ ਵਿੱਚ ਪੈਦਾ ਹੋਏ ਭਟਕਣਾ ਦਾ ਹੱਲ ਕੱਢਣ ਦਾ ਰਸਤਾ ਲੱਭਣ ਨੂੰ ਅਕਾਲੀ ਦਲ ਦੀ ਸਥਾਪਨਾ ਦੇ ਮੂਲ ਟੀਚੇ ਦੀ ਪ੍ਰਾਪਤੀ ਲਈ ਜਰੂਰੀ ਦੱਸਿਆ।ਪੰਥ ਦੀ ਬਿਹਤਰੀ ਲਈ ਕਈ ਅਹਿਮ ਮਤੇ ਵੀ ਜੈਕਾਰਿਆਂ ਦੀ ਗੂੰਜ਼ ਵਿੱਚ ਪ੍ਰਵਾਨ ਕੀਤੇ ਗਏ।1920 ਵਿੱਚ ਅਕਾਲੀ ਦਲ ਦੀ ਸਥਾਪਨਾ ਦੀ ਦਿੱਲੀ ਤੋਂ 1919 ਵਿੱਚ ਸ਼ੁਰੂ ਹੋਈ ਲਹਿਰ ਦਾ ਬੁਲਾਰਿਆਂ ਨੇ ਹਵਾਲਾ ਦਿੰਦੇ ਹੋਏ ਅਖੰਡ ਕੀਰਤਨੀ ਜਥੇ ਦੇ ਮੁੱਖੀ ਰਹੇ ਭਾਈ ਰਣਧੀਰ ਸਿੰਘ ਵਲੋਂ 1919 ਵਿੱਚ ਵਾਇਸਰਾਏ ਹਾਉਸ, ਜੋਕਿ ਮੌਜੂਦਾ ਰਾਸ਼ਟਰਪਤੀ ਭਵਨ ਹੈ ਦੇ ਵੱਲ ਰਸਤਾ ਕੱਢਣ ਲਈ ਅੰਗ੍ਰੇਜ਼ ਹਕੂਮਤ ਵਲੋਂ ਗੁਰਦੁਆਰਾ ਰਕਾਬਗੰਜ ਸਾਹਿਬ ਦੀ ਦੀਵਾਰ ਤੋੜਨ ਦੇ ਵਿਰੋਧ ਵਿੱਚ ਲਗਾਏ ਗਏ ਮੋਰਚੇ ਨੂੰ ਅਕਾਲੀ ਲਹਿਰ ਦੇ ਆਧਾਰ ਦੇ ਤੌਰ ‘ਤੇ ਪਰਿਭਾਸ਼ਿਤ ਕੀਤਾ।
ਪ੍ਰੋਗਰਾਮ ਨੂੰ ਕਾਮਯਾਬ ਬਣਾਉਣ ਲਈ ਦਿੱਲੀ ਕਮੇਟੀ ਦੇ 2 ਸਾਬਕਾ ਪ੍ਰਧਾਨਾਂ ਮਨਜੀਤ ਸਿੰਘ ਜੀ.ਕੇ ਅਤੇ ਪਰਮਜੀਤ ਸਿੰਘ ਸਰਨਾ ਦੀ ਕਰਮਵਾਰ ਜਾਗੋ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਵਲੋਂ ਪੂਰੀ ਤਿਆਰੀ ਕੀਤੀ ਗਈ ਸੀ।ਇਨ੍ਹਾਂ ਨੂੰ ਬੀਰ ਖਾਲਸਾ ਦਲ ਸਣੇ ਹੋਰ ਪੰਥਕ ਸੰਗਠਨਾਂ ਦਾ ਵੀ ਸਮਰਥਨ ਪ੍ਰਾਪਤ ਸੀ।ਖਚਾਖਚ ਭਰੇ ਹੋਏ ਮਾਵਲੰਕਰ ਹਾਲ ਵਿੱਚ ਹੋਏ ਪ੍ਰੋਗਰਾਮ ‘ਚ ਸਿੱਖ ਆਗੂਆਂ ਨੇ ਬਾਦਲ ਪ੍ਰੀਵਾਰ ਦੇ ਅਧੀਨ ਚੱਲ ਰਹੇ ਅਕਾਲੀ ਦਲ ‘ਤੇ ਪੰਥ ਦੀ ਅਵਾਜ ਨੂੰ ਨਜਰਅੰਦਾਜ਼ ਕਰਨ ਦਾ ਇਲਜ਼ਾਮ ਲਗਾਉਂਦੇ ਹੋਏ ਬਾਦਲਾਂ ਵਲੋਂ ਅਕਾਲੀ ਦਲ ਦੀ ਆੜ ਵਿੱਚ ਆਪਣੇ ਪਰਿਵਾਞਰਕ ਅਤੇ ਵਪਾਰਕ ਹਿੱਤ ਸਾਧਣ ਦੀ ਗੱਲ ਕਹੀ।
ਪਿਛਲੇ ਦਿਨਾਂ ਅਕਾਲੀ ਦਲ ਤੋਂ ਬਾਹਰ ਕੱਢੇ ਗਏ ਸੀਨੀਅਰ ਅਕਾਲੀ ਆਗੂ ਸੁਖਦੇਵ ਸਿੰਘ ਢੀਂਡਸਾ ਅਤੇ ਉਨ੍ਹਾਂ ਦੇ ਪੁੱਤਰ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ‘ਤੇ ਅਕਾਲੀ ਦਲ ਨੂੰ ਪੰਥ ਦੀ ਨੁਮਾਇੰਦਾ ਜਥੇਬੰਦੀ ਤੋਂ ਪਰਿਵਾਰਿਕ ਜਥੇਬੰਦੀ ਬਣਾਉਣ ਦਾ ਦੋਸ਼ ਲਾਇਆ।ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਅਤੇ ਸਾਬਕਾ ਸੰਸਦ ਰਣਜੀਤ ਸਿੰਘ ਬ੍ਰਹਮਪੁਰਾ, ਅਕਾਲੀ ਦਲ 1920 ਦੇ ਪ੍ਰਧਾਨ ਰਵੀਇੰਦਰ ਸਿੰਘ, ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਬੀਰ ਦਵਿੰਦਰ ਸਿੰਘ, ਸਾਬਕਾ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ, ਸੇਵਾ ਸਿੰਘ ਸੇਖਵਾਂ, ਸੱਜਣ ਕੁਮਾਰ ਦੇ ਖਿਲਾਫ 1984 ਮਾਮਲੇ ਵਿੱਚ ਮੁੱਖ ਗਵਾਹ ਨਿਰਪ੍ਰੀਤ ਕੌਰ, ਪਰਮਜੀਤ ਸਿੰਘ ਸਰਨਾ, ਮਨਜੀਤ ਸਿੰਘ ਜੀ.ਕੇ, ਸਿੱਖ ਚਿੰਤਕ ਭਾਈ ਤਰਸੇਮ ਸਿੰਘ ਖਾਲਸਾ ਅਤੇ ਬਾਬਾ ਬਲਜੀਤ ਸਿੰਘ ਦਾਦੂਵਾਲ ਨੇ ਆਪਣੇ ਵਿਚਾਰ ਰੱਖੇ।ਆਲ ਇੰਡੀਆ ਸਿੱਖ ਸਟੈਡੈਂਟਸ ਫੈਡਰੇਸ਼ਨ ਦੇ ਕਰਨੈਲ ਸਿੰਘ ਪੀਰਮੁਹੰਮਦ, ਮਨਜੀਤ ਸਿੰਘ ਭੋਮਾ, ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਹਰਵਿੰਦਰ ਸਿੰਘ ਸਰਨਾ, ਫੇਰੂਮਾਨ ਅਕਾਲੀ ਦਲ ਦੇ ਪ੍ਰਧਾਨ ਮਹੰਤ ਜਸਬੀਰ ਸਿੰਘ, ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਵੀ ਇਸ ਮੌਕੇ ਆਪਣੀ ਹਾਗ਼ਰੀ ਭਰੀ।ਦਿੱਲੀ ਵਿੱਚ ਅਕਾਲੀ ਲਹਿਰ ਨੂੰ ਮਜ਼ਬੂਤ ਕਰਨ ਵਾਲੇ ਪੁਰਾਤਨ ਅਕਾਲੀਆਂ ਦੇ ਪਰਿਵਾਰਾਂ ਨੂੰ ਵੀ ਇਸ ਮੌਕੇ ਸਨਮਾਨਿਤ ਕੀਤਾ ਗਿਆ।
ਸਾਰਿਆਂ ਨੇ ਇਹ ਵੀ ਤੈਅ ਕੀਤਾ ਹੈ ਕਿ ਕੋਈ ਵੀ ਸਿਆਸੀ ਆਗੂ ਧਾਰਮਿਕ ਚੋਣ ਨਹੀਂ ਲੜੇਗਾ।ਬ੍ਰਹਮਪੁਰਾ ਨੇ ਕਿਹਾ ਕਿ ਅਕਾਲੀ ਦਲ ਦੀ ਨੀਂਹ ਵਿੱਚ ਸ਼ਹੀਦਾਂ ਦਾ ਖੂਨ ਲੱਗਾ ਹੈ।ਪਰ ਇਨ੍ਹਾਂ ਨੇ ਕੌਮ ਦਾ ਬੇੜਾ ਗਰਕ ਕਰ ਦਿੱਤਾ ਹੈ।ਇਸ ਲਈ ਅਕਾਲ ਤਖ਼ਤ ਸਾਹਿਬ ‘ਤੇ ਸੰਗਤ ਨੂੰ ਇਕੱਠੇ ਹੋ ਕੇ ਅਕਾਲੀ ਦਲ ਦਾ ਨਵਾਂ ਪ੍ਰਧਾਨ ਚੁਣਨਾ ਚਾਹੀਦਾ ਹੈ। ਰਾਮੂਵਾਲੀਆ ਨੇ ਕਿਹਾ ਕਿ ਸੁਖਬੀਰ ਬਾਦਲ ਦੀਆਂ ਗਲਤ ਨੀਤੀਆਂ ਦੀ ਵਜ੍ਹਾ ਨਾਲ ਨੌਜਵਾਨਾਂ ਦੀ ਅਕਲ, ਨਸਲ ਅਤੇ ਫਸਲ ਖ਼ਰਾਬ ਹੋ ਗਈ ਹੈ।ਇਹੀ ਕਾਰਨ ਹੈ ਕਿ ਸਰਕਾਰ ਦੇ ਦਰਬਾਰ ਵਿੱਚ ਅਕਾਲੀ ਦਲ ਦਾ ਭਾਅ ਡਿੱਗ ਗਿਆ ਹੈ। ਪਰਮਜੀਤ ਸਰਨਾ ਨੇ ਸੁਝਾਅ ਦਿੱਤਾ ਕਿ ਬਾਦਲਾਂ ਤੋਂ ਅਕਾਲੀ ਦਲ ਨੂੰ ਆਜ਼ਾਦ ਕਰਵਾਉਣ ਲਈ ਸ਼ਹੀਦੀ ਜਥੇ ਬਣਾਏ ਜਾਣ।ਜਿਸ ਵਿੱਚ ਸ਼ਹੀਦੀ ਦੇਣ ਲਈ ਸ਼ਾਮਿਲ ਹੋਣ ਵਾਲਾ ਪਹਿਲੇ ਮੈਂਬਰ ਉਹ ਹੋਣਗੇ।ਸ਼ਾਹੀਨ ਬਾਗ ਵਿੱਚ ਜਿਵੇਂ ਔਰਤਾਂ ਨੇ ਮੋਰਚਾ ਲਗਾਇਆ ਹੈ, ਉਹੋ ਜਿਹਾ ਮੋਰਚਾ ਦਿੱਲੀ ਵਿੱਚ ਕਮੇਟੀ ਨੂੰ ਆਜ਼ਾਦ ਕਰਵਾਉਣ ਲਈ ਲਗਾਉਣਾ ਚਾਹੀਦਾ ਹੈ।ਜੀ.ਕੇ ਨੇ ਆਏ ਹੋਏ ਸਾਰੇ ਆਗੂਆਂ ਦਾ ਸਵਾਗਤ ਕਰਦੇ ਹੋਏ ਅਕਾਲੀ ਦਲ ਦੀ ਹੋਂਦ ਨੂੰ ਬਚਾਉਣ ਲਈ ਸਰਗਰਮ ਹੋਣ ਦਾ ਸੁਨੇਹਾ ਦਿੱਤਾ।ਸਟੇਜ ਦੀ ਸੇਵਾ ਜਾਗੋ ਪਾਰਟੀ ਦੇ ਜਨਰਲ ਸਕੱਤਰ ਪਰਮਿੰਦਰ ਪਾਲ ਸਿੰਘ ਅਤੇ ਕਮੇਟੀ ਮੈਂਬਰ ਚਮਨ ਸਿੰਘ ਸ਼ਾਹਪੁਰਾ ਨੇ ਨਿਭਾਈ।
ਇਸ ਮੌਕੇ 7 ਮਤੇ ਪਾਸ ਕੀਤੇ ਗਏ।ਸ਼੍ਰੋਮਣੀ ਅਕਾਲੀ ਦਲ ਦੇ ਗੌਰਵਮਈ ਇਤਹਾਸ ਦੀ ਜਾਣਕਾਰੀ ਨਵੀਂ ਪੀੜ੍ਹੀ ਨੂੰ ਪੂਰਾ ਸਾਲ ਵੱਖ-ਵੱਖ ਤਰੀਕਿਆਂ ਨਾਲ ਉਪਲੱਬਧ ਕਰਵਾਉਣ ਦੀਆਂ ਕੋਸ਼ਿਸ਼ਾਂ ਕੀਤੀਆ ਜਾਣਗੀਆਂ।ਅਕਾਲ ਤਖ਼ਤ ਸਾਹਿਬ, ਸ਼੍ਰੋਮਣੀ ਕਮੇਟੀ ਅਤੇ ਦਿੱਲੀ ਕਮੇਟੀ ਨੂੰ ਰਾਜਨੀਤਿਕ ਪ੍ਰਭਾਵ ਤੋਂ ਆਜ਼ਾਦ ਕਰਵਾਉਣ ਲਈ ਸੰਘਰਸ਼ ਕੀਤਾ ਜਾਵੇਗਾ।1984 ਸਿੱਖ ਕਤਲੇਆਮ ਪੀੜਤਾਂ ਨੂੰ ਇਨਸਾਫ਼ ਦਿਵਾਉਣ ਲਈ ਪੂਰੀ ਤੀਬਰਤਾ ਨਾਲ ਕੋਸ਼ਿਸ਼ ਕੀਤੀ ਜਾਵੇਗੀ। ਆਪਣੀ ਸਜ਼ਾ ਪੂਰੀ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਰਾਜਨੀਤਿਕ ਅਤੇ ਕਾਨੂੰਨੀ ਕੋਸ਼ਿਸ਼ਾਂ ਵੀ ਕੀਤੀਆਂ ਜਾਣਗੀਆਂ।ਗੁਰੂ ਨਾਨਕ ਸਾਹਿਬ ਜੀ ਦੇ ਪਵਿੱਤਰ ਛੋਹ ਪ੍ਰਾਪਤ ਸਥਾਨ ਗੁਰਦੁਆਰਾ ਗਿਆਨ ਗੋਦੜੀ ਸਾਹਿਬ, ਗੁਰਦੁਆਰਾ ਡਾਂਗਮਾਰ ਸਾਹਿਬ ਅਤੇ ਮੰਗੂ ਮੱਠ ਨੂੰ ਸਰਕਾਰੀ ਕਬਜ਼ੇ ਤੋਂ ਆਜ਼ਾਦ ਕਰਵਾਉਣ ਲਈ ਰਾਜਨੀਤਿਕ ਅਤੇ ਕਾਨੂੰਨੀ ਲੜਾਈ ਲੜਨ ਲਈ ਕੋਸ਼ਿਸ਼ਾਂ ਤੇਜ਼ ਹੋਣਗੀਆਂ।ਸਿੱਖ ਇਤਹਾਸ ਦੀ ਚੰਗੀ ਤਰ੍ਹਾਂ ਜਾਂਚ ਪੜਤਾਲ ਕਰਨ ਦੇ ਬਾਅਦ, ਯਕੀਨੀ ਤੌਰ ‘ਤੇ ਮਿਲਾਵਟ ਅਤੇ ਕਮੀ ਰਹਿਤ ਬਣਾਉਣ ਲਈ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਨਿਗਰਾਨੀ ‘ਚ ਸਿੱਖ ਰਿਸਰਚ ਬੋਰਡ ਬਣਾ ਕੇ ਇਤਹਾਸ ਨੂੰ ਡਿਜ਼ੀਟਲ ਤਰੀਕੇ ਨਾਲ ਸੁਰੱਖਿਅਤ ਕਰਨ ਦੀ ਮੰਗ ਕੀਤੀ ਜਾਂਦੀ ਹੈ।ਰਾਜਨੀਤਿਕ ਆਗੂਆਂ ਦੇ ਧਾਰਮਿਕ ਸੰਸਥਾਨਾਂ ਦੇ ਚੋਣ ਲੜਨ ‘ਤੇ ਰੋਕ ਲੱਗੇ।ਸ਼੍ਰੋਮਣੀ ਅਤੇ ਦਿੱਲੀ ਕਮੇਟੀ ਦੀਆਂ ਚੋਣਾਂ ਸਮੇਂ ਨਾਲ ਕਰਵਾਈ ਜਾਵੇ।ਦਿੱਲੀ ਕਮੇਟੀ ਦੀ ਫੋਟੋ ਵਾਲੀ ਨਵੀਂ ਵੋਟਰ ਸੂਚੀ ਬਣਾਉਣ ਦਾ ਕਾਰਜ ਤੁਰੰਤ ਦਿੱਲੀ ਸਰਕਾਰ ਸ਼ੁਰੂ ਕਰੇ।ਖਾਲਸਾ ਪੰਥ ਵੱਲੋਂ 1947 ਵਿੱਚ ਦੇਸ਼ ਦੀ ਅਜ਼ਾਦੀ ਦੇ ਬਾਅਦ ਪੰਜਾਬ ਦੀ ਬਿਹਤਰੀ ਅਤੇ ਕੌਮ ਦੀ ਵੱਖ ਪਹਿਚਾਣ ਨੂੰ ਬਰਕਰਾਰ ਰੱਖਣ ਲਈ ਅੱਜ ਤੱਕ ਪਾਸ ਕੀਤੇ ਗਏ ਸਮੂਹ ਮਤਿਆਂ ਨੂੰ ਅਮਲੀ ਜਾਮਾ ਪੁਆਉਣ ਲਈ ਇਹ ਇਕੱਤਰਤਾ ਅਹਿਦ ਲੈਂਦੀ ਹੈ।

Check Also

ਅਣ ਅਧਿਕਾਰਤ ਪਾਣੀ ਅਤੇ ਸੀਵਰੇਜ਼ ਦੇ ਕਨੈਕਸ਼ਨਾਂ ਨੂੰ ਕੀਤਾ ਗਿਆ ਰੈਗੂਲਰ – ਕਮਿਸ਼ਨਰ ਨਗਰ ਨਿਗਮ

ਕਿਹਾ, ਬਿਨਾਂ ਵਿਆਜ ਜੁਰਮਾਨੇ ਦੀਆਂ ਭਰੀਆਂ ਗਈਆਂ ਪ੍ਰਾਪਰਟੀ ਟੈਕਸ ਰਿਟਰਨਾਂ ਅੰਮ੍ਰਿਤਸਰ, 28 ਜੂਨ (ਸੁਖਬੀਰ ਸਿੰਘ) …

Leave a Reply