Tuesday, March 24, 2026

ਸਾਡਾ ਵਿਰਸਾ – ਛੱਜ

             Chhajਪੁਰਾਤਨ ਪੰਜਾਬ ਦੀ ਜੇਕਰ ਗੱਲ ਕਰੀਏ ਤਾਂ ਛੱਜ ਅਤੇ ਛੱਜਲੀ ਹਰ ਘਰ ਦੀ ਸ਼ਾਨ ਹੋਇਆ ਕਰਦੇ ਸਨ।ਜਦ ਵੀ ਕਣਕ ਜੌਂ ਛੋਲੇ ਆਦਿ ਫ਼ਸਲਾਂ ਦੀ ਗਹਾਈ ਤੇ ਕਣਕ ਦਾ ਪੀਹਣ ਬਣਾਉਣ ਲਈ ਤਾਂ ਪਿੜਾਂ ਵਿੱਚ ਛੱਜ ਅਤੇ ਛੱਜਲੀ ਦੀ ਲੋੜ ਪੈਂਦੀ ਸੀ।ਜਿਸ ਘਰ ਵਿੱਚ ਛੱਜ ਨਹੀਂ ਸੀ ਹੁੰਦਾ, ਓਸ ਘਰ ਦੀ ਸਵਾਣੀ ਨੂੰ ਕੁੱਢਰ, (ਭਾਵ ਕਮਲੇ ਲਾਣੇ ਦੀ ਧੀ) ਵੀ ਆਮ ਹੀ ਪੁਰਾਤਨ ਵਡੇਰੀ ਉਮਰ ਦੀਆਂ ਸਵਾਣੀਆਂ ਕਹਿ ਦਿੰਦੀਆਂ ਸਨ।ਓਹ ਐਸੇ ਸਮੇਂ ਰਹੇ ਨੇ ਪੰਜਾਬ ਵਿੱਚ ਕਿ ਕੋਈ ਵੀ ਸੱਜ ਵਿਆਹੀ ਮੁਟਿਆਰ ਜਾਂ ਫਿਰ ਘਰ ਦੀ ਕਵਾਰੀ ਕੁੜੀ ਓਹਨਾਂ ਦਾ ਬਿਲਕੁੱਲ ਵੀ ਗੁੱਸਾ ਨਹੀਂ ਕਰਦੀਆਂ ਸਨ, ਸਗੋਂ ਹੱਸ ਕੇ ਹਰ ਗੱਲ ਟਾਲ ਦਿੱਤੀ ਜਾਂਦੀ ਸੀ ਤੇ ਓਹਨਾਂ ਦੀਆਂ ਮਿਆਰੀ ਗੱਲਾਂ ‘ਚੋਂ ਸਿੱਖਣ ਲਈ ਵੀ ਬਹੁਤ ਕੁੱਝ ਮਿਲਦਾ ਸੀ।
           ਸਮੇਂ ਨੇ ਕਰਵਟ ਬਦਲੀ ਤੇ ਅੱਜ ਅਸੀਂ ਓਹ ਪੁਰਾਤਨ ਸਭ ਚੀਜ਼ਾਂ ਭੁੱਲਦੇ ਜਾ ਰਹੇ ਹਾਂ।ਜੋ ਮੈਂ ਉਪਰ ਛੱਜ ਛੱਜਲੀ ਅਤੇ ਕੁੱਢਰ ਸ਼ਬਦਾਂ ਦਾ ਵਰਨਣ ਕੀਤਾ ਹੈ।ਉਸ ਦਾ ਸਾਡੀ ਅਜੋਕੀ ਪੀੜ੍ਹੀ ਨੂੰ ਬਿਲਕੁੱਲ ਵੀ ਗਿਆਨ ਨਹੀਂ ਹੋਵੇਗਾ, ਹਾਂ ਜੋ ਵਡੇਰੀ ਉਮਰ ਭਾਵ ਪੰਜਾਹ ਸੱਠ ਸਾਲ ਦੇ ਦੋਸਤ ਮਿੱਤਰ ਜਾਂ ਭੈਣਾਂ ਹੋਣਗੀਆਂ ਸਿਰਫ ਤੇ ਸਿਰਫ ਓਹੋ ਹੀ ਸਮਝ ਸਕਣਗੇ।
          ਅਜਕਲ ਤਾਂ ਨਾ ਹੀ ਓਹੋ ਜਿਹੇ ਵਿਆਹ ਰਹੇ ਤੇ ਨਾ ਹੀ ਨਾਨਕੇ ਮੇਲ।ਪੁਰਾਤਨ ਸਮਿਆਂ ਵਿੱਚ ਨਾਨਕਾ ਮੇਲ ਆਪਣੇ ਨਾਲ ਹੀ ਛੱਜ ਲੈ ਕੇ ਆਉਂਦੇ ਸਨ ਤੇ ਗਿੱਧਾ ਪਾ ਕੇ ਛੱਜ ਭੰਨਣ ਦੀ ਵੀ ਇੱਕ ਰਸਮ ਹੁੰਦੀ ਸੀ।ਓਹਨਾਂ ਸਮਿਆਂ ਵਿੱਚ ਕਈ ਕਈ ਦਿਨ ਵਿਆਹਾਂ ਦੇ ਜਸ਼ਨ ਚੱਲਦੇ ਸਨ, ਪਰ ਹੁਣ ਅਸੀਂ ਬਹੁਤ ਅਮੀਰੀ ਦੀ ਝਲਕ ਵਾਲੇ ਤੇ ਮਸ਼ੀਨੀ ਜ਼ਿੰਦਗੀ ਜੀਅ ਰਹੇ ਹਾਂ।ਕਿਸੇ ਕੋਲ ਵੀ ਇਹੋ ਜਿਹੀਆਂ ਗੱਲਾਂ ਕਰਨ ਦਾ ਛੱਜ ਭੰਨਣ ਦਾ ਤੇ ਫਾਲਤੂ ਰਸਮਾਂ ਰਿਵਾਜ਼ਾਂ ਦਾ ਸਮਾਂ ਹੀ ਨਹੀਂ ਬਚਿਆ? ਹੁਣ ਤਾਂ ਦੋ ਤਿੰਨ ਦਿਨ ਚੱਲਣ ਵਾਲੇ ਵਿਆਹਾਂ ਦੀਆਂ ਰਸਮਾਂ ਕੁੱਝ ਕੁ ਘੰਟਿਆਂ ਵਿੱਚ ਹੀ ਨਿਪਟਾ ਲਈਦੀਆਂ ਹਨ।
            ਜੇਕਰ ਕਿਸੇ ਘਰ ਵਿੱਚ ਪੁਰਾਣੇ ਬਜ਼ੁਰਗ ਬੈਠੇ ਹਨ ਓਹ ਤਾਂ ਬੇਸ਼ੱਕ ਆਪਣੇ ਮਨ ਦੀ ਗੱਲ ਪੁਗਾ ਕੇ ਪੁਰਾਣੇ ਰਸਮ ਰਿਵਾਜ਼ ਨਿਭਾਅ ਲੈਣ ਜਾਂ ਨਿਭਾਉਣ ਲਈ ਆਪਣੇ ਪੁੱਤਰ ਪੋਤਰਿਆਂ ਨੂੰ ਮਜ਼ਬੂਰ ਕਰ ਦੇਣ, ਵੈਸੇ ਕਿਸੇ ਕੋਲ ਵੀ ਇਹੋ ਜਿਹੇ ਫਾਲਤੂ ਕੰਮਾਂ ਲਈ ਸਮਾਂ ਕਿਥੇ?
             ਜੇਕਰ ਫਿਰ ਵੀ ਕਿਤੇ ਛੱਜ ਲੈਣਾ ਹੋਵੇ ਤਾਂ ਫਿਰ ਦੁਕਾਨਦਾਰਾਂ ਦੀ ਫਿਰ ਚਾਂਦੀ ਹੁੰਦੀ ਹੈ।ਓਹ ਮੂੰਹੋਂ ਮੰਗੇ ਪੈਸੇ ਲੈਂਦੇ ਹਨ।ਓਹਨਾਂ ਨੇ ਛੱਜ ਨੂੰ ਪੂਰਾ ਸ਼ਿੰਗਾਰ ਕੇ ਰੱਖਿਆ ਹੁੰਦਾ ਹੈ।ਇਹ ਸਾਰੇ ਰਸਮੋਂ ਰਿਵਾਜ ਸਿਰਫ਼ ਉਤਲੇ ਮਨੋਂ ਸਿਰਫ ਵਿਖਾਵੇ ਦੇ ਤੌਰ ‘ਤੇ ਹੀ ਕੀਤੇ ਜਾਂਦੇ ਹਨ।
              ਬੇਸ਼ੱਕ ਕਿਸੇ ਕੋਲ ਸਮਾਂ ਨਹੀਂ ਬਚਿਆ ਹੈ।ਪਰ ਸਾਡਾ ਸਭਨਾਂ ਦਾ ਫਰਜ਼ ਹੈ ਕਿ ਅਸੀਂ ਆਪਣੇ ਅਤੀਤ ਅਤੇ ਵਿਰਸੇ ਨਾਲ ਜੁੜ ਕੇ ਰਹੀਏ ਤੇ ਸਾਡੀ ਅਜੋਕੀ ਪੀੜ੍ਹੀ ਨੂੰ ਵੀ ਵਿਰਸੇ ਪ੍ਰਤੀ ਜਾਣੂ ਕਰਵਾਈਏ।ਤਾਂ ਜੋ ਬੱਚਿਆਂ ਨੂੰ ਪਤਾ ਲੱਗ ਸਕੇ ਕਿ ਸਾਡੇ ਪੁਰਾਤਨ ਪੰਜਾਬ ਦੇ ਕੀ ਰਸਮੋਂ ਰਿਵਾਜ਼ ਸਨ ਤੇ ਸਾਡੇ ਪੁਰਖਿਆਂ ਦੀ ਜੀਵਨ-ਸ਼ੈਲੀ ਕਿਹੋ ਜਿਹੀ ਰਹੀ ਹੈ ਤੇ ਸਾਡਾ ਖਾਣਾ ਪੀਣ ਕਿਹੋ ਜਿਹਾ ਸੀ।ਵਡੇਰੀ ਉਮਰ ਦੇ ਬਜ਼ੁਰਗਾਂ ਦਾ ਵੀ ਇਹ ਫਰਜ਼ ਬਣਦਾ ਹੈ ਕਿ ਉਹ ਅਜੋਕੀ ਨੌਜਵਾਨ ਪੀੜ੍ਹੀ ਵਿਰਸੇ ਨੂੰ ਪੁਰਾਤਨ ਰਸਮਾਂ ਰਿਵਾਜ਼ਾਂ ਤੇ ਵਿਰਸੇ ਤੋਂ ਜਰੂਰ ਜਾਣੂ ਕਰਵਾਉਣ।

Jasveer Dadahoor

 

 

 

ਜਸਵੀਰ ਸ਼ਰਮਾ ਦੱਦਾਹੂਰ
ਸ੍ਰੀ ਮੁਕਤਸਰ ਸਾਹਿਬ।

Check Also

ਔਰਤਾਂ ਦੇ ਮੁਫ਼ਤ ਸਫਰ `ਤੇ ਪੰਜਾਬ ਸਰਕਾਰ ਨੇ ਖਰਚੇ 2042 ਕਰੋੜ – ਵਿਧਾਇਕਾ ਜੀਵਨ ਜੋਤ ਕੌਰ

ਅੰਮ੍ਰਿਤਸਰ, 23 ਮਾਰਚ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਦੀ ਵਿਧਾਇਕਾ ਸ੍ਰੀਮਤੀ ਜੀਵਨ …

Leave a Reply