Thursday, November 21, 2024

ਜੋਰੂ ਦਾ ਗੁਲਾਮ! (ਕਹਾਣੀ)

             ਵੱਡੀ ਗੱਡੀ ‘ਚ ਵਾਪਿਸ ਆਉਂਦੇ ਬਹਿਸ ਬੜੀ ਰੌਚਿਕ ਚੱਲ ਰਹੀ ਸੀ।ਸਾਡੇ ਸੱਤ ਮੈਂਬਰਾਂ ‘ਚੋਂ ਤਿੰਨ-ਚਾਰ ਔਰਤਾਂ ਵੀ ਸਨ।ਗੱਲਬਾਤ ਦਾ ਵਿਸ਼ਾ ਪਤੀ-ਪਤਨੀ ਦੇ ਘਰੇਲੂ ਜੀਵਨ ਨਾਲ ਸੰਬੰਧਿਤ ਸੀ।ਸਾਰੇ ਹੀ ਨੌਕਰੀ ਪੇਸ਼ੇ ਵਾਲੇ ਪੜੇ੍ਹ-ਲਿਖੇ ਸਾਥੀ ਸਨ।ਰਵੀ ਆਪਣੀ ਪਤਨੀ ਪ੍ਰਤੀ ਕਾਫੀ ਜ਼ਜ਼ਬਾਤੀ ਲੱਗ ਰਿਹਾ ਸੀ।ਵੈਸੇ ਵੀ ਉਹ ਮਾੜਕੂ ਦਿੱਖ ਵਾਲਾ ਤਿੱਖਾ ਤੇ ਜ਼ਜ਼ਬਾਤੀ ਜਿਹਾ ਬੰਦਾ ਸੀ।
            ਕੋਈ ਕਹੇ ਮਰਦ ਪ੍ਰਧਾਨ ਸਮਾਜ ਹੈ।ਕੋਈ ਕਹਿੰਦਾ ਹੁਣ ਦੇ ਵਿਗਿਆਨਕ ਯੁੱਗ ਵਿੱਚ ਔਰਤ ਨੂੰ ਆਜ਼ਾਦੀ ਬੜੀ ਮਿਲ ਗਈ।ਕੋਈ ਕਹਿੰਦੀ ਔਰਤ, ਮਰਦ ਦੇ ਬਰਾਬਰ ਹੈ।ਮਜ਼ਾਕੀਆ ਟੋਨ ਵਿੱਚ ਮੈਂ ਵੀ ਕਹਿ ਦਿੱਤਾ, ਮੈਨੂੰ ਤਾਂ ਔਰਤ ਪ੍ਰਧਾਨ ਸਮਾਜ ਲਗਦੈ! ਹਰ ਬੰਦੇ ਦੇ ਪਿੱਛੇ ਕਿਸੇ ਨਾ ਕਿਸੇ ਔਰਤ ਦਾ ਦਖ਼ਲ ਹੁੰਦੈ।ਇਹ ਗੱਲ ਕਹਿਣ ਦੀ ਦੇਰ ਈ ਸੀ ਕਿ ਰਵੀ ਆਪਣੇ ਵਹਿਣ ‘ਚ ਵਹਿ ਤੁਰਿਆ।ਕਹਿੰਦਾ, ਮੈਂ ਸਾਰੇ ਘਰ ਦੇ ਕੰਮ ਆਪ ਕਰਦਾਂ।ਰੋਟੀ ਬਣਾਉਂਦਾਂ, ਖਾਣਾ ਪਰੋਸਦਾਂ, ਭਾਂਡੇ ਮਾਂਜਦਾਂ, ਕੱਪੜੇ ਧੋਂਦਾ, ਸਫ਼ਾਈਆਂ ਕਰਦਾਂ।…ਜੇ ਔਰਤ ਨੌਕਰੀ ਕਰਦੀ ਹੋਈ ਸਭ ਕੁੱਝ ਕਰਦੀ ਏ, ਤਾਂ ਬੰਦੇ ਨੂੰ ਕਿਹੜੀ ਮੌਤ ਪੈਂਦੀ? ਨਾਲੇ ਇਹ ਕਿੱਥੇ ਲਿਖਿਆ ਕਿ ਘਰ ਦੇ ਸਾਰੇ ਪੋਚੇ-ਪਾਚੇ ਦਾ ਕੰਮ ਘਰ ਦੀ ਔਰਤ ਨੇ ਈ ਕਰਨੈਂ?
           ਨੇੜੇ ਬੈਠੀ ਸ਼ਬਨਮ, ਜਿਹੜੀ ਅਕਸਰ ਈ ਮਰਦਾਂ ਨੂੰ ਕੋਸਦੀ ਰਹਿੰਦੀ, ਬੋਲੀ, ਮੇਰਾ ਤਾਂ ਬਸ ਡਿਊਟੀ ਤੋਂ ਵਾਪਿਸ ਆ ਕੇ ਪ੍ਰਾਹੁਣਿਆਂ ਵਾਂਗ ਬਹਿ ਜਾਂਦਾ।ਨੌਕਰੀ ਵੀ ਕਰੋ ਤੇ ਘਰ ਵਾਲੇ ਦੀ ਸੇਵਾ ਵੀ ਕਰੋ।ਜਮਾਂ ਈਂ, ਮਰਦ ਪ੍ਰਧਾਨ ਸਮਾਜ ਆ।
          ਅਜੇ ਇਹ ਗੱਲ ਚੱਲ ਹੀ ਰਹੀ ਸੀ ਕਿ ਅਧਖੜ੍ਹ ਉਮਰ ਪਾਰ ਕਰਨ ਵਾਲੀ ਜੁਗਰੀਤ ਨੇ ਵੀ ਆਪਣਾ ਚਸ਼ਮਾਂ ਅੱਖੋਂ ਹੇਠਾਂ ਕਰਦਿਆਂ ਆਪਣੀ ਭੜਾਸ ਕੱਢ ਈ ਛੱਡੀ।ਕਹਿੰਦੀ, ਸ਼ਬਨਮ, ਇਹ ਤਾਂ ਆਮ ਜਿਹੀ ਗੱਲ ਆ।ਸਾਰਿਆਂ ਨਾਲ ਰੋਜ਼ ਏਹੋ ਕੁੱਝ ਈ ਹੁੰਦਾ।ਨਿਆਣੇ ਪੜ੍ਹਾਵੇ, ਤਾਂ ਔਰਤ ਪੜ੍ਹਾਵੇ।ਨਿਆਣੇ ਖਿਡਾਵੇ, ਤਾਂ ਔਰਤ! ਘਰ ਵਾਲੇ ਨੂੰ ਕਹਿ ਦੇਵੋ ਨਾ ਕਿ ਬੱਚੇ ਪੜ੍ਹਾ ਲਓ।ਚਾਰ ਚੁਪੇੜਾਂ ਮਾਰ ਕੇ ਬੱਚਿਆਂ ਨੂੰ ਏਹੋ ਜਿਹੀ ‘ਪੜਾ੍ਹਈ’ ਕਰਾਂਉਦਾ ਕਿ ਬੱਚਾ ਆਪ ਈ ਮੁੜ ਕੇ ਪਿਓ ਕੋਲ ਪੜ੍ਹਨ ਨਈਂ ਜਾਂਦਾ।ਵੈਸੇ ਨਵੀਂ ਗੱਲ ਤਾਂ ਰਵੀ ਨੇ ਕੀਤੀ। ਆਹੋ, ਨਵੀਂ ਗੱਲ ਤਾਂ ਹੋਈ ਈ! ਜੋਰੂ ਦੀ ਸੇਵਾ ਜੂ ਬਹੁਤ ਕਰਦੈ ਰਵੀ! ਜੇ ਸਾਰਾ ਕੰਮ ਰਵੀ ਨੇ ਈ ਕਰਨਾਂ, ਤਾਂ ਉਹ ਭਲਾ ਕੀ ਕਰਦੀ ਜਿਹੜੀ ਵਿਆਹ ਕੇ ਲਿਆਂਦੀ? ਗੁੱਸਾ ਨਾ ਕਰੀਂ ਰਵੀ! ਮਰਦ ਕਾਅਦਾ, ਫਿਰ ਤਾਂ ਜੋਰੂ ਦਾ ਗ਼ੁਲਾਮ ਈ ਹੋਇਆ? ਰਵੀ ਤਾਂ ਪਾਣੀਓ ਪਾਣੀ ਹੈ ਹੀ ਸੀ, ਪਰ ਹਰ ਵੇਲੇ ਸੜੇ ਸੁਭਾਅ ਨਾਲ ਗੱਲ ਕਰਨ ਵਾਲੀ ਗੁਲਬਾਨੋ ਦੇ ਇਹ ਲਫ਼ਜ਼ ਮੇਰੇ ਹੱਡਾਂ ਨੂੰ ਚੀਰਦੇ ਹੋਏ ਧੁਰ ਅੰਦਰ ਤੱਕ ਦੁੱਖੀ ਕਰ ਗਏ।ਮੈਂ ਕਿਹਾ ਗੁਲਬਾਨੋ ਭੈਣ, ਮਰਦ ਘਰ ਦੇ ਕੰਮ ਕਰੇ ਤਾਂ ਕੀ ਉਹ ਜੋਰੂ ਦਾ ਗ਼ੁਲਾਮ ਹੋ ਗਿਆ? ਇਹ ਮਰਦ ਪ੍ਰਧਾਨ ਸੋਚ ਵੀ ਤੁਹਾਡੇ ਵਰਗੀ ਸੋਚ ਰੱਖਣ ਵਾਲੀਆਂ ਔਰਤਾਂ ਦੀ ਦੇਣ ਈ ਆ! ਐਵੇਂ ਘਰ ਦੇ ਬੰਦੇ ਨੂੰ ‘ਮਰਦ ਮਰਦ’ ਕਹਿ ਕੇ ਸਿਰੇ ਚੜ੍ਹਾ ਦਿੱਤੈ?
                 ਤੀਵੀਂ ਦੇ ਪੱਖ ‘ਚ ਮੇਰੀ ਗੱਲ ਸੁਣ ਕੇ ਬਾਕੀ ਤੀਵੀਂਆਂ ਤਾਂ ਭਾਵੇਂ ਮੇਰੀ ਗੱਲ ਵਿੱਚ ਹਾਂ ‘ਚ ਹਾਂ ਮਿਲਾਈ ਜਾ ਰਈਆਂ ਸਨ।ਪਰ ਰਵੀ ਅਜੇ ਵੀ ਡੂੰਘੀਆਂ ਸੋਚਾਂ ‘ਚ ਗੁੰਮ-ਸੁੰਮ ਹੀ ਸੀ।ਮੈਨੂੰ ਲੱਗਾ ਜਿਵੇਂ ‘ਜੋਰੂ ਦਾ ਗ਼ੁਲਾਮ’ ਦੇ ਤਾਅਨੇ ਹੇਠ ਦੱਬਿਆ ਉਹ ਸੰਤਾਪ ਦੇ ਡੂੰਘੇ ਵਹਿਣ ਵਿੱਚ ਗੋਤੇ ਖਾ ਰਿਹਾ ਹੋਵੇ!

Paramjit Kalsi Btl

 

 

 

ਡਾ. ਪਰਮਜੀਤ ਸਿੰਘ ਕਲਸੀ (ਸਟੇਟ ਅਤੇ ਨੈਸ਼ਨਲ ਐਵਾਰਡੀ),
ਲੈਕਚਰਾਰ ਪੰਜਾਬੀ, ਪਿੰਡ ਤੇ ਡਾਕਖਾਨਾ ਊਧਨਵਾਲ,
ਜ਼ਿਲਾ੍ਹ ਗੁਰਦਾਸਪੁਰ। ਮੋ- 70689 00008

Check Also

ਉਦਯੋਗਪਤੀਆਂ ਦੇ ਬਕਾਇਆ ਕੇਸਾਂ ਨੂੰ ਸਮਬੱਧ ਤਰੀਕੇ ਨਾਲ ਕੀਤਾ ਜਾਵੇਗਾ ਹੱਲ – ਖਰਬੰਦਾ

ਅੰਮ੍ਰਿਤਸਰ, 20 ਨਵੰਬਰ (ਸੁਖਬੀਰ ਸਿੰਘ) – ਪੰਜਾਬ ਸਰਕਾਰ ਉਦਯੋਗਪਤੀਆਂ ਦੀਆਂ ਮੁਸ਼ਕਲਾਂ ਦਾ ਹੱਲ ਕਰਨ ਲਈ …

Leave a Reply