ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੈ ‘ਗੁਰੂ ਨਾਨਕ ਦਰਸ਼ਨ’ – ਸਤਿਆਜੀਤ ਮਜੀਠੀਆ
ਅੰਮ੍ਰਿਤਸਰ, 30 ਜਨਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਵਡਿਆਈ ਅਤੇ ਮਹਾਨਤਾ ਦਾ ਕੋਈ ਸਾਨੀ ਨਹੀਂ ਹੈ।ਗੁਰੂ ਸਾਹਿਬ ਜੀ ਨੇ ਜਿਥੇ ਕਲਿਯੁਗ ’ਚ ਜਾਤੀਵਾਦ, ਨਾਰੀਵਾਦ, ਜਬਰਜੁਲਮ, ਵਹਿਮਾਂਭਰਮਾਂ, ਪਾਖੰਡ ਤੇ ਹੋਰ ਅਨੇਕਾਂ ਸਮਾਜਿਕ ਕੁਰੀਤੀਆਂ ’ਚੋਂ ਲੋਕਾਂ ਨੂੰ ਬਾਹਰ ਕੱਢਿਆ ਉਥੇ ਉਨਾਂ ਪ੍ਰਮਾਤਮਾ ਦਾ ਸਿਮਰਨ ਕਰਕੇ ਭਵਸਾਗਰ ਤੋਂ ਪਾਰ ਉਤਾਰਾ ਕਰਨ ਲਈ ਲੋਕਾਂ ਨੂੰ ਉਪਦੇਸ਼ਾਂ ਰਾਹੀਂ ਸੋਝੀ ਪਾਈ।ਇਹ ਵਿਚਾਰ ਅੱਜ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਵਲੋਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਵਾਏ ਧਾਰਮਿਕ ਸਮਾਗਮ ਮੌਕੇ ‘ਗੁਰੂ ਨਾਨਕ ਦਰਸ਼ਨ’ ਪੁਸਤਕ ਲੋਕ ਅਰਪਿਤ ਕਰਦਿਆਂ ਉਚੇਚੇ ਤੌਰ ’ਤੇ ਪੁੱਜੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਜਗਤਾਰ ਸਿੰਘ ਨੇ ਆਪਣੇ ਸੰਬੋਧਨ ਰਾਹੀਂ ਸਾਂਝੇ ਕੀਤੇ। ਇਸ ਮੌਕੇ ਉਨਾਂ ਨਾਲ ਕੌਂਸਲ ਦੇ ਪ੍ਰਧਾਨ ਸੱਤਿਆਜੀਤ ਸਿੰਘ ਮਜੀਠੀਆ ਅਤੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਤੇ ਹੋਰ ਕੌਂਸਲ ਦੇ ਅਹੁੱਦੇਦਾਰ ਵੀ ਮੌਜ਼ੂਦ ਸਨ।
ਉਨਾਂ ਨੇ ‘ਗੁਰੂ ਨਾਨਕ ਦਰਸ਼ਨ’ ਪੁਸਤਕ ਸਬੰਧੀ ਕਿਹਾ ਕਿ ਹਰ ਚਿੱਤਰ ’ਤੇ ਉਸ ਨਾਲ ਦਿੱਤਾ ਇਤਿਹਾਸਕ ਵੇਰਵਾ ਗੁਰੂ ਸਾਹਿਬ ਦੀ ਉਮਰ ਤੇ ਜੀਵਨ ਦਰਸ਼ਨ ਸਬੰਧੀ ਇਕ ਇਤਿਹਾਸਕ ਦਸਤਾਵੇਜ਼ ਵਾਂਗ ਹੈ। ਇਹ ਗੁਰੂ ਸਾਹਿਬ ਦੇ ਸਮੁੱਚੇ ਜੀਵਨ ਅਤੇ ਫ਼ਲਸਫ਼ੇ ਨੂੰ ਸਮਝਣ ਲਈ ਇਕ ਮੁੱਲਵਾਨ ਕਾਰਜ ਹੈ।ਇਹ ਕਾਰਜ ਵਿਲੱਖਣ ਵੀ ਹੈ ਅਤੇ ਨਵਾਂ ਵੀ। ਉਨਾਂ ਇਸ ਮੌਕੇ ਖ਼ਾਲਸਾ ਕਾਲਜ ਦੀ ਪੁਰਾਤਨ ਸਮੇਂ ਤੋਂ ਸਮਾਜ ਨੂੰ ਦੇਣ ਸਬੰਧੀ ਚਾਨਣਾ ਪਾਉਂਦਿਆਂ ਕਿਹਾ ਕਿ ਖ਼ਾਲਸਾ ਕਾਲਜ ਦੀ ਸਿਫ਼ਤ ਕਿਸੇ ਸ਼ਬਦਾਂ ਦੀ ਮੁਥਾਜ਼ ਨਹੀਂ ਹੈ, ਕਿਉਂਕਿ ਕਾਲਜ ਦੇ ਸੂਝਵਾਨ ਅਤੇ ਨਾਮਵਰ ਸਖ਼ਸ਼ੀਅਤਾਂ ਸਮਾਜ ਅਤੇ ਵਿਦਿਆਰਥੀਆਂ ਦੇ ਭਲੇ ਲਈ ਹਮੇਸ਼ਾਂ ਇਕ ਕਦਮ ਅਗਾਂਹ ਹੀ ਰਿਹਾ ਹੈ ਅਤੇ ਸਮੇਂ ਦੀ ਨਜ਼ਾਕਤ ਨੂੰ ਭਾਂਪਦਿਆਂ ਹਰੇਕ ਪ੍ਰਕਾਰ ਦੀ ਸੁਵਿਧਾ ਅਤੇ ਸਾਧਨ ਸੰਸਥਾ ਵੱਲੋਂ ਮੁਹੱਈਆ ਕੀਤਾ ਗਿਆ ਹੈ ਅਤੇ ਕੀਤਾ ਜਾ ਰਿਹਾ ਹੈ। ਉਨਾਂ ਇਸ ਮੌਕੇ ਸਮੂਹ ਵਿਦਿਆਰਥੀਆਂ ਨੂੰ ਗੁਰੂ ਸਾਹਿਬ ਜੀ ਦੇ ਫ਼ਲਸਫ਼ੇ ਅਤੇ ਵਚਨਾਂ ਨੂੰ ਅਪਣਾ ਕੇ ਸਮਾਜ ਦੀ ਉਨਤੀ ਤੇ ਖੁਸ਼ਹਾਲੀ ’ਚ ਆਪਣਾ ਮਹੱਤਵਪੂਰਨ ਯੋਗਦਾਨ ਪਾਉਣ ਲਈ ਚਾਨਣਾ ਪਾਇਆ।
ਉਨਾਂ ਸਿੱਖੀ ਸਿਧਾਂਤਾਂ ਦੀ ਗੱਲ ਕਰਦਿਆਂ ਸਿੱਖੀ ਦੇ ਪਚਾਰ ਅਤੇ ਪ੍ਰਸਾਰ ’ਚ ਨੌਜਵਾਨ ਪੀੜੀ ਨੂੰ ਅਗਾਂਹ ਆਉਣ ਲਈ ਕਹਿੰਦਿਆਂ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਗੱਲ ਕੀਤੀ ਤੇ ਕਿਹਾ ਕਿ ਪੰਜਾਬ ਦੀ ਵਿਰਾਸਤ ਬਹੁਤ ਹੀ ਅਨਮੋਲ ਹੈ ਅਤੇ ਵਿਸ਼ਵ ਪੱਧਰ ’ਤੇ ਇਸ ਲਈ ਜਾਗਰੂਕਤਾ ਦੀ ਅਤਿਅੰਤ ਜਰੂਰਤ ਹੈ।
ਉਨਾਂ ਨੇ ਕਿਹਾ ਕਿ ਗੁਰੂ ਨਾਨਕ ਦਰਸ਼ਨ ਪੁਸਤਕ ਗੁਰੂ ਸਾਹਿਬ ਜੀ ਦੇ ਜੀਵਨ ਅਤੇ ਫ਼ਲਸਫ਼ੇ ਦੀ ਬੇ-ਜੋੜ ਮਿਸਾਲ ਹੈ।ਉਨਾਂ ਕਿਹਾ ਕਿ ਗੁਰੂ ਸਾਹਿਬ ਜੀ ਦੇ ਵੱਖ-ਵੱਖ ਚਿੱਤਰਾਂ ’ਚ ਉਨਾ ਦਾ ਪੂਰਾ ਜੀਵਨ ਤੇ ਬਾਣੀ ਫ਼ਲਸਫ਼ਾ ਰਮਿਆ ਹੋਇਆ ਨਜ਼ਰ ਆਉਂਦਾ ਹੈ।ਇਹ ਉਮਰ ਅਤੇ ਇਤਿਹਾਸ ਦੀ ਤੋਰ ਮੁਤਾਬਕ ਗੁਰੂ ਸਾਹਿਬ ਜੀ ਬਾਰੇ ਇਕ ਦਰੁਲੱਭ ਪੁਸਤਕ ਹੈ।ਇਸ ਪੁਸਤਕ ਦੀ ਪੇਸ਼ਕਾਰੀ ਤੇ ਤਿਆਰੀ ’ਚ ਸਤਿਕਾਰ ਤੇ ਸ਼ਰਧਾ ਦੇ ਨਾਲ ਨਾਲ ਗੁਰਮਤਿ ਦੀ ਸੋਝੀ ਵੀ ਸਮੋਈ ਹੋਈ ਨਜ਼ਰ ਆਉਂਦੀ ਹੈ।ਉਨਾਂ ਕਿਹਾ ਕਿ ਮਹਾਨ ਸੰਸਥਾ ਖ਼ਾਲਸਾ ਕਾਲਜ ਨੂੰ ਚਲਾਉਣ ਵਾਲੀ ਗਵਰਨਿੰਗ ਕੌਂਸਲ ਨੇ ਅਜਿਹੀ ਪੁਸਤਕ ਰਾਹੀਂ ਆਪਣੀ ਸਿੱਖੀ ਪ੍ਰਤੀ ਸਮਰਪਿਤ ਭਾਵਨਾ ਤੇ ਪੰਥ ਪ੍ਰਸਤੀ ਦਾ ਸਬੂਤ ਦਿੱਤਾ ਹੈ।ਅਜਿਹੀ ਮਿਆਰੀ ਪੁਸਤਕ ਦੀ ਆਮਦ ਸਬੰਧੀ ਸਮੂਹ ਪ੍ਰਬੰਧਕ ਵਧਾਈ ਦੇ ਪਾਤਰ ਹਨ।
ਮਜੀਠੀਆ ਨੇ ਗਿਆਨੀ ਜਗਤਾਰ ਸਿੰਘ ਵਲੋਂ ਗੁਰੂ ਨਾਨਕ ਸਾਹਿਬ ਜੀ ਦੇ ਜੀਵਨ ’ਤੇ ਅਧਾਰਿਤ ਪੁਸਤਕ ਨੂੰ ਲੋਕ ਅਰਪਿਤ ਕਰਦਿਆਂ ਕਿਹਾ ਕਿ ਅੱਜ ਸਮੂਹ ਮੈਨੇਜ਼ਮੈਂਟ ਆਪਣੇ ਆਪ ਨੂੰ ਬਹੁਤ ਹੀ ਵਡਭਾਗਾ ਮਹਿਸੂਸ ਕਰ ਰਿਹਾ ਹੈ ਕਿ ਗੁਰੂ ਸਾਹਿਬ ਦੇ ਅਵਤਾਰ ਧਾਰਨ ਤੋਂ ਲੈ ਕੇ ਅਨੇਕਾਂ ਲੋਕਾਂ ਦਾ ਉਧਾਰ ਕਰਦੇ ਜੀਵਨ ਦੇ ਵੱਖ-ਵੱਖ ਪਹਿਲੂਆਂ ਨੂੰ ਬੜੇ ਸੁਚੱਜੇ ਅਤੇ ਸੁੰਦਰ ਢੰਗ ਨਾਲ ਨਾਮਵਰ ਚਿੱਤਰਕਾਰਾਂ ਦੁਆਰਾ ਤਿਆਰ ਕੀਤੇ ਗਏ ਚਿੱਤਰਾਂ ਅਤੇ ਜੀਵਨੀ ਸਮੇਤ ਪੁਸਤਕ ’ਚ ਪੇਸ਼ ਕੀਤਾ ਗਿਆ ਹੈ।ਉਨਾਂ ਕਿਹਾ ਕਿ ‘ਗੁਰੂ ਨਾਨਕ ਦਰਸ਼ਨ’ ਪੁਸਤਕ ਗੁਰੂ ਸਾਹਿਬ ਦੇ 550 ਸਾਲਾ ਆਗਮਨ ਪੁਰਬ ਨੂੰ ਸਮਰਪਿਤ ਹੈ।ਅਜਿਹੇ ਦਿਹਾੜੇ ਸਿੱਖ ਸੰਗਤਾਂ ਨੂੰ ਗੁਰੂ ਸਾਹਿਬ ਦੇ ਜੀਵਨ ਤੇ ਫਲਸਫ਼ੇ ਨਾਲ ਜੋੜਨ ਦੀ ਵੱਡੀ ਪ੍ਰੇਰਨਾ ਦਾ ਸਬੱਬ ਬਣਦੇ ਹਨ।
ਛੀਨਾ ਨੇ ਪੁਸਤਕ ਲੋਕ ਅਰਪਿਤ ਕਰਨ ਦੀ ਖੁਸ਼ੀ ਸਾਂਝੀ ਕਰਦਿਆਂ ਕਿਹਾ ਕਿ ਮੈਨੂੰ ਬਹੁਤ ਫ਼ਖਰ ਮਹਿਸੂਸ ਹੋ ਰਿਹਾ ਹੈ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਜਗਤਾਰ ਸਿੰਘ ਸਿੱਖਾਂ ਦੇ ਪਹਿਲੇ ਗੁਰੂ ਧੰਨ ਸ੍ਰੀ ਗੁਰੂ ਨਾਨਕ ਜੀ ਦੇ ਜੀਵਨ ਨੂੰ ਰੂਪਮਾਨ ਕਰਦੀ ਧਾਰਮਿਕ ਪੁਸਤਕ ਦੇ ਸਮਾਗਮ ’ਤੇ ਪੁੱਜੇ ਹਨ। ਉਨਾਂ ਕਿਹਾ ਕਿ ਮੈਨੇਜ਼ਮੈਂਟ ਪਾਸੋਂ ਗੁਰੂ ਸਾਹਿਬ ਜੀ ਨੇ ਆਪਣੀ ਆਪਾਰ ਕ੍ਰਿਪਾ ਦ੍ਰਿਸ਼ਟੀ ਨਾਲ ਅਜੇਹਾ ਕਾਰਜ ਕਰਵਾਇਆ ਹੈ। ਉਨਾਂ ਕਿਹਾ ਸੁਸਾਇਟੀ ਦੇ ਪ੍ਰਬੰਧ ਅਧੀਨ ਕਾਰਜਸ਼ੀਲ ਸੰਸਥਾਵਾਂ ਸਦਾ ਹੀ ਗੁਰਮਤਿ ਦੇ ਪ੍ਰਚਾਰ ਤੇ ਪਾਸਾਰ ਲਈ ਯਤਨਸ਼ੀਲ ਰਹਿੰਦੀਆਂ ਹਨ। ਗੁਰੂ ਸਾਹਿਬ ਦੀ ਕਿ੍ਰਪਾ ਸਦਕਾ ਖ਼ਾਲਸਾ ਕਾਲਜ ਤੋਂ ਇਲਾਵਾ 20 ਹੋਰ ਵਿੱਦਿਅਕ ਅਦਾਰੇ ਸੁਸਾਇਟੀ ਦੇ ਪ੍ਰਬੰਧ ਅਧੀਨ ਸਫ਼ਲਤਾ ਪੂਰਵਕ ਚੱਲ ਰਹੇ ਹਨ।
ਛੀਨਾ ਨੇ ਕਈ ਵਰਿਆਂ ਤੋਂ ਕਾਲਜ ਦੇ ਗੁਰਦੁਆਰਾ ਸਾਹਿਬ ਵਿਖੇ ਦਸ ਗੁਰੂ ਸਾਹਿਬਾਨ ਜੀ ਦੇ ਪ੍ਰਕਾਸ਼ ਪੁਰਬ ਬੜੀ ਸ਼ਰਧਾ ਨਾਲ ਮਨਾਏ ਜਾਂਦੇ ਹਨ।ਇਸੇ ਗੁਰੂ ਪ੍ਰੇਮ ਦਾ ਸਦਕਾ ਹੀ ਸੁਸਾਇਟੀ ਅਧੀਨ ਕਾਰਜਸ਼ੀਲ ਸਮੂਹ ਸੰਸਥਾਵਾਂ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਜਿੱਥੇ 2 ਨਵੰਬਰ 2019 ਨੂੰ ਮਹਾਨ ਕੀਰਤਨ ਦਰਬਾਰ ਕਰਵਾਇਆ ਗਿਆ ਹੈ।ਉਥੇ ਅਜਿਹੀ ਭਾਵਨਾ ਤਹਿਤ ਹੀ ਗੁਰੂ ਸਾਹਿਬ ਜੀ ਦੇ ਜੀਵਨ ਇਤਿਹਾਸ ਸਬੰਧੀ ਯਾਦਗਾਰੀ ਪੁਸਤਕ ਤਿਆਰ ਕਰਨ ਦਾ ਵੀ ਉਪਰਾਲਾ ਕੀਤਾ ਗਿਆ ਹੈ ਜੋ ਕਿ ਗੁਰੂ ਸਾਹਿਬ ਨੂੰ ਸੱਚੀ ਸ਼ਰਧਾ ਦੀ ਅਕੀਕਤ ਵਜੋਂ ਵੀ ਹੈ ਤੇ ਅਜੋਕੇ ਸਮਿਆਂ ਦੀ ਲੋੜ ਵਜੋਂ ਵੀ।ਉਨਾਂ ਕਿਹਾ ਕਿ ਪੁਸਤਕ ਇਕ ਵਿਸ਼ੇਸ਼ ਸਤਿਕਾਰਤ ਅਕੀਦੇ ਤਹਿਤ ਤਿਆਰ ਕਰਵਾਈ ਗਈ ਹੈ। ਇਸ ਦੀ ਤਿਆਰੀ ਸਬੰਧੀ ਖ਼ਾਲਸਾ ਕਾਲਜ ਦੇ ਪ੍ਰਿੰਸੀਪਲ ਡਾ. ਮਹਿਲ ਸਿੰਘ, ਪ੍ਰਿੰਸੀਪਲ ਅਤੇ ਸਿੱਖ ਚਿੰਤਕ ਡਾ. ਇੰਦਰਜੀਤ ਸਿੰਘ ਗੋਗੋਆਣੀ, ਡਾ. ਅਰਵਿੰਦਰ ਸਿੰਘ ਚਮਕ ਅਤੇ ਅੰਡਰ ਸੈਕਟਰੀ ਡੀ.ਐਸ ਰਟੌਲ ਦਾ ਯੋਗਦਾਨ ਵਿਸ਼ੇਸ਼ ਰਿਹਾ ਹੈ। ਡਾ. ਜੀ.ਐਸ ਵਾਲੀਆ, ਵਾਈਸ ਚਾਂਸਲਰ ਦਾ ਸਹਿਯੋਗ ਵੀ ਸ਼ਲਾਘਾਯੋਗ ਰਿਹਾ ਹੈ।ਚਿੱਤਰਕਾਰ ਹਰਪ੍ਰੀਤ ਸਿੰਘ ਨਾਜ਼, ਗੁਰਵਿੰਦਰ ਸਿੰਘ, ਕੁਲਵੰਤ ਸਿੰਘ ਗਿੱਲ ਅਤੇ ਦਵਿੰਦਰ ਸਿੰਘ ਨੇ ਗੁਰੂ ਇਤਿਹਾਸ ਨੂੰ ਆਪਣੀ ਆਪਣੀ ਕਲਪਨਾ ਰਾਹੀਂ ਪੇਸ਼ ਕੀਤਾ ਹੈ।
ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਪੁਸਤਕ ਲੋਕ ਅਰਪਿਤ ਕਰਨ ’ਤੇ ਕਰਵਾਏ ਸਮਾਗਮ ਪੁੱਜੀਆਂ ਸਮੂਹ ਸਖਸ਼ੀਅਤਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਪਰੋਕਤ ਸਭਨਾਂ ਦਾ ਸਤਿਕਾਰ ਲਫ਼ਜ਼ੀ ਬਿਆਨ ਨਾਲੋਂ ਸਾਡੇ ਹਿਰਦਿਆਂ ’ਚ ਕਿਤੇ ਵੱਧ ਹੈ।ਉਨਾਂ ਕਿਹਾ ਕਿ ਜੇ ਸਾਡੇ ਸੂਝਵਾਨ ਪਾਠਕਾਂ ਦੇ ਇਸ ਸਬੰਧੀ ਕੁੱਝ ਹੋਰ ਚੰਗੇ ਸੁਝਾਅ ਹੋਣ ਤਾਂ ਸਾਨੂੰ ਅਜੇਹੇ ਸੁਝਾਵਾਂ ਦੀ ਸਦਾ ਉਡੀਕ ਰਹੇਗੀ।ਪੁਸਤਕ ਦੇ ਅਗਲੇ ਛਪਣ ਵਾਲੇ ਹੋਰ ਐਡੀਸ਼ਨਾਂ ’ਚ ਹੋਰ ਵਾਧੇ ਕੀਤੇ ਜਾ ਸਕਦੇ ਹਨ। ਉਨਾਂ ਆਸ ਕਰਦਿਆਂ ਕਿਹਾ ਕਿ ਇਹ ਪੁਸਤਕ ਗੁਰੂ ਸਾਹਿਬ ਪ੍ਰਤੀ ਸਤਿਕਾਰ ਤੇ ਸੇਵਾ ਭਾਵਨਾ ਨੂੰ ਅੱਗੇ ਵਧਾਉਣ ਲਈ ਜਰੂਰ ਹੀ ਪ੍ਰੇਰਨਾ ਦਾ ਕਾਰਜ ਕਰੇਗੀ।
ਇਸ ਮੌਕੇ ਕੌਂਸਲ ਦੇ ਵਧੀਕ ਆਨਰੇਰੀ ਸਕੱਤਰ ਜਤਿੰਦਰ ਬਰਾੜ, ਫ਼ਾਇਨਾਂਸ ਸਕੱਤਰ ਗੁਨਬੀਰ ਸਿੰਘ, ਸਰਦੂਲ ਸਿੰਘ ਮੰਨਨ, ਹਰਮਿੰਦਰ ਸਿੰਘ, ਕਰਤਾਰ ਸਿੰਘ ਗਿੱਲ, ਮੈਂਬਰ ਸੁਖਦੇਵ ਸਿੰਘ ਅਬਦਾਲ, ਗੁਰਪ੍ਰੀਤ ਸਿੰਘ ਗਿੱਲ, ਗੁਰਮਹਿੰਦਰ ਸਿੰਘ, ਪਰਮਜੀਤ ਸਿੰਘ ਬੱਲ, ਖ਼ਾਲਸਾ ਕਾਲਜ ਆਫ਼ ਐਜ਼ੂਕੇਸ਼ਨ ਦੇ ਪਿ੍ਰੰਸੀਪਲ ਡਾ. ਹਰਪ੍ਰੀਤ ਸਿੰਘ, ਖ਼ਾਲਸਾ ਕਾਲਜ ਫ਼ਾਰ ਵੂਮੈਨ ਪ੍ਰਿੰਸੀਪਲ ਡਾ. ਮਨਪ੍ਰੀਤ ਕੌਰ, ਖ਼ਾਲਸਾ ਕਾਲਜ ਆਫ਼ ਐਜ਼ੂਕੇਸ਼ਨ ਰਣਜੀਤ ਐਵੀਨਿਊ ਪ੍ਰਿੰਸੀਪਲ ਸੁਰਿੰਦਰਪਾਲ ਕੌਰ ਢਿੱਲੋਂ, ਖ਼ਾਲਸਾ ਕਾਲਜ ਆਫ਼ ਲਾਅ ਪ੍ਰਿੰਸੀਪਲ ਡਾ. ਜਸਪਾਲ ਸਿੰਘ, ਖਾਲਸਾ ਕਾਲਜ ਆਫ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਪ੍ਰਿੰ: ਡਾ. ਮੰਜ਼ੂ ਬਾਲਾ, ਖਾਲਸਾ ਕਾਲਜ ਚਵਿੰਡਾ ਦੇਵੀ ਪ੍ਰਿੰ: ਡਾ. ਹਰਭਜਨ ਸਿੰਘ, ਖ਼ਾਲਸਾ ਕਾਲਜ ਆਫ਼ ਨਰਸਿੰਗ ਪ੍ਰਿੰ: ਡਾ. ਕਵਲਜੀਤ ਕੌਰ, ਖ਼ਾਲਸਾ ਕਾਲਜ ਆਫ਼ ਫ਼ਿਜ਼ੀਕਲ ਐਜ਼ੂਕੇਸ਼ਨ, ਹੇਰ ਪ੍ਰਿੰਸੀਪਲ ਕੰਵਲਜੀਤ ਸਿੰਘ, ਖ਼ਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਪ੍ਰਿੰਸੀਪਲ ਪੁਨੀਤ ਕੌਰ ਨਾਗਪਾਲ, ਖ਼ਾਲਸਾ ਕਾਲਜ ਪਬਲਿਕ ਸਕੂਲ ਪ੍ਰਿੰ: ਅਮਰਜੀਤ ਸਿੰਘ ਗਿੱਲ, ਖ਼ਾਲਸਾ ਕਾਲਜ ਇੰਟਰਨੈਸ਼ਨਲ ਪਬਲਿਕ ਸਕੂਲ ਪ੍ਰਿੰਸੀਪਲ ਗੁਰਜੀਤ ਸਿੰਘ ਸੇਠੀ, ਖ਼ਾਲਸਾ ਕਾਲਜ ਪਬਲਿਕ ਸਕੂਲ ਹੇਰ ਪ੍ਰਿੰ: ਗੁਰਿੰਦਰਜੀਤ ਕੌਰ ਕੰਬੋਜ, ਅੰਡਰ ਸੈਕਟਰੀ-ਕਮ-ਡਿਪਟੀ ਡਾਇਰੈਕਟਰ ਡੀ.ਐਸ ਰਟੌਲ, ਕਾਲਜ ਸਟਾਫ਼ ਅਤੇ ਵਿਦਿਆਰਥੀ ਮੌਜ਼ੂਦ ਸਨ।