ਅੰਮ੍ਰਿਤਸਰ, 30 ਜਨਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਚੱਲ ਰਹੀ ਵਿੱਦਿਅਕ ਸੰਸਥਾ ਸ੍ਰੀ ਗੁਰੂ
ਤੇਗ ਬਹਾਦਰ ਕਾਲਜ ਫ਼ਾਰ ਵੂਮੈਨ ਵਿਖੇ ਗਣਤੰਤਰ ਦਿਵਸ ਬੜੇ ਹੀ ਉਤਸ਼ਾਹ ਨਾਲ ਮਨਾਇਆ ਗਿਆ।ਕਾਲਜ ਪ੍ਰਿੰਸੀਪਲ ਨਾਨਕ ਸਿੰਘ ਨੇ ਝੰਡਾ ਲਹਿਰਾਉਣ ਦੀ ਰਸਮ ਨੂੰ ਅਦਾ ਕੀਤਾ ਉਪਰੰਤ ਵਿਦਿਆਰਥਣਾਂ ਨੂੰ ਪੜ੍ਹਾਈ ਤੋਂ ਇਲਾਵਾ ਸਮਾਜਿਕ ਗਤੀਵਿਧੀਆਂ ’ਚ ਵੱਧ ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ।
ਨਾਨਕ ਸਿੰਘ ਨੇ ਵਿਦਿਆਰਥਣਾਂ ਨੂੰ 26 ਜਨਵਰੀ (ਗਣਤੰਤਰ ਦਿਵਸ) ਸਬੰਧੀ ਜਾਣਕਾਰੀ ਪ੍ਰਦਾਨ ਕਰਦਿਆਂ ਮਹੱਤਤਾ ਬਾਰੇ ਚਾਨਣਾ ਪਾਇਆ।ਉਨ੍ਹਾਂ ਕਿਹਾ ਕਿ ਭਾਰਤ ਦੇਸ਼ ਪੂਰੀ ਦੁਨੀਆ ’ਚ ਜਮਹੂਰੀਅਤ ਲਈ ਪਛਾਨਿਆ ਜਾਂਦਾ ਹੈ ਅਤੇ ਸਾਨੂੰ ਸਾਰਿਆਂ ਨੂੰ ਇਹ ਪ੍ਰਣ ਕਰਨਾ ਚਾਹੀਦਾ ਹੈ ਕਿ ਅਸੀਂ ਆਪਣੇ ਰਾਸ਼ਟਰ ਨੂੰ ਹੋਰ ਮਜ਼ਬੂਤ ਬਣਾਈਏ।ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਆਪਣੇ ਅਧਿਕਾਰਾਂ ਤੇ ਫਰਜ਼ਾਂ ਬਾਰੇ ਭਰਪੂਰ ਜਾਣਕਾਰੀ ਹੋਣੀ ਚਾਹੀਦੀ ਹੈ।ਪ੍ਰਿੰ: ਨਾਨਕ ਸਿੰਘ ਨੇ ਕਿਹਾ ਕਿ ਸੁਤੰਤਰਤਾ ਸੈਨਾਨੀਆਂ ਨੇ ਵਡਮੁੱਲੀਆਂ ਕੁਰਬਾਨੀਆਂ ਦੇ ਕੇ ਸਾਡੇ ਦੇਸ਼ ਨੂੰ ਆਜ਼ਾਦ ਕਰਵਾਇਆ ਜਿਸ ਦੀ ਆਜ਼ਾਦੀ ਦੀ ਰੱਖਿਆ ਕਰਨਾ ਸਾਡਾ ਫਰਜ਼ ਬਣਦਾ ਹੈ।
ਇਸ ਤੋਂ ਇਲਾਵਾ ਕਾਲਜ ਸਟਾਫ਼ ਅਤੇ ਵਿਦਿਆਰਥੀਆਂ ਵੱਲੋਂ 26 ਜਨਵਰੀ ਉਤਸ਼ਾਹਪੂਰਵਕ ਮਨਾਉਂਦਿਆਂ ਦੇਸ਼ ਭਗਤੀ ਭਰਪੂਰ ਰੰਗਾਰੰਗ ਪ੍ਰੋਗਰਾਮ ਦਾ ਪੇਸ਼ ਕੀਤਾ ਗਿਆ।ਕਾਲਜ ਪ੍ਰਿੰਸੀਪਲ ਨੇ ਭਾਸ਼ਣ ਰਾਹੀਂ ਵਿਦਿਆਰਥਣਾਂ ਨੂੰ ਭਾਰਤ ਦੇ ਗਣਤੰਤਰ ਅਤੇ ਇਸ ਤੋਂ ਪਹਿਲਾਂ ਆਜ਼ਾਦੀ ਸੰਘਰਸ਼ ਦੇ ਇਤਿਹਾਸ ’ਤੇ ਚਾਨਣਾ ਪਾਇਆ। ਇਸ ਮੌਕੇ ਸਮੂਹ ਸਟਾਫ਼ ਤੋਂ ਇਲਾਵਾ ਵਿਦਿਆਰਥੀ ਮੌਜ਼ੂਦ ਸਨ।