ਅੱਜ ਦੇ ਅਧੁਨਿਕ ਯੁੱਗ ਵਿੱਚ ਜਿਥੇ ਚੜ੍ਹਦੀ ਉਮਰੇ ਮੁੰਡੇ ਸ਼ੌਕ ਨਾਲ ਮੋਟਰਸਾਈਕਲ ਜਾਂ ਕਾਰ ਚਲਾਉਣਾ ਸਿਖ ਜਾਂਦੇ ਹਨ, ਉਥੇ ਕਈ ਸੱਤਵੇਂ ਦਹਾਕਿਆਂ ਦੇ ਬਜ਼ੁਰਗਾਂ ਨੂੰ ਸਾਈਕਲ ਚਲਾਉਣਾ ਤੇ ਦੂਰ ਦੀ ਗੱਲ ਸਕੂਟਰ ਪਿੱਛੇ ਚੰਗੀ ਤਰ੍ਹਾਂ ਬੈਠਣਾ ਵੀ ਨਹੀਂ ਆਉਂਦਾ।ਹੋਇਆ ਇਸ ਤਰ੍ਹਾਂ ਕਿ 70ਵਿਆਂ ਨੂੰ ਢੁੱਕੇ ਆਪਣੇ ਸਾਥੀ ਨੂੰ ਨਿਮਾਣਾ ਸਕੂਟਰ ਦੇ ਪਿੱਛੇ ਬਿਠਾ ਹਸਪਤਾਲ ਵਿੱਚ ਦਾਖ਼ਲ ਰਿਸ਼਼ਤੇਦਾਰ ਦਾ ਪਤਾ ਲੈਣ ਗਿਆ।ਹਸਪਤਾਲ ਦੇ ਬਾਹਰ ਜਾ ਕੇ ਨਿਮਾਣੇ ਨੇ ਸਕੂਟਰ ਰੋਕਿਆ ਸੀ ਕਿ ਅੱਗਿਓਂ ਆ ਰਹੇ ਨੌਜਵਾਨ ਨੇ ਆਪਣੀ ਕਾਰ ਦੀ ਰੁਕੇ ਸਕੂਟਰ ਵਿੱਚ ਹੀ ਟੱਕਰ ਮਾਰ ਦਿੱਤੀ।
ਨਿਮਾਣੇ ਨੇ ਉਸ ਨੂੰ ਪਿਆਰ ਨਾਲ ਕਿਹਾ “ਪੁੱਤਰ ਜੀ! ਜ਼ਰਾ ਦੇਖ ਕੇ ਚਲਾਇਆ ਕਰੋ, ਖਲੋਤੇ ਸਕੂਟਰ ਵਿੱਚ ਤੁਸੀਂ ਕਾਰ ਲਿਆ ਮਾਰ ਦਿੱਤੀ।” ਉਹ ਨੌਜਵਾਨ ਅੱਗੋਂ ਅੱਗ ਬਬੂਲਾ ਹੋਇਆ ਲਾਲ ਅੱਖਾਂ ਕੱਢਦਾ ਅੱਖੜ-ਦੱਖੜ ਬੋਲਿਆ।ਨਿਮਾਣੇ ਨੇ ਸੋਚਿਆ ਕਿ ਨੌਜਵਾਨ ਹੈ, ਨਵਾਂ ਖੂਨ ਹੈ, ਮੈਂ ਹੀ ਸਕੂਟਰ ਤੋਂ ਉਤਰ ਕੇ ਇਸ ਨੂੰ ਪਿਆਰ ਨਾਲ ਸਮਝਾਉਂਦਾ ਹਾਂ।ਨਿਮਾਣਾ ਇਹ ਸਮਝ ਕੇ ਸਕੂਟਰ ਤੋਂ ਹੇਠਾਂ ਉਤਰਿਆ ਕਿ ਪਿੱਛੇ ਬੈਠਣ ਵਾਲੇ ਨੇ ਆਪਣੇ ਦੋਵੇਂ ਪੈਰ ਸਕੂਟਰ ਨੂੰ ਸਹਾਰਾ ਦੇਣ ਲਈ ਜਮੀਨ `ਤੇ ਲਗਾਏ ਹੋਣਗੇ, ਪਰ ਨਿਮਾਣੇ ਦੇ ਸਕੂਟਰ ਤੋਂ ਉਤਰਦਿਆਂ ਹੀ ਸਕੂਟਰ ਉਸ ਦੇ ਪਿੱਛੇ ਬੈਠੇ ਸਾਥੀ ਉਪਰ ਡਿੱਗ ਪਿਆ, ਕਿਉਂਕਿ ਨਿਮਾਣੇ ਦਾ ਸਾਥੀ ਸਕੂਟਰ ਪਿੱਛੇ ਇਸ ਤਰ੍ਹਾਂ ਬੈਠਾ ਸੀ ਕਿ ਉਸ ਨੇ ਆਪਣੇ ਦੋਵੇਂ ਪੈਰ ਸਕੂਟਰ ਦੀ ਚੈਸੀ ਉਪਰ ਰੱਖੇ ਹੋਏ ਸਨ।ਅਜੇ ਨਿਮਾਣਾ ਉਸ ਨੌਜਵਾਨ ਨੂੰ ਪਿਆਰ ਨਾਲ਼ ਸਮਝਾਉਣ ਲਈ ਉਸ ਵੱਲ ਦੋ ਕਦਮ ਹੀ ਅੱਗੇ ਵਧਿਆ ਸੀ ਕਿ ਉਹ ਅੱਗੋਂ ਇੱਕ ਦਮ ਮੁਸਕਰਾ ਕੇ ਬੋਲਿਆ, “ਜਾਓ ਬਾਪੂ ਜੀ! ਪਹਿਲਾਂ ਆਪਣਾ ਬੰਦਾ ਸਕੂਟਰ ਹੇਠੋਂ ਕੱਢੋ, ਮੇਰੇ ਵੱਲ ਬਾਅਦ `ਚ ਹੋਇਓ—–।
ਸੁਖਬੀਰ ਸਿੰਘ ਖੁਰਮਣੀਆਂ
ਅੰਮ੍ਰਿਤਸਰ
ਮੋ – 98555 12677