Friday, November 22, 2024

ਹੱਸਦੇ ਰਹੋ, ਹਸਾਉਂਦੇ ਰਹੋ, ਲੰਮੀਆਂ ਉਮਰਾਂ ਪਾਉਂਦੇ ਰਹੋ

       ਹੱਸਣ ਦੀ ਦਾਤ ਪ੍ਰਮਾਤਮਾ ਵਲੋਂ ਸਿਰਫ ਇਨਸਾਨ ਨੂੰ ਹੀ ਮਿਲੀ ਹੈ।ਸਾਨੂੰ ਇਸ ਦੀ ਖੁੱਲ੍ਹ ਕੇ ਵਰਤੋਂ ਕਰਨੀ ਚਾਹੀਦੀ ਹੈ।ਸਰੀਰ ਲਈ ਇੱਕ ਟਾਨਿਕ ਦਾ ਕੰਮ ਕਰਦੀ ਹੈ।ਹੱਸਦਿਆਂ ਦੇ ਹੀ ਘਰ ਵੱਸਦੇ ਹਨ।ਰੋਂਦੂ ਤਾਂ ਜੂਨ ਪੂਰੀ ਕਰਦੇ ਹਨ।ਹੱਸਣ ਨਾਲ ਸਾਡੇ ਚਿਹਰੇ ਦੀਆਂ 15 ਮਾਸ-ਪੇਸ਼ੀਆਂ ਹਰਕਤ ਕਰਦੀਆਂ ਹਨ।ਡਾਕਟਰ ਕਹਿੰਦੇ ਹਨ ਕਿ ਸਾਦਾ ਖਾਣ, ਮਨ ਸ਼ਾਂਤ ਰੱਖਣ ਤੇ ਖੁਲ੍ਹ ਕੇ ਹੱਸਣ ਵਾਲੇ ਨੂੰ ਕੋਈ ਬਿਮਾਰੀ ਨਹੀਂ ਲਗਦੀ।
ਮੰਨਿਆ ਕਿ ਸਿਸ਼ਟਾਚਾਰ ਚਾਹੀਦਾ ਹੈ, ਪਰ ਪੜ੍ਹਿਆ ਲਿਖਿਆ ਵਰਗ ਇਸ ਦੇ ਪਿੱਛੇ ਹੀ ਪੈ ਗਿਆ ਹੈ। ਉਹਨਾਂ ਲਈ ਹੱਸਣਾ ਛੱਡਿਆ, ਖੁਲ੍ਹ ਕੇ ਮੁਸਕਰਾਉਣਾ ਵੀ ਗਵਾਰਾ ਨਹੀਂ ਹੈ।ਉਹਨਾਂ ਦਾ ਜਿਹੋ ਜਿਹਾ ਦਫਤਰ ਵਿੱਚ ਵਿਵਹਾਰ ਬੱਸ ਉਹੋ ਜਿਹਾ ਹੀ ਘਰ ਵਿਚ।ਸਾਰਾ ਟੱਬਰ ਤਰਾਹ ਤਰਾਹ ਕਰਦਾ ਰਹਿੰਦਾ ਹੈ।ਆਪਣੀ ਤਾਂ ਉਮਰ ਘਟਾਉਣੀ ਹੀ ਹੈ, ਸਭ ਜੀਆਂ ਦੇ ਸਾਹ ਸੂਤੇ ਰੱਖਦੇ ਹਨ।ਇਹ ਅਫਸਰ ਲੋਕ ਨਾ ਖੁੱਲ੍ਹ ਕੇ ਹੱਸਣਾ ਜਾਣਦੇ ਹਨ ਨਾ ਖੁੱਲ੍ਹ ਕੇ ਰੋਣਾ। ਹੱਸ ਕੇ ਕੰਮ ਕਰਨ ਵਾਲੇ ਨੂੰ ਕੋਈ ਘਾਟਾ ਨਹੀਂ ਰਹਿੰਦਾ।
         ਇੱਕ ਬੱਚਾ ਦਿਨ ਵਿੱਚ ਸੈਂਕੜੇ ਵਾਰ ਹੱਸਦਾ ਹੈ, ਹੱਸਣ ਨਾਲ ਐਡਰੋਫਿਨ ਕੁਦਰਤੀ ਤੌਰ ‘ਤੇ ਕੰਮ ਕਰਦੀ ਹੈ ਤੇ ਸਾਨੂੰ ਦਰਦਾਂ ਤੋਂ ਛੁਟਕਾਰਾ ਮਿਲ ਜਾਂਦਾ ਹੈ।10-15 ਮਿੰਟ ਹੱਸਣ ਨਾਲ ਸਾਡੀਆਂ 40 ਕੈਲੋਰੀਆਂ ਖੱਪਤ ਹੁੰਦੀਆਂ ਹਨ। ਸਾਡਾ ਹੱਸਮੁਖ ਸੁਭਾਅ ਦੂਸਰਿਆਂ ਨੰੁ ਸਾਡੇ ਵੱਲ ਖਿੱਚਦਾ ਹੈ।ਉਹ ਸਾਡੇ ਵਿੱਚ ਦਿਲਚਸਪੀ ਲੈਂਦੇ ਹਨ, ਉਹ ਵੀ ਖੁਸ਼ ਰਹਿਣ ਦੀ ਕੋਸ਼ਿਸ ਕਰਦੇ ਹਨ।ਮੁਸਕਰਾਹਟ ਹੱਸਣ ਦੀ ਪਹਿਲੀ ਪੌੜੀ ਹੈ।ਕੁੱਝ ਲੋਕ ਤਾਂ ਰੋਂਦਿਆਂ ਨੂੰ ਵੀ ਹਸਾ ਦੇਂਦੇ ਹਨ।ਰਾਹ ਜਾਂਦਿਆਂ ਦਾ ਵੀ ਵੱਖੀਆਂ ਥਾਣੀ ਹਾਸਾ ਕੱਢ ਦੇਂਦੇ ਹਨ।ਜੇ ਕਿਸੇ ਨਾਲ ਦੋ ਗੱਲਾਂ ਹੱਸ ਕੇ ਕਰ ਲਈਏ ਤਾਂ ਉਸ ਦਾ ਜੀਅ ਕਰਦਾ ਹੈ, ਬੱਸ ਗੱਲਾਂ ਕਰੀ ਜਾਈਏ, ਕਰੀ ਜਾਈਏ।ਤਦ ਹੀ ਤਾਂ ਚੁਲਬੁਲੀ ਮੁੱਟਿਆਰ ਨੇ ਕਿਹਾ,” ਤੇਰੇ ਨਾਲ ਹੱਸ ਕੀ ਲਿਆ ਮੁੰਡਿਆ ਕਿ ਤੂੰ ਤੇ ਮਗਰ ਈ ਪੈ ਗਿਆ ਵੇ।ਮੁੰਡਾ ਵੀ ਘੱਟ ਨਹੀਂ ਸੀ, ਉਸ ਨੇ ਕਿਹਾ, “ਤੇਰਾ ਚਿੱਟਿਆਂ ਦੰਦਾਂ ਦਾ ਹਾਸਾ ਲੁੱਟ ਪੁੱਟ ਮੈਨੂੰ ਲੈ ਗਿਆ।ਤੂੰ ਹਸਦੀ ਦਿਲ ਰਾਜੀ ਮੇਰਾ ਲੱਗਦੇ ਬੋਲ ਪਿਆਰੇ।
            ਸਟੇਜੀ ਕਲਾਕਾਰਾਂ ਦੇ ਨੋਕਾਂ ਝੋਕਾਂ ਕਰਦੇ ਪ੍ਰੋਗਰਾਮ ਸਰੋਤਿਆਂ ਨੂੰ ਜਿਊਣ ਯੋਗਾ ਕਰ ਜਾਂਦੇ ਹਨ। ਅਸੀਂ ਸਿਨੇਮਾਂ ਦੇਖਦੇ ਹਾਂ ਤਾਂ ਹਸਾਉਣੇ ਕਲਾਕਾਰ ਹਸਾ ਹਸਾ ਕਿ ਸਾਡੇ ਢਿੱਡੀ ਪੀੜਾਂ ਪਾ ਦੇਂਦੇ ਹਨ।
            ਹਾਸੇ ਵੀ ਉਮਰਾਂ ਦੇ ਮੁਤਾਬਿਕ ਵੱਖ-ਵੱਖ ਹੁੰਦੇ ਹਨ।ਬੱਚਿਆਂ ਦਾ ਹਾਸਾ, ਗੱਭਰੂਆਂ ਦਾ ਹਾਸਾ, ਮੁਟਿਆਰਾਂ ਦਾ ਹਾਸਾ, ਨਵ ਵਿਆਹਿਆਂ ਦਾ ਹਾਸਾ, ਛੜਿਆਂ ਦਾ ਹਾਸਾ, ਅੱਧਖੜਾਂ ਦਾ ਹਾਸਾ, ਬੁੱਢਿਆਂ ਠੇਰਿਆਂ ਦਾ ਹਾਸਾ, ਮੀਸਣਿਆਂ ਦਾ ਹਾਸਾ, ਕੁੱਕੜੀ ਹਾਸਾ, ਖਿੜ ਖਿੜਾ ਹਾਸਾ ਆਦਿ।ਹੱਸਣ ਪਿੱਛੇ ਰੋਮਾਂਸ ਵੀ ਹੁੰਦਾ ਹੈ, ਟਿੱਚਰਾਂ, ਮਖੌਲ, ਵਿਅੰਗ ਵੀ ਹੁੰਦਾ ਹੈ।
             ਜੋ ਖਿੜ-ਖਿੜਾ ਕੇ ਹੱਸਣਾ ਜਾਣਦਾ ਹੈ, ਉਹ ਖੁਲ੍ਹ ਕੇ ਰੋ ਕੇ ਵੀ ਗੱਭ-ਗਲੇਟ ਕੱਢਣਾ ਜਾਣਦਾ ਹੈ।ਸਾਨੂੰ ਕੁੱਝ ਸਮਾਂ ਹੱਸਣ ਹਸਾਉਣ ਵਾਲਿਆਂ ਵਿੱਚ ਬੈਠਣਾ ਚਾਹੀਦਾ ਹੈ।ਘੱਟੋ-ਘੱਟ ਹੱਸਦਿਆਂ ਨੰ ਬਰਦਾਸ਼ਤ ਕਰਨਾ ਤਾਂ ਸਿੱਖ ਲਿਆ ਜਾਵੇ।ਜੇ ਕਿਤੇ ਆਦਮੀਂ ਔਰਤ ਨੂੰ ਹੱਸਦਿਆਂ ਦੇਖ ਲੈਣ ਤਾਂ ਕਈ ਸੜ ਕੇ ਸੁਆਹ ਹੋ ਜਾਂਦੇ ਹਨ।ਜੇ ਕਿੱਤੇ ਨੌਜਵਾਨ ਮੁੰਡਾ ਕੁੜੀ ਖਿੜ-ਖਿੜਾ ਕੇ ਹਸਦੇ ਦੇਖ ਲੈਣ ਤਾਂ ਫਿਰ ਖੰਬਾਂ ਦੀਆਂ ਡਾਰਾਂ ਬਣਾ ਦੇਂਦੇ ਹਨ।
              ਵਿਆਹ ਸ਼ਾਦੀ ਮੌਕੇ ਜਿੱਥੇ ਖੁਸ਼ੀਆਂ ਦੇ ਫੁੱਲ ਖਿੜ ਰਹੇ ਹੋਣ, ਸਭ ਓਧਰ ਨੂੰ ਹੀ ਹੋ ਤੁਰਦੇ ਹਨ।ਲੱਖ ਵੱਡੇ ਕਹਿਣ ਪਹਿਲਾਂ ਚਾਹ ਪਾਣੀ ਪੀ ਲਵੋ, ਜਵਾਨੀ ਮਸਤਾਨੀ ਸੁਣਦੀ ਹੈ ਕਿਸੇ ਦੀ।ਉਹ ਕਹਿਣਗੇ, ਬਾਪੂ ਜੀ ਕੋਈ ਕਾਹਲੀ ਨਹੀਂ ਪਰ ਹੱਸਣ ਹਸਾਉਣ ਦੇ ਮੌਕੇ ਵਾਰ ਵਾਰ ਨਹੀਂ ਆਉਂਦੇ।ਅਸੀਂ ਏਥੇ ਹੀ ਚਾਹ ਪੀ ਲਵਾਂਗੇ।ਅਸੀ ਤਾਂ ਅੱਜ ਮਨ ਖੁਸ਼ ਕਰਨੇ ਹਨ।ਕੋਈ ਗਮਗੀਨ ਅਵਸਥਾ ਵਿੱਚ ਬੈਠਾ ਹੋਵੇ ਤਾਂ ਉਸ ਦੇ ਜੋਟੀਦਾਰ ਕਹਿੰਦੇ ਹਨ, ਚੱਲ ਫਲਾਣੇ ਵੱਲ ਚਲਦੇ ਹਾਂ ਉਸ ਨੇ ਗੱਲੀਂ ਬਾਤੀਂ ਹੀ ਤੇਰਾ ਗਮ ਦੂਰ ਕਰ ਦੇਣਾ ਹੈ।
                 ਇੱਕ ਵਾਰ ਮੇਰੇ ਭਾਈ ਦਾ ਦੋਸਤ ਦਿੱਲੀ ਕੁੜੀ ਵਾਸਤੇ ਮੁੰਡਾ ਦੇਖਣ ਗਿਆ ਤਾਂ ਗੱਲ ਨਾ ਬਣੀ।ਚੱਲ ਯਾਰਾ ਗੱਲ ਨਹੀਂ ਬਣੀ ਤਾਂ ਨਾ ਸਹੀ ਤੂੰ ਮੁਰਗਾ ਸ਼ੁਰਗਾ ਤੇ ਵਿਸਕੀ ਲਿਆ ਆਪਾਂ ਜਸ਼ਨ ਮਨਾਈਏ, ਖੋਰਿਆ ਇਸ ਵਿੱਚ ਵੀ ਕੋਈ ਭਲਾ ਹੋਵੇਗਾ।ਸੋ ਉਹਨਾਂ ਝੂਰਨ ਦੀ ਬਜਾਏ ਮਾਹੌਲ ਖੁਸ਼ਗਵਾਰ ਬਣਾ ਲਿਆ।
ਦੂਰ ਨੇੜੇ ਗੱਡੀ ਵਿੱਚ ਜਾਂਦਿਆ ਨਿੱਕੇ ਬੱਚੇ ਅਣਚਾਹਿਆ ਹੱਸਦੇ ਹਸਾਉਂਦੇ ਹਨ ਉਹ ਭਾਵੇਂ ਆਪਣੇ ਹੋਣ ਜਾਂ ਬਗਾਨੇ।ਉਹ ਸਭ ਵੱਲ ਦੇਖ ਕੇ ਮੁਸਕਾਨ ਬਿਖੇੜਦੇ ਹਨ ਤੇ ਦੇਖਣ ਵਾਲੇ ਵੀ ਖੁਸ਼ ਹੋਣ ਤੋਂ ਰਹਿ ਨਹੀਂ ਸਕਦੇ।
              ਹੱਸਣ ਹਸਾੳੇੁਣ ਵਾਲਿਆਂ ਦੇ ਘਰ ਰੌਣਕਾ ਹੀ ਲੱਗੀਆਂ ਰਹਿੰਦੀਆਂ ਹਨ।ਉਹਨਾਂ ਦੇ ਕਾਰੋਬਾਰ ਵਿੱਚ ਵੀ ਵਾਧਾ ਹੋ ਜਾਂਦਾ ਹੈ।ਹਸਾੳਣ ਹਸਾਉਣ ਵਾਲੇ ਵਿੱਚ ਵੀ ਚੁੰਬਕੀ ਖਿੱਚ ਹੁੰਦੀ ਹੈ ਜੋ ਲੋਕ ਖਿੱਚੇ ਚਲੇ ਆਉਂਦੇ ਹਨ।ਸੜੀਅਲ ਤੋਂ ਸੱਭ ਦੂਰ ਦੂਰ ਭੱਜਦੇ ਹਨ ਜਿਵੇਂ ਚੁੰਬਕ ਦਾ ਨਾਰਥ ਪੋਲ ਨਾਰਥ ਪੋਲ ਤੋਂ।
ਪਿੰਡਾਂ ਵਾਲੇ ਤਾਂ ਹੁਣ ਵੀ ਹਾਸੇ ਦੇ ਫੁਹਾਰੇ ਛੱਡਦੇ ਰਹਿੰਦੇ ਹਨ।ਕਈ ਚੋਬਰ ਤਾਂ ਬਾਬਿਆਂ ਨੁੰ ਰੁਕੀਂ ਰੁਕੀਂ ਖੁਸ਼ ਕਰ ਦੇਂਦੇ ਹਨ।ਬਾਪੂ ਜੀ ਤੁਸੀਂ ਤਾਂ ਹੁਣ ਵੀ ਸੋਹਣੇ ਹੋ ਜਵਾਨੀ ਵਾਰੇ ਤਾਂ ਤੁਹਾਡੀ ਛੱਤਰੀ ਕਬੂਤਰੀਆਂ ਨਾਲ ਭਰੀ ਰਹਿੰਦੀ ਹੋਵੇਗੀ।ਬਾਪੂ ਦੀਆਂ ਅੱਖਾਂ ਵਿੱਚ ਚਮਕ ਲਿਆ ਦੇਂਦੇ ਹਨ।ਬੁੱਢੜੀਆਂ ਨੂੰ ਵੀ ਕੁੜੀਆਂ ਛੇੜ ਹੀ ਦੇਂਦੀਆਂ ਹਨ, ਕਿਉਂ ਦਾਦੀ ਠੋਡੀ ਤੇ ਤਿਣ ਐਵੇਂ ਥੋੜਾ ਖੁਣਵਾਇਆ ਹੋਣਾ ਜਵਾਨੀ ਵਾਰੇ, ਉਡਣੇ ਕਬੂਤਰ ਸੁੱਟਦੀ ਹੋਵੇਗੀ।ਫਿਰ ਮੂੰਹ ‘ਤੇ ਆਉਂਦੀ ਰੌਣਕ ਦੇਖਦੀਆਂ ਹਨ ਅੱਖਾਂ ਵਿੱਚ ਉਤਰੀ ਸ਼ੋਖੀ।
               ਸਿਆਣੇ ਕਮੇਡੀ ਸ਼ੋਅ ਨਹੀਂ ਛੱਡਦੇ ਤੇ ਬੱਚੇ ਕਾਰਟੂਨ ਚੈਨਲ, ਕਹਿੰਦੇ ਘੜੀ ਹੱਸ ਲੈਂਦੇ ਹਾਂ।ਜਿਸ ਤਰ੍ਹਾਂ ਕਦੀ ਬੀਰਬਲ ਦੇ ਚੁਟਕਲੇ ਮਸ਼ਹੂਰ ਸਨ ਹੁਣ ਸੰਤਾ-ਬੰਤਾ ਦਾ ਨਾਂ ਚੱਲਦਾ ਹੈ।ਹਾਸੇ ਤਾਂ ਤਿੱਤਰ ਖੰਬੀਆਂ ਗੱਲਾਂ ਵਿੱਚੋਂ ਵੀ ਨਿਕਲ ਆਉਂਦੇ ਹਨ।ਵੇਸੇ ਸਿਆਲ ਦੀਆਂ ਰਾਤਾਂ ਵਿੱਚ ਤਾਂ ਰਜਾਈ ਦੇ ਪਾਸੇ ਨੱਪਣ ਵਿੱਚ ਹੀ ਰਹੀਦਾ,ਕਿ ਹਵਾ ਕਿੱਧਰ ਦੀ ਆ ਰਹੀ ਹੈ ਤੇ ਗਰਮੀਆਂ ਨੂੰ ਮੱਛਰ ਮਾਰਨ ਵਿੱਚ।ਅਜਕਲ ਡਬਲ-ਬੈੱਡ ਦਾ ਜ਼ਮਾਨਾਂ।ਰਜ਼ਾਈ ਨਾਲ ਕੰਬਲ ਵੀ ਜੋੜ ਲਈਦਾ।ਸੁੱਤੇ ਪਿਆ ਖਿੱਚ ਧੂ ਵਿੱਚ ਰਜਾਈ ਘਰ ਵਾਲੀ ਲੈ ਲੈਂਦੀ ਤੇ ਬੰਦਾ ਕੰਬਲ ਵਿੱਚ ਗੁਛੂੰ ਮੁੱਛੂੰ ਪਿਆ ਰਹਿੰਦਾ।
               ਇੱਕ ਦਿਨ ਕਿਸੇ ਪਲੰਬਰ ਨੂੰ ਬੁਲਾ ਲਿਆ, ਕਹਿੰਦੇ ਵੇਖੀਂ ਸਾਡੇ ਘਰ ਦੀਆਂ ਗੱਲਾਂ ਬਾਹਰ ਕਿਥੋਂ ਲੀਕ ਹੁੰਦੀਆਂ।ਉਹ ਖਚਰੀ ਹਾਸੀ ਹੱਸਦਾ ਕਹਿੰਦਾ ਪਹਿਲਾਂ ਮੇਰੀ ਫੀਸ ਦੇ ਦਿਓ।ਪੈਸੇ ਲੈ ਕੇ ਕਹਿੰਦਾ ਤੁਹਾਡੇ ਮੋਬਾਇਲ ਵਿੱਚ ਦੀ।
           ਘਰ ਵਾਲੀ ਘਰ ਵਾਲੇ ਨੂੰ ਕਹਿੰਦੀ, “ਜੀਅ ਸੁਣਦੇ ਜੇ, ਗਵਾਂਢੀਆਂ ਦੀ ਕੁੜੀ 100 ਵਿੱਚੋਂ 99 ਨੰਬਰ ਲੈ ਕੇ ਆਈ ਏ”।ਘਰ ਵਾਲਾ ਕਹਿੰਦਾ ਫਿਰ ਇੱਕ ਨੰਬਰ ਕਿੱਧਰ ਗਿਆ।ਉਹ ਤੁਹਾਡੇ ਲਾਡਲੇ ਨੂੰ ਮਿਲਿਆ।
                  ਮੈਡਮ ਨਾ ਪੜ੍ਹਨ ਵਾਲਿਆਂ ਨੂੰ ਮੁਰਗਾ ਬਣਾ ਛੱਡਦੀ ਸੀ।ਮੁੰਡਿਆਂ ਨੂੰ ਪੇਪਰ ਮਿਲੇ ਤਾਂ ਹਰ ਸੁਆਲ ਦੇ ਸਿਫਰ ਨੰਬਰ ਮਿਲੇ।ਕਹਿੰਦੇ ਮੁਰਗੇ ਅਸੀ ਬਣਦੇ ਆਂ ਤੇ ਆਂਡੇ ਮੈਡਮ ਦੇਂਦੀ ਆ।
           ਲੜਕੀ ਤੈਨੂੰ ਮੈਂ ਬਹੁਤ ਪਿਆਰ ਕਰਦੀ ਹਾਂ।ਲੜਕਾ ਮੈਂ ਵੀ ਤੈਨੂੰ ਬਹੁਤ ਪਿਆਰ ਕਰਦਾ।ਕਿਹੋ ਜਿਹਾ? ਬਿਲੁਕਲ ਤੇਰੇ ਵਰਗਾ। ਕਮੀਨਿਆਂ ਤੂੰ ਵੀ ਟਾਈਮ ਪਾਸ ਕਰਦਾ।ਕੇਲਾ ਖਾਈਏ ਤਾਂ ਹੱਡੀਆਂ ਮਜਬੂਤ ਹੁੰਦੀਆਂ ਹਨ, ਤੇ ਇਹਦੀ ਛਿੱਲੜ ਤੋਂ ਤਿਲਕ ਪਈਏ ਤਾਂ ਚੂਰ ਹੁੰਦੀਆਂ ਹਨ।ਜੇ ਕਿੱਤੇ ਘਰਵਾਲੀ ਤੁਰਨ ਫਿਰਨ ਨੂੰ ਜਾਣ ਲਈ ਤਿਆਰ ਹੋਈ ਹੋਵੇ ਤੇ ਘਰਵਾਲੇ ਦਾ ਕੋਈ ਰਿਸ਼ਤੇਦਾਰ ਆਣ ਸਿਰੀ ਕੱਢੇ ਤਾਂ ਪਤਾ ਜੇ ਕੀ ਕਹਿੰਦੀ ਹੈ, “ਇਹਨੇ ਵੀ ਹੁਣੇ ਮਰਨਾ ਸੀ”।
ਹੱਸਣਾ ਹਸਾਉਣਾ ਤਾਂ ਚਾਹੀਦਾ ਹੈ ਇਹ ਮਨ ਦਾ ਚਾਓ ਹੈ।

Manjit S Sondh

 

 

 

 

ਮਨਜੀਤ ਸਿੰਘ ਸੋਂਦ,
ਪਿੰਡ ਤੇ ਡਾਕ: ਟਾਂਗਰਾ, ਅੰਮ੍ਰਿਤਸਰ ।
ਮੋ – 98037 61451

Check Also

ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ

ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …