ਜਿਲ੍ਹਾ ਸਿੱਖਿਆ ਅਫਸਰ ਸਲਵਿੰਦਰ ਸਿੰਘ ਸਮਰਾ ਹੋਏ ਸ਼ਾਮਲ
ਅੰਮ੍ਰਿਤਸਰ, 7 ਮਾਰਚ (ਪੰਜਾਬ ਪੋਸਟ – ਜਗਦੀਪ ਸਿੰਘ) – ਸਰਕਾਰੀ ਕੰਨਿਆ ਐਲੀਮੈਂਟਰੀ ਸਕੂਲ ਮਾਹਣਾ ਸਿੰਘ ਰੋਡ ਦੇ ਬੱਚਿਆਂ ਅਤੇ ਸਟਾਫ ਵੱਲੋਂ ਜਿਲ੍ਹਾ ਸਿੱਖਿਆ ਅਫਸਰ ਸਲਵਿੰਦਰ ਸਿੰਘ ਸਮਰਾ, ਡਿਪਟੀ ਜਿਲ੍ਹਾ ਸਿੱਖਿਆ ਅਫਸਰ ਸ੍ਰੀਮਤੀ ਰੇਖਾ ਮਹਾਜਨ ਅਤੇ ਬਲਾਕ ਐਲੀਮੈਂਟਰੀ ਸਿੱਖਿਆ ਅਫਸਰ ਅੰਮ੍ਰਿਤਸਰ-1 ਸ੍ਰੀਮਤੀ ਬਲਵਿੰਦਰ ਕੌਰ ਦੀ ਅਗਵਾਈ ਹੇਠ ਸਰਕਾਰੀ ਸਕੂਲਾਂ ਦੇ ਮਿਆਰ ਅਤੇ ਖਾਸ ਵਿਸ਼ੇਸ਼ਤਾਵਾਂ ਦੇ ਬੈਨਰ ਲੈ ਕੇ ਢੋਲੀ ਮੁਹੱਲਾ ਗਲੀ ਫੱਟ ਵਾਲੀ ਪਿੱਪਲ ਵਾਲੀ ਗਲੀ, ਭੋੜੀ ਵਾਲਾ ਚੌਂਕ ਅਤੇ ਬਜ਼ਾਰਾਂ ਵਿੱਚ ਵੱਡੀ ਰੈਲੀ ਕੱਢੀ ਗਈ, ਜਿਸ ਵਿੱਚ ਸਮਾਰਟ ਐਲੀ: ਸਕੂਲ ਕੋਟ ਬਾਬਾ ਦੀਪ ਸਿੰਘ ਸਕੂਲ ਦੇ ਬੱਚੇ ਅਤੇ ਸਟਾਫ ਨੇ ਵੀ ਹਿੱਸਾ ਲਿਆ।ਰੈਲੀ ਦੌਰਾਨ ਇੰਨ੍ਹਾਂ ਸਕੂਲਾਂ ਵਿੱਚ ਮਿਲ ਰਹੀਆਂ ਖਾਸ ਸਹੂਲਤਾਂ ਦੇ ਪੈਂਫਲੇਟ ਵੰਡ ਕੇ ਡੀ.ਈ.ਓ ਅੰਮ੍ਰਿਤਸਰ, ਡਿਪਟੀ ਡੀ.ਈ.ਓ ਅਤੇ ਬੀ.ਈ.ਈ.ਓ ਬਲਾਕ ਅੰਮ੍ਰਿਤਸਰ-1 ਨੇ ਲੋਕਾਂ ਨੂੰ ਆਪਣੇ ਬੱਚੇ ਸਰਕਾਰੀ ਸਕੂਲਾਂ ਵਿੱਚ ਦਾਖਲ ਕਰਵਾਉਣ ਦੀ ਲੋਕਾਂ ਨੂੰ ਅਪੀਲ ਕੀਤੀ।ਸਿੱਖਿਆ ਅਫਸਰਾਂ ਵੱਲੋਂ ਵਾਤਾਵਰਣ ਦੀ ਸੁ਼ੱਧਤਾ ਲਈ ਸਕੂਲ ਵਿੱਚ ਪੌਦੇ ਵੀ ਲਗਾਏ ਅਤੇ ਪ੍ਰੀ ਨਰਸਰੀ ਦੀ ਕਲਾਸ ਦੇ ਸਾਰੇ ਬੱਚਿਆਂ ਨੂੰ ਐਨ.ਜੀ.ਓ ਅੰਮ੍ਰਿਤਸਰ ਵਿਕਾਸ ਮੰਚ ਅਤੇ ਸਕੂਲ ਸਟਾਫ ਦੀ ਮਾਲੀ ਮਦਦ ਨਾਲ ਵਰਦੀਆਂ ਵੀ ਵੰਡੀਆਂ ਗਈਆਂ।
ਸਰਕਾਰੀ ਕੰਨਿਆ ਐਲੀ: ਸਕੂਲ ਮਾਹਣਾ ਸਿੰਘ ਰੋਡ ਦੀ ਹੈਡ ਟੀਚਰ ਸ੍ਰੀਮਤੀ ਪਰੀਮਲਜੀਤ ਕੌਰ ਨੇ ਦੱਸਿਆ ਕਿ ਪ੍ਰਿੰਸੀਪਲ ਸਕੱਤਰ ਸਿੱਖਿਆ ਕ੍ਰਿਸ਼ਨ ਕੁਮਾਰ ਦੀਆਂ ਕੋਸ਼ਿਸ਼ਾਂ ਸਦਕਾ ਸਰਕਾਰ ਵੱਲੋਂ ਸਕੂਲਾਂ ਨੂੰ ਉੱਚ ਮਿਆਰ ਦੇ ਬਣਾਉਣ ਲਈ ਸਮਾਨ ਅਤੇ ਫੰਡ ਜਾਰੀ ਕੀਤੇ ਗਏ ਹਨ, ਜਿਸ ਸਦਕਾ ਸਕੂਲ ਵਿੱਚ ਐਲ.ਈ.ਡੀ ਤੇ ਪ੍ਰੋਜੈਕਟਰ ਨਾਲ ਪੜ੍ਹਾਈ ਕਰਵਾਈ ਜਾ ਰਹੀ ਹੈ।ਸਕੂਲ ਵਿੱਚ ਵਧੀਆ ਫਰਨੀਚਰ ਹੈ, ਸੀ.ਸੀ.ਟੀ.ਵੀ ਕੈਮਰੇ ਸਾਰੇ ਸਕੂਲ ਦੇ ਕਮਰਿਆਂ ਵਿੱਚ ਲੱਗੇ ਹਨ।ਖੇਡ ਕਿਰਿਆਵਾਂ ਲਈ ਨਵਾਂ ਵਧੀਆ ਖੇਡਾਂ ਦਾ ਸਮਾਨ ਮੁਹੱਈਆ ਕੀਤਾ ਗਿਆ ਹੈ।ਪ੍ਰੀ ਪ੍ਰਾਈਮਰੀ ਵਾਸਤੇ ਖਾਸ ਪੰਗੂੜੇ, ਸਲਾਈਡਾਂ ਆਦਿ ਖੇਡਾਂ ਦਾ ਸਮਾਨ ਉਪਲੱਬਧ ਹੈ।ਬੱਚਿਆਂ ਨੂੰ ਮੁਫਤ ਵਰਦੀ ਤੇ ਪੋਸ਼ਟਿਕ ਖਾਣਾ ਦਿੱਤਾ ਜਾਂਦਾ ਹੈ।
ਡੀ.ਈ.ਓ ਸਲਵਿੰਦਰ ਸਿੰਘ ਨੇ ਕਿਹਾ ਕਿ ਸਾਰੇ ਜਿਲ੍ਹੇ ਵਿੱਚ ਇਹ ਦਾਖਲਾ ਜਾਗ੍ਰਿਤੀ ਮੁਹਿੰਮ ਬੜੇ ਜੋਰਾਂ ਨਾਲ ਚਲਾਈ ਜਾ ਰਹੀ ਹੈ, ਜਿਸ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ।