ਸੁੱਖ ਪੜ੍ਹਨ ’ਚ ਬਹੁਤ ਹੀ ਲਾਇਕ ਮੁੰਡਾ ਸੀ ਅਤੇ ਪਿੰਡ ਦੇ ਸਕੂਲੇ ਬਾਰ੍ਹਵੀਂ ਜਮਾਤ ਵਿੱਚ ਪੜ੍ਹਦਾ ਸੀ। ਸੋਮਵਾਰ ਤੀਸਰੇ ਪੀਰੀਅਡ ਵਿੱਚ ਪੰਜਾਬੀ ਵਾਲੀ ਕੰਮੋ ਭੈਣ ਜੀ ਨੇ ਪੰਜਾਬੀ ਦਾ ਟੈਸਟ ਲੈਣਾ ਸ਼ੁਰੂ ਕੀਤਾ।ਸੁੱਖ ਦੇ ਨੇੜੇ ਕਲਾਸ ਦਾ ਸਭ ਤੋਂ ਸ਼ਰਾਰਤੀ ਅਤੇ ਨਾਲਾਇਕ ਵਿਦਿਆਰਥੀ ਭਿੰਦਾ ਬੈਠਾ ਸੀ।ਉਸ ਨੇ ਕਾਪੀ ਉਪਰ ਇੱਕ ਵੀ ਸ਼ਬਦ ਨਾ ਲਿਖਿਆ।ਜਦੋਂ ਕੰਮੋ ਭੈਣ ਜੀ ਦਾ ਧਿਆਨ ਉਸ ਦੀ ਕਾਪੀ ‘ਤੇ ਪਿਆ ਤਾਂ ਉਸ ਨੇ ਭਿੰਦੇ ਨੂੰ ਬਹੁਤ ਝਿੜਕਿਆ।ਜਦ ਉਹ ਭਿੰਦੇ ਦੀ ਸੇਵਾ ਕਰਕੇ ਅੱਗੇ ਵਧੀ ਤਾਂ ਭਿੰਦੇ ਨੇ ਹੌਲੀ ਆਵਾਜ਼ ‘ਚ ਕੰਮੋ ਭੈਣ ਜੀ ਨੂੰ ਗੁੱਸੇ ਵਿੱਚ ਗਾਲਾਂ ਤੱਕ ਕੱਢ ਦਿੱਤੀਆਂ।ਜਿਸ ‘ਤੇ ਸੁੱਖ ਨੂੰ ਬਹੁਤ ਗੁੱਸਾ ਆਇਆ।ਪਰ ਉਹ ਕੁੱਝ ਵੀ ਨਾ ਕਰ ਸਕਿਆ।
ਚਾਰ ਮਹੀਨੇ ਬਾਅਦ ਬੋਰਡ ਦੇ ਇਮਤਿਹਾਨ ਆ ਗਏ ਨਾਲ ਦੇ ਪਿੰਡ ਦੇ ਸਰਕਾਰੀ ਸਕੂਲ ਵਿੱਚ ਸੈਂਟਰ ਬਣ ਗਿਆ।ਕੰਮੋ ਭੈਣ ਜੀ ਦੀ ਡਿਊਟੀ ਵੀ ਉਸੇ ਸੈਂਟਰ ਵਿੱਚ ਲੱਗ ਗਈ ਕੰਮੋ ਭੈਣ ਜੀ ਆਪਣੇ ਸਕੂਲ ਦੇ ਬੱਚਿਆਂ ਨੂੰ ਦੌੜ-ਦੌੜ ਕੇ ਪਰਚੀਆਂ ਦੇਣ ਆ ਰਹੀ ਸੀ।ਕੰਮੋ ਭੈਣ ਜੀ ਦੇ ਕਈ ਵਾਰ ਕਹਿਣ ਦੇ ਬਾਵਜ਼ੂਦ ਵੀ ਸੁੱਖ ਨੇ ਪਰਚੀ ਲੈਣ ਤੋਂ ਇਨਕਾਰ ਕਰ ਦਿੱਤਾ।ਸੁੱਖ ਨੂੰ ਛੱਡ ਕੇ ਸਾਰਿਆਂ ਨੇ ਖੂਬ ਨਕਲ ਮਾਰ ਕੇ ਪੇਪਰ ਕੀਤਾ।ਪੇਪਰ ਖਤਮ ਹੋਇਆ ਸਾਰੇ ਬੱਚੇ ਬਹੁਤ ਖੁਸ਼ ਸਨ।ਕੰਮੋ ਭੈਣ ਜੀ ਨੇ ਭਿੰਦੇ ਨੂੰ ਆ ਕੇ ਪੁਛਿਆ ਕਿ ਪੇਪਰ ਕਿੱਦਾਂ ਦਾ ਹੋਇਆ? ਭਿੰਦੇ ਨੇ ਜਵਾਬ ਦਿੱਤਾ, “ਜੀ ਆਪ ਦੀ ਮਿਹਰਬਾਨੀ ਨਾਲ ਬਹੁਤ ਵਧੀਆ”।ਇਹ ਸੁਣ ਕੇ ਕੰਮੋਂ ਭੈਣ ਜੀ ਨੇ ਭਿੰਦੇ ਨੂੰ ਸ਼ਾਬਾਸ਼ ਦਿੱਤੀ।ਪਰ ਸੁੱਖ ਨੂੰ ਪੇਪਰ ਬਾਰੇ ਪੁੱਛਿਆ ਵੀ ਨਾ।ਸੁੱਖ ਨੂੰ ਪਤਾ ਨਹੀਂ ਕਿਉਂ ਕੰਮੋ ਭੈਣ ਜੀ ‘ਤੇ ਗੁੱਸੇ ਦੇ ਨਾਲ ਤਰਸ ਵੀ ਆ ਰਿਹਾ ਸੀ।
ਮਨਪ੍ਰੀਤ ਸਿੰਘ ਜੌਂਸ
ਮੋ – 98550 20498