ਜ਼ਿੰਦਗੀ ਦੇ ਇੰਨਾਂ ਰੰਗਾਂ ਦੀ
ਮੈਂ ਯਾਰੋ ਗੱਲ ਸੁਣਾਵਾਂ,
ਨਾਲ਼ ਚਾਵਾਂ ਦੇ ਯਾਰਾਂ ਸੰਗ
ਕੀਕਣ ਖੁਸ਼ੀ ਮਨਾਵਾਂ !
ਸੂਰਵੀਰਾਂ ਦੇ ਰੱਤ ਵਰਗਾ
ਲਾਲ ਰੰਗ ਮੈਨੂੰ ਜਾਪੇ,
ਪੁੱਤਰਾਂ ਬਾਝੋਂ ਸੁੰਨਮ ਸੁੰਨੇ
ਵਿੱਚ ਘਰਾਂ ਦੇ ਮਾਪੇ।
ਸ਼ਾਂਤੀ ਦਾ ਰੰਗ ਕਿੱਧਰੇ ਵੀ
ਹੁਣ ਨਾ ਯਾਰੋ ਲੱਭੇ,
ਚਿੱਟਾ ਤਾਂ ਹੁਣ ਚਿੱਟੇ ਵਾਕਣ
ਮੈਨੂੰ ਯਾਰੋ ਲੱਗੇ।
ਹਰਾ ਰੰਗ ਖੁਸ਼ਹਾਲੀ ਵਾਲਾ
ਝੂਮਣ ਨਾ ਹੁਣ ਫਸਲਾਂ,
ਖੇਤਾਂ ਵਿੱਚ ਖਤਮ ਹੋਈਆਂ ਨੇ
ਪੰਜ ਆਬ ਦੀਆਂ ਨਸਲਾਂ।
ਪੀਲਾ ਰੰਗ ਪਤਾ ਨੀ ਕਿਉਂ
ਵਾਂਗ ਭਰਾਵਾਂ ਲੱਗਦਾ,
ਨਾਲ਼ ਪਜ਼ਾਮੇ ਕੁੜਤੇ ਦੇ ਕਿੰਝ
ਸੀਸ ਮੇਰੇ ‘ਤੇ ਫੱਬਦਾ।
ਸੜਕਾਂ ‘ਤੇ ਨੇ ਪੱਤਰੇ ਖਿੱਲਰੇ
ਮੈਂ ਕਿੱਦਾਂ ਭੁੱਲ ਜਾਵਾਂ,
ਕਾਲਾ ਰੰਗ ਹੱਥ ਵਿੱਚ ਲੈ ਕੇ
ਆਪਣਾ ਰੋਸ ਜਤਾਵਾਂ।
ਵਿੱਚ ਦੁਨੀਆਂ ਦੇ ਪਰਮ ਆਤਮਾ
ਕਾਜ਼ ਰਚਾਵੇ ਆਪੇ,
ਤਿੰਨ ਰੰਗ ਕਦੇ ਮੁੜ ਨਾ ਲੱਭਣੇ
ਹੁਸਨ ਜਵਾਨੀ ਮਾਪੇ।
ਪਰਮਜੀਤ ਰਾਮਗੜ੍ਹੀਆ
ਬਠਿੰਡਾ।
ਮੋ – 92561 10001