ਚੰਡੀਗੜ੍ਹ, 12 ਮਈ (ਪੰਜਾਬ ਪੋਸਟ ਬਿਊਰੋ) – ਪੰਜਾਬ ਦੇ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਭਾਰਤ ਭੂਸ਼ਨ ਆਸ਼ੂ ਨੇ ਅਨਾਜ ਭਵਨ ਚੰਡੀਗੜ੍ਹ ਵਿਖੇ ਸੂਬੇ ਦੀਆਂ ਵੱਖ ਵੱਖ ਡੀਪੂ ਹੋਲਡਰ ਯੂਨੀਅਨਾਂ ਦੇ ਮੁਖੀਆਂ ਨਾਲ ਕਪੂਰਥਲਾ ਅਤੇ ਅੰਮ੍ਰਿਤਸਰ ਦੇ ਕੱਥੂਨੰਗਲ ਅਧੀਨ ਆਉਂਦੇ ਪਿੰਡ ਰਾਮਦੀਵਾਲੀ ਹਿੰਦੂਆਂ ਵਿੱਚ ਵਾਪਰੀਆਂ ਘਟਨਾਵਾਂ ਤੋਂ ਬਾਅਦ ਸਥਿਤੀ ਦਾ ਜਾਇਜ਼ਾ ਲੈਣ ਲਈ ਮੀਟਿੰਗ ਕੀਤੀ ਗਈ।
ਆਸ਼ੂ ਨੇ ਕਿਹਾ ਕਿ ਕਾਂਗਰਸ ਪਾਰਟੀ ਦੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਡੀਪੂ ਹੋਲਡਰਾਂ ਦੇ ਹਿੱਤਾਂ ਦੀ ਰਾਖੀ ਲਈ ਹਮੇਸ਼ਾਂ ਵਚਨਬੱਧ ਹੈ।
ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ ਸਕੀਮ ਅਧੀਨ ਏ.ਏ.ਵਾਈ ਅਤੇ ਪੀ.ਐਚ.ਐਚ ਕੈਟਾਗਿਰੀ ਨੂੰ 5 ਕਿਲੋ ਪ੍ਰਤੀ ਜੀਅ ਕਣਕ ਅਤੇ ਇੱਕ ਪਰਿਵਾਰ ਨੂੰ ਇੱਕ ਕਿਲੋ ਦਾਲ ਦੀ ਵੰਡ 3 ਮਹੀਨਿਆਂ ਲਈ ਇਕੱਠੇ ਤੌਰ ‘ਤੇ ਮੁਫਤ ਕੀਤੀ ਜਾ ਰਹੀ ਵੰਡ ਸਬੰਧੀ ਖੁਰਾਕ ਮੰਤਰੀ ਨੇ ਜਾਣਕਾਰੀ ਹਾਸਲ ਕੀਤੀ।
ਉਨ੍ਹਾਂ ਕਿਹਾ ਕਿ ਰਾਜ ਦੇ ਸਮੂਹ ਜ਼ਿਲ੍ਹਾ ਖੁਰਾਕ ਤੇ ਸਿਵਲ ਸਪਲਾਈ ਅਧਿਕਾਰੀਆਂ ਨੂੰ ਹਦਾਇਤ ਕਰ ਦਿੱਤੀ ਗਈ ਹੈ ਕਿ ਜੇਕਰ ਕੋਈ ਲਾਭਪਾਤਰੀ ਪੱਧਰ ‘ਤੇ ਝਗੜਾ ਹੋਣ ਦਾ ਖਦਸ਼ਾ ਹੋਵੇ ਤਾਂ ਉਹ ਆਪਣੇ ਜਿਲ੍ਹੇ ਦੇ ਐਸ.ਐਸ.ਪੀ ਨੂੰ ਰਾਸ਼ਨ ਦੀ ਵੰਡ ਦੌਰਾਨ ਸੁਰੱਖਿਆ ਵਜੋਂ ਪੁਲਿਸ ਦੀ ਤਾਇਨਾਤੀ ਕੀਤੇ ਜਾਣ ਸਬੰੰਧੀ ਬੇਨਤੀ ਕਰ ਸਕਦੇ ਹਨ।ਇਸ ਤੋਂ ਇਲਾਵਾ ਅਨਾਜ ਦੀ ਵੰਡ ਮੌਕੇ ਵਿਜੀਲੈਂਸ ਕਮੇਟੀ ਦੇ ਮੈਂਬਰਾਂ ਦੀ ਹਾਜ਼ਰੀ ਵੀ ਯਕੀਨੀ ਬਣਾਈ ਜਾਵੇ।
ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਕਪੂਰਥਲਾ ਵਿੱਚ ਵਾਪਰੀ ਮੰਦਭਾਗੀ ਘਟਨਾ ਤੋਂ ਬਾਅਦ ਵੀ ਜਿਲ੍ਹਾ ਪ੍ਰਸਾਸ਼ਨ ਨੂੰ ਅਨਾਜ ਵੰਡ ਮੌਕੇ ਸੁਰੱਖਿਆ ਪ੍ਰਬੰਧ ਕਰਨ ਦੇ ਹੁਕਮ ਦੇ ਦਿੱਤੇ ਗਏ ਸਨ।
ਇਸ ਮੌਕੇ ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਮਹੀਨਾ ਜਨਵਰੀ, ਫਰਵਰੀ 2020 ਦੌਰਾਨ ਜਿਹੜੇ ਖਪਤਕਾਰਾਂ ਦੇ ਕਾਰਡ ਖਾਰਜ਼ ਕੀਤੇ ਗਏ ਹਨ ਉਹ ਡੀਪੂ ਹੋਲਡਰਾਂ ਵਲੋਂ ਨਹੀਂ ਬਲਕਿ ਪੜਤਾਲ ਦੌਰਾਨ ਵਿਭਾਗੀ ਹਦਾਇਤਾਂ/ਮਾਪਦੰਡਾਂ ਅਨੁਸਾਰ ਹੀ ਰੱਦ ਕੀਤੇ ਗਏ ਹਨ ਅਤੇ ਇਸ ਵਿੱਚ ਡੀਪੂ ਹੋਲਡਰਾਂ ਦੀ ਕੋਈ ਭੂਮਿਕਾ ਨਹੀਂ ਸੀ।
ਉਨਾਂ ਕਿਹਾ ਜੇ ਲਾਭਪਾਤਰੀ ਦਾ ਕਾਰਡ ਗਲਤ ਕੱਟਿਆ ਗਿਆ ਹੈ ਤਾਂ ਉਹ ਜਿਲ੍ਹਾ ਖੁਰਾਕ ਤੇ ਸਿਵਲ ਸਪਲਾਈ ਅਧਿਕਾਰੀਆਂ ਨੂੰ ਅਰਜ਼ੀ ਦੇ ਕੇ ਆਪਣਾ ਕਾਰਡ ਮੁੜ ਬਣਵਾ ਸਕਦਾ ਹੈ।ਡੀਪੂ ਹੋਲਡਰਾਂ ਦੀਆਂ ਮੰਗਾਂ ਸਬੰਧੀ ਸਬਾ ਪ੍ਰਧਾਨ ਸੁਰਿੰਦਰ ਸਿੰਘ ਸ਼ਿੰਦਾ ਲੁਧਿਆਣਾ ਨੇ ਆਸ਼ੂ ਨੂੰ ਕੋਵਿਡ-19 ਮਹਾਂਮਾਰੀ ਦੌਰਾਨ ਗਰੀਬ ਲੋਕਾਂ ਨੂੰ ਵੰਡੀ ਜਾ ਰਹੀ ਕਣਕ/ ਜਿਣਸਾਂ ਵਿ ਚ ਆ ਰਹੀਆਂ ਦਿੱਕਤਾਂ ਬਾਰੇ ਜਾਣੂ ਕਰਵਾਇਆ ਅਤੇ ਇਨ੍ਹਾਂ ਨੂੰ ਜਲਦ ਹੱਲ ਕਰਨ ਦੀ ਮੰਗ ਕੀਤੀ।
ਅਖੀਰ ‘ਚ ਉਨ੍ਹਾਂ ਡੀਪੂ ਹੋਲਡਰਾਂ ਦਾ ਬੀਮਾ ਕਰਵਾਉਣ ਸਬੰਧੀ ਮਾਮਲੇ ‘ਤੇ ਆਸ਼ੂ ਨੇ ਕਿਹਾ ਕਿ ਇਹ ਮਾਮਲਾ ਭਾਰਤ ਸਰਕਾਰ ਕੋਲ ਪੁਰਜ਼ੋਰ ਤਰੀਕੇ ਨਾਲ ਉਠਾਇਆ ਜਾਵੇਗਾ ਅਤੇ ਇਸ ਸਬੰਧੀ ਤਜਵੀਜ਼ ਤਿਆਰ ਕੀਤੀ ਜਾ ਰਹੀ ਹੈ।
Check Also
ਭਾਰਤ ਵਿਕਾਸ ਪ੍ਰੀਸ਼ਦ ਵਲੋਂ ਖੁਸ਼ਹਾਲ ਜ਼ਿੰਦਗੀ ਦਾ ਈਵੈਂਟ ਕਰਵਾਇਆ
ਭੀਖੀ, 27 ਮਈ (ਕਮਲ ਜ਼ਿੰਦਲ) – ਭਾਰਤ ਵਿਕਾਸ ਪ੍ਰੀਸ਼ਦ ਭੀਖੀ ਵਲੋਂ ਸ਼ਿਵ ਮੰਦਿਰ ਭੀਖੀ ਵਿਖੇ …