ਸਿੰਮੀ ਦੇ ਵਿਆਹ ‘ਤੇ ਜਾਣ ਦਾ ਅੱਜ ਮਧੂ ਨੂੰ ਬਹੁਤ ਹੀ ਚਾਅ ਸੀ।ਲੰਬੀ ਵਾਟ ਕਰਕੇ ਓਹ ਜਲਦੀ ਹੀ ਸਵੇਰੇ ਸਵੇਰੇ ਕੰਮ ਧੰਦਾ ਰੋਟੀ ਟੁੱਕ ਕਰਕੇ ਵਿਹਲੀ ਹੋ ਚੁੱਕੀ ਸੀ।ਘਰ ਦੇ ਬਾਕੀ ਜੀਆਂ ‘ਚੋਂ ਕੋਈ ਵੀ ਉਸ ਨਾਲ ਜਾਣ ਲਈ ਤਿਆਰ ਨਹੀਂ ਸੀ।ਕਿਉਂਕਿ ਬੇਟੇ ਨੂੰ ਖੇਡ ਪਿਆਰੀ ਸੀ ਤੇ ਦੋਵੇਂ ਬੇਟੀਆਂ ਦੇ ਇਮਤਿਹਾਨ ਸਿਰ ‘ਤੇ ਸਨ ਤੇ ਘਰ ਵਾਲੇ ਨੂੰ ਪ੍ਰਾਈਵੇਟ ਨੌਕਰੀ ਕਰਕੇ ਛੁੱਟੀ ਨਹੀਂ ਸੀ ਮਿਲੀ।ਇਸ ਲਈ ਉਸ ਨੇ ਇਕੱਲੀ ਨੇ ਹੀ ਲੁਧਿਆਣੇ ਦੇ ਨੇੜੇ ਇੱਕ ਪਿੰਡ ਵਿਚ ਜਾਣ ਦਾ ਮਨ ਬਣਾ ਲਿਆ ਸੀ ਤੇ ਪਹੁੰਚਣਾ ਵੀ ਆਨੰਦ ਕਾਰਜ ਤੋਂ ਪਹਿਲਾਂ ਪਹਿਲਾਂ ਹੀ ਸੀ।
ਜਿਉਂ ਹੀ ਮਧੂ ਬੱਸ ਵਿਚ ਸਵਾਰ ਹੋਈ ਤਾਂ ਅੱਜ ਤੋਂ ਇੱਕੀ ਬਾਈ ਸਾਲ ਪਹਿਲਾਂ ਦਾ ਸਾਰਾ ਸੀਨ ਉਸ ਦੇ ਅੱਖਾਂ ਮੂਹਰੇ ਘੁੰਮਣ ਲੱਗਾ।ਜਦੋਂ ਦੋ ਧੀਆਂ ਇੱਕ ਪੁੱਤਰ ਤੌਂ ਬਾਅਦ ਆਪਣੀ ਚੌਥੀ ਜੰਮੀ ਲੜਕੀ ਨੂੰ ਸਿਰਫ ਇੱਕ ਘੰਟੇ ਬਾਅਦ ਹੀ ਹਸਪਤਾਲ ਦੇ ਵਿੱਚ ਹੀ ਕਿਸੇ ਲੋੜਵੰਦ ਬੇ-ਔਲਾਦ ਜੋੜੇ ਦੀ ਸੱਖਣੀ ਝੋਲੀ ਵਿੱਚ ਪਾ ਦਿੱਤਾ ਸੀ।ਉਸ ਵਕਤ ਮਧੂ ਦੇ ਘਰ ਵਾਲਾ, ਸਹੁਰਾ, ਜਠਾਣੀ ਤੇ ਆਂਢ ਗੁਆਂਢ ਚੋਂ ਆਈਆਂ ਭੈਣਾਂ ਵੀ ਬਹੁਤ ਰੋਈਆਂ ਸਨ।ਅੰਤਾਂ ਦੀ ਮਹਿੰਗਾਈ ਪਾਲਣ ਪੋਸ਼ਣ ਤੋਂ ਹੀ ਉਸ ਨੇ ਸਫਾਈ ਨਾ ਕਰਾ ਕੇ ਭਾਵੇਂ ਬਹੁਤ ਹੀ ਪੁੰਨ ਵਾਲਾ ਕੀਤਾ ਸੀ।ਪਰ ਓਸ ਸਮੇਂ ਦੇ ਮਹੌਲ ਨੇ ਸਭਨਾਂ ਨੂੰ ਪ੍ਰਭਾਵਿਤ ਕੀਤਾ ਸੀ।ਮਧੂ ਦੇ ਖਿਆਲਾਂ ਦੀ ਲੜੀ ਨੂੰ ਕੰਡੈਕਟਰ ਨੇ ਟਿਕਟ ਲਈ ਹਲੂਣ ਕੇ ਤੋੜ ਦਿੱਤਾ।ਬੱਸ ਜਗਰਾਉਂ ਟੱਪ ਕੇ ਲੁਧਿਆਣੇ ਤੋਂ ਸਿਰਫ਼ ਦਸ ਕੁ ਕਿਲੋਮੀਟਰ ਹੀ ਪਿਛੇ ਸੀ ਜਿਉਂ ਜਿਉਂ ਬੱਸ ਪੈਂਡਾ ਤੈਅ ਕਰ ਰਹੀ ਸੀ ਮਧੂ ਦੇ ਦਿਲ ਦੀ ਧੜਕਣ ਵੀ ਤੇਜ਼ ਹੋਈ ਜਾ ਰਹੀ ਸੀ।
ਲੰਬਾ ਸਫ਼ਰ ਕਰਕੇ ਮਧੂ ਮਸਾਂ ਹੀ ਆਨੰਦ ਕਾਰਜ਼ ਦੇ ਸਮੇਂ ‘ਤੇ ਹੀ ਘਰ ਪਹੁੰਚੀ।ਸਵੀਟੀ (ਸਿੰਮੀ ਦੀ ਮਾਂ) ਨੂੰ ਮਿਲੀ ਰਸਮੀਂ ਗੱਲਬਾਤ ਹੋਈ।ਪਰ ਉਸ ਨੂੰ ਤਾਂ ਸਿੰਮੀ ਨੂੰ ਜਲਦੀ ਵੇਖਣ ਦੀ ਤਾਂਘ ਸੀ।ਜਿਉਂ ਹੀ ਸਿੰਮੀ ਨੂੰ ਕਮਰੇ ਵਿਚੋਂ ਆਨੰਦ ਕਾਰਜ਼ ਲਈ ਲਿਆਉਣ ਲੱਗੇ ਤਾਂ ਸਵੀਟੀ ਨੇ ਸਿੰਮੀ ਦੇ ਕੰਨ ਵਿੱਚ ਕਿਹਾ ਕਿ ਤੇਰੀ ਮਾਸੀ ਮਸਾਂ ਹੀ ਟਾਈਮ ‘ਤੇ ਪਹੁੰਚੀ ਹੈ ਦੋ, ਮਿੰਟ ਇਸ ਨੂੰ ਮਿਲ ਲੈ।ਬਾਈ ਸਾਲ ਦੀ ਸਿੰਮੀ ਦੇ ਨੈਣ ਨਕਸ਼ ਬਿਲਕੁੱਲ ਮਧੂ ਨਾਲ ਮਿਲਦੇ ਵੇਖ ਕੇ ਸਾਰੇ ਰਿਸ਼ਤੇਦਾਰ ਹੈਰਾਨ ਸਨ।ਪੂਰੀ ਭਰ ਜੋਬਨ ਸਿੰਮੀ ਦਾ ਕੱਦ ਕਾਠ ਵੀ ਬਿਲਕੁੱਲ ਮਧੂ ਜਿਨ੍ਹਾਂ ਅਤੇ ਲੋਹੜਿਆਂ ਦਾ ਰੂਪ ਸੀ।ਲਿਆਓ ਭਾਈ ਲਿਆਓ ਕੁੜੀ ਨੂੰ ਆਨੰਦ ਕਾਰਜ਼ ਲਈ ਦੇਰੀ ਹੋ ਰਹੀ ਹੈ।ਇਸ ਆਵਾਜ਼ ਨੇ ਸਾਰਿਆਂ ਨੂੰ ਚੁਕੰਨੇ ਕਰ ਦਿੱਤਾ।ਮਧੂ ਤੇ ਸਿੰਮੀ ਜਦ ਇੱਕ ਦੂਜੀ ਨੂੰ ਗਲਵਕੜੀ ਪਾ ਕੇ ਮਿਲੀਆਂ ਤਾਂ ਮਾਂ ਦੀ ਮਮਤਾ ਜਾਗ ਉਠੀ ਤੇ ਮਧੂ ਨੂੰ ਆਪਣੀ ਹਿੱਕ ਭਾਰੀ ਹੁੰਦੀ ਜਾਪੀ ਜਿਵੇਂ ਹਿੱਕ ਵਿੱਚ ਦੁੱਧ ਉਤਰ ਆਇਆ ਹੋਵੇ।ਪਰ ਇਸ ਵਰਤਾਰੇ ਦਾ ਇਲਮ ਸਵੀਟੀ ਤੇ ਮਧੂ ਨੂੰ ਹੀ ਸੀ।
ਜਸਵੀਰ ਸ਼ਰਮਾ ਦੱਦਾਹੂਰ
ਸ੍ਰੀ ਮੁਕਤਸਰ ਸਾਹਿਬ
ਮੋ – 95691 49556