ਡਿਪਟੀ ਕਮਿਸ਼ਨਰ ਤੇ ਐਸ.ਡੀ.ਐਮ ਨੇ ਰੇਲ ਗੱਡੀ ਰਾਹੀਂ ਭੇਜਿਆ ਘਰ
ਫਿਰੋਜਪੁਰ, 18 ਮਈ (ਪੰਜਾਬ ਪੋਸਟ ਬਿਊਰੋ) – ਕੋਟਕਪੁਰਾ ਤੋਂ ਫਿਰੋਜ਼ਪੁਰ ਕੈਂਟ ਰੇਲਵੇ ਸਟੇਸ਼ਨ ਸ਼ਰਮਿਕ ਐਕਸਪ੍ਰ੍ਰੈਸ ਵਿੱਚ ਸਵਾਰ ਹੋਣ ਆਏ ਪਰਵਾਸੀ ਮਜ਼ਦੂਰਾਂ ਨੂੰ ਵੱਡੀ ਰਾਹਤ ਦਿੰਦੇ ਹੋਏ ਸ਼ਨੀਵਾਰ ਨੂੰ ਜਿਲਾ ਪ੍ਰਸ਼ਾਸਨ ਫਿਰੋਜਪੁਰ ਨੇ 37000 ਰੁਪਏ ਖਰਚ ਕਰਕੇ ਉਨਾਂ ਦੇ ਸਾਰੇ 10 ਨਵੇਂ ਸਾਈਕਲ ਖਰੀਦ ਲਏ।ਜੋਕਿ ਮਾਲਿਕ ਨੇ ਤਨਖਾਹ ਦੇ ਪੈਸਿਆਂ ਦਾ ਹਿਸਾਬ ਕਰਨ ਵੇਲੇ ਉਨ੍ਹਾਂ ਨੂੰ ਵੇਚੇ ਸਨ।ਨਕਦ ਪੈਸੇ ਲੈ ਕੇ ਸਾਰੇ ਦਸ ਪਰਵਾਸੀ ਮਜਦੂਰ ਖੁਸ਼ੀ-ਖੁਸ਼ੀ ਟ੍ਰੇਨ ਵਿੱਚ ਸਵਾਰ ਹੋਏ ਅਤੇ ਫਿਰੋਜਪੁਰ ਜਿਲਾ ਪ੍ਰਸ਼ਾਸਨ ਦੀ ਇਸ ਮਦਦ ਲਈ ਖੁੱਲ ਕੇ ਤਾਰੀਫ ਕੀਤੀ ।
ਜਾਣਕਾਰੀ ਮੁਤਾਬਿਕ ਕੋਟਕਪੁਰਾ ਤੋਂ 10 ਪਰਵਾਸੀ ਮਜਦੂਰ ਟ੍ਰੇਨ ਫੜਨ ਲਈ ਫਿਰੋਜਪੁਰ ਕੈਂਟ ਰੇਲਵੇ ਸਟੇਸ਼ਨ ਆਏ ਸੀ ਅਤੇ ਸਾਰਿਆਂ ਦੇ ਕੋਲ ਨਵੇਂ ਸਾਈਕਲ ਸਨ।ਉਨ੍ਹਾਂ ਦੱਸਿਆ ਕਿ ਮਾਲਿਕ ਨੇ ਉਨ੍ਹਾਂ ਦੀ ਤਨਖਾਹ ਦਾ ਹਿਸਾਬ ਕਰਦੇ ਵਕਤ 3700 ਰੁਪਏ (ਪ੍ਰਤੀ ਸਾਈਕਲ) ਦੀ ਕੀਮਤ ‘ਤੇ ਇਹ ਸਾਈਕਲ ਦੇ ਕੇ ਪੈਸੇ ਉਨ੍ਹਾਂ ਦੀ ਤਨਖਾਹ ਵਿਚੋਂ ਕੱਟ ਲਏ ਸਨ।ਇਸ ਦੇ ਬਾਅਦ ਉਹ ਸਾਈਕਲ ਲੈ ਕੇ ਫਿਰੋਜਪੁਰ ਕੈਂਟ ਰੇਲਵੇ ਸਟੇਸ਼ਨ ਪੁੱਜੇ ਪਰੰਤੁ ਇਥੇ ਰੇਲਵੇ ਅਥਾਰਿਟੀ ਨੇ ਉਨ੍ਹਾਂ ਨੂੰ ਸਾਈਕਲ ਲੈ ਕੇ ਟ੍ਰੇਨ ਵਿੱਚ ਸਵਾਰ ਹੋਣ ਤੋਂ ਮਨਾ ਕਰ ਦਿੱਤਾ।3700 ਰੁਪਏ ਖਰਚ ਕਰਕੇ ਖਰੀਦੇ ਇਹ ਸਾਇਕਲ ਹੁਣ ਉਹ ਨਾਲ ਵੀ ਨਹੀਂ ਲਿਜਾ ਸਕਦੇ ਸਨ।ਇਹ ਸਮਸਿਆ ਉਨ੍ਹਾਂ ਨੇ ਮੌਕੇ ‘ਤੇ ਮੌਜ਼ੂਦ ਡਿਪਟੀ ਕਮਿਸ਼ਨਰ ਫਿਰੋਜਪੁਰ ਕੁਲਵੰਤ ਸਿੰਘ ਅਤੇ ਐਸ.ਡੀ.ਐਮ ਅਮਿਤ ਗੁਪਤਾ ਨੂੰ ਦੱਸੀ, ਜਿਨ੍ਹਾਂ ਨੇ ਸਾਰੇ 10 ਪਰਵਾਸੀ ਮਜ਼ਦੂਰਾਂ ਨੂੰ ਰਾਹਤ ਦੇਣ ਲਈ ਉਨ੍ਹਾਂ ਦੇ ਸਾਈਕਲ ਪੂਰੀ ਕੀਮਤ ‘ਤੇ ਖਰੀਦਣ ਦਾ ਫੈਸਲਾ ਲਿਆ।