ਮਜੀਠੀਆ ਦੇ ਧੂੰਆਂਧਾਰ ਪ੍ਰਚਾਰ ਨਾਲ ਹਰਿਆਣੇ ‘ਚ ਅਕਾਲੀ ਇਨੈਲੋ ਉਮੀਦਵਾਰਾਂ ਚੜ੍ਹਤ ਸਿਖਰਾਂ ‘ਤੇ
ਯਮਨਾ ਨਗਰ, 11 ਅਕਤੂਬਰ (ਪੰਜਾਬ ਪੋਸਟ ਬਿਊਰੋ) – ਹਰਿਆਣਾ ਦੀਆਂ ਵਿਧਾਨਸਭਾ ਚੋਣਾਂ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਪੰਜਾਬ ਦੇ ਮਾਲ ਤੇ ਲੋਕ ਸੰਪਰਕ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਨੇ ਹਰਿਆਣਾ ਦੇ ਵੱਖ ਵੱਖ ਹਲਕਿਆਂ ਵਿੱਚ ਇਨੈਲੋ- ਅਕਾਲੀ ਦਲ ਦੇ ਸਾਂਝੇ ਉਮੀਦਵਾਰਾਂ ਦੇ ਹੱਕ ਵਿੱਚ ਧੂੰਆਂ ਧਾਰ ਪ੍ਰਚਾਰ ਕਰ ਕੇ ਅਕਾਲੀ ਇਨੈਲੋ ਦੇ ਚੋਣ ਮੁਹਿੰਮ ਨੂੰ ਸਿਖਰਾਂ ‘ਤੇ ਪਹੁੰਚਾਉਂਦਿਆਂ ਕਿਹਾ ਕਿ ਇਸ ਵਾਰ ਹਰਿਆਣਾ ਵਿੱਚ ਇਨੈਲੋ – ਅਕਾਲੀ ਦਲ ਦੀ ਸਰਕਾਰ ਬਣਨੀ ਤੈਅ ਹੈ। ਸ: ਮਜੀਠੀਆ ਨੇ ਅੱਜ ਹਰਿਆਣਾ ਦੇ ਹਲਕਾ ਜਗਾਧਰੀ ਸੀਟ ਲਈ ਇਨੈਲੋ ਉਮੀਦਵਾਰ ਸ੍ਰੀ ਬਿਸ਼ਨ ਲਾਲ ਸੈਣੀ, ਸਦੋਰਾ ਲਈ ਸ੍ਰੀਮਤੀ ਪਿੰਕੀ, ਨਰੈਣਗੜ ਲਈ ਜਗਮਲ ਸਿੰਘ ਅਤੇ ਮੁਲਕਾ ਹਲਕੇ ਤੋਂ ਇਲੈਲੋ ਉਮੀਦਵਾਰ ਸ੍ਰੀ ਰਾਜੀਵ ਸਿੰਘ ਦੇ ਹੱਕ ਵਿੱਚ ਵੱਖ ਵੱਖ ਚੋਣ ਰੈਲੀਆਂ ਨੂੰ ਸੰਬੋਧਨ ਕਰਦਿਆਂ ਹੁੱਡੇ ਦੀ ਪ੍ਰਾਪਰਟੀ ਡੀਲਰਾਂ ਵਾਲੀ ਸਰਕਾਰ ਨੂੰ ਚਲਦਾ ਕਰਨ ਅਤੇ ਇਨੈਲੋ ਅਕਾਲੀ ਦਲ ਦੇ ਹੱਕ ਵਿੱਚ ਵੋਟ ਪਾਉਣ ਲਈ ਲੋਕਾਂ ਨੂੰ ਅਪੀਲਾਂ ਕੀਤੀਆਂ ।
ਹਲਕਾ ਜਗਾਧਰੀ ਅਧੀਨ ਆਉਂਦੇ ਪਿੰਡ ਪੀਰੂਵਾਲ ਵਿਖੇ ਭਾਰੀ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਸ: ਮਜੀਠੀਆ ਨੇ ਕਿਹਾ ਕਿ ਸਾਬਕਾ ਮੁੱਖ ਮੰਤਰੀ ਤੇ ਇਨੈਲੋ ਦੇ ਮੁਖੀ ਲੋਹ ਪੁਰਸ਼ ਸ੍ਰੀ ਓਮ ਪ੍ਰਕਾਸ਼ ਚੌਟਾਲਾ ਤੋਂ ਡਰੇ ਹੋਏ ਕਾਂਗਰਸ ਸਮੇਤ ਤਮਾਮ ਵਿਰੋਧੀਆਂ ਵੱਲੋਂ ਸ੍ਰੀ ਚੌਟਾਲਾ ਜੀ ਦਾ ਲੋਕਾਂ ਤਕ ਪਹੁੰਚ ਰੋਕਣ ਲਈ ਲਖਾਂ ਕਰੋੜਾਂ ਰੁਪੈ ਖਰਚ ਕਰਦਿਆਂ ਵੱਡੇ ਤੋਂ ਵੱਡਾ ਵਕੀਲ ਕਰ ਕੇ ਉਹਨਾਂ ਨੂੰ ਮੁੜ ਜੇਲ੍ਹ ਭੇਜਣ ਦਾ ਕਾਰਾ ਵਿਰੋਧੀਆਂ ਲਈ ਹੀ ਪੁੱਠਾ ਪੈ ਗਿਆ ਹੈ।ਉਹਨਾਂ ਕਿਹਾ ਕਿ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦੇਣ ਵਾਲੇ ਲੋਕਾਂ ਦੇ ਹਰਮਨ ਪਿਆਰੇ ਆਗੂ ਸ੍ਰੀ ਚੌਟਾਲਾ ਨੂੰ ਜੇਲ੍ਹ ਭੇਜਣ ਕਾਰਨ ਅੱਜ ਜਿੱਥੇ ਉਹਨਾਂ ਦੇ ਸਿਆਸੀ ਵਿਰੋਧੀਆਂ ਨੂੰ ਲੋਕਾਂ ਦੇ ਰੋਸ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉੱਥੇ ਉਕਤ ਕਾਰੇ ਕਾਰਨ ਅੱਜ ਇਨੈਲੋ ਦੇ ਹੱਕ ਵਿੱਚ ਲੋਕ ਲਹਿਰ ਪੈਦਾ ਹੋ ਗਈ ਹੈ। ਜਿਸ ਦੀ ਹਨੇਰੀ ਵਿੱਚ ਵਿਰੋਧੀ ਤਿਨਕੇ ਦੀ ਤਰਾਂ ਉੱਡ ਜਾਣਗੇ।ਉਹਨਾਂ ਕਿਹਾ ਕਿ ਕਾਂਗਰਸ ਅਤੇ ਹੋਰਨਾਂ ਵਿਰੋਧੀਆਂ ਦੀਆਂ ਚੋਣ ਰੈਲੀਆਂ ਵਿੱਚ ਛਾਈ ਬੇ-ਰੌਣਕੀ ਵਿਰੋਧੀਆਂ ਦਾ ਸਫਾਇਆ ਕਰਨ ਅਤੇ ਇਨੈਲੋ ਦੇ ਹੱਕ ਵਿੱਚ ਆਉਣ ਵਲੇ ਚੋਣ ਨਤੀਜਿਆਂ ਪ੍ਰਤੀ ਸਪਸ਼ਟ ਸੰਕੇਤ ਹਨ।ਉਹਨਾਂ ਕਿਹਾ ਕਿ ਭਾਜਪਾ ਦੇ ਇਕ ਸਾਬਕਾ ਸਾਂਸਦ ਦੀ ਵਾਹ ਵਾਹ ਖੱਟਣ ਅਤੇ ਹਰਿਆਣੇ ਦੇ ਲੋਕਾਂ ਵਿੱਚ ਨਫ਼ਰਤ ਫੈਲਾਉਣ ਦੀ ਸਾਜ਼ਿਸ਼ ਤੋ ਲੋਕ ਭਲੀਭਾਂਤ ਜਾਣੂ ਹਨ।
ਸ: ਮਜੀਠੀਆ ਨੇ ਕਿਹਾ ਕਿ ਕਾਂਗਰਸ ਦੇ ੧੦ ਸਾਲਾ ਰਾਜ ਦੌਰਾਨ ਹਰਿਆਣੇ ਦੇ ਲੋਕ ਖ਼ਾਸਕਰ ਪੇਡੂ ਖੇਤਰ ਦੇ ਲੋਕ ਮੁਢਲੀਆਂ ਸਹੂਲਤਾਂ ਤੋਂ ਵੀ ਵਾਂਝੇ ਰਹੇ ਹਨ। ਲਖਾਂ ਪੜ੍ਹੇ-ਲਿਖੇ ਨੌਜਵਾਨ ਨੌਕਰੀ ਅਤੇ ਰੁਜ਼ਗਾਰ ਲਈ ਭਟਕ ਰਹੇ ਹਨ। ਉਹਨਾਂ ਦੋਸ਼ ਲਾਇਆ ਕਿ ਹੁੱਡਾ ਸਰਕਾਰ ਭ੍ਰਿਸ਼ਟਾਚਾਰ ਵਿੱਚ ਨੱਕੋ ਨੱਕ ਡੁੱਬੀ ਹੋਈ ਹੈ।ਉਹਨਾਂ ਕਿਹਾ ਕਿ ਕਾਂਗਰਸੀਆਂ ਵਲ਼ੋਂ ਕਿਸਾਨਾਂ ਦੀ ਹੋਈ ਕਰੋੜਾਂ ਦੀ ਲੁਟ ਦੀ ਕੀਮਤ ਉੱਤੇ ਰਾਬਰਟ ਵਾਡਰਾ ਦੀ ਵਕਾਲਤ ਕਰਕੇ ਸ੍ਰੀਮਤੀ ਸੋਨੀਆ ਗਾਧੀ ਨੂੰ ਖੁਸ਼ ਕਰਨਾ ਨਿੰਦਣਯੋਗ ਹੈ। ਇਸੇ ਦੌਰਾਨ ਅਜ ਸ: ਮਜੀਠੀਆ ਵਲੋਂ ਜਗਾਧਰੀ ਵਿਖੇ ਅਕਾਲੀ ਦਲ ਅਤੇ ਇਨੈਲੋ ਆਗੂਆਂ ਨਾਲ ਇਕ ਮੀਟਿੰਗ ਕਰਦਿਆਂ ਚੋਣ ਪ੍ਰਚਾਰ ਮੁਹਿੰਮ ਨੂੰ ਹੋਰ ਤੇਜ ਕਰਨ ਲਈ ਰਣਨੀਤੀ ਉਲੀਕੀ ਗਈ । ਇਸੇ ਦੌਰਾਨ ਅੱਜ ਹਲਕਾ ਸਦੋਰ ਦੇ ਪਿੰਡ ਦਰਿਆਪੁਰ ਵਿਖੇ ਯੂਥ ਕਾਂਗਰਸ ਦੇ ਸਾਬਕਾ ਬਲਾਕ ਪ੍ਰਧਾਨ ਸ੍ਰੀ ਅਰੁਣ ਕੁਮਾਰ ਨੇ ਸੈਂਕੜੇ ਸਾਥੀਆਂ ਸਮੇਤ ਇਨੈਲੋ ਵਿੱਚ ਸ਼ਾਮਿਲ ਹੋਣ ਦਾ ਐਲਾਨ ਕੀਤਾ ਜਿਨ੍ਹਾਂ ਨੂੰ ਸ: ਮਜੀਠੀਆ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸ: ਮਜੀਠੀਆ ਨਾਲ ਅਕਾਲੀ ਆਗੂ ਸ: ਵੀਰ ਸਿੰਘ ਲੋਪੋਕੇ, ਸ਼੍ਰੋਮਣੀ ਕਮੇਟੀ ਮੈਂਬਰ ਸ: ਬਲਦੇਵ ਸਿੰਘ ਕੈਮਪੁਰ, ਚੌਧਰੀ ਚਰਨ ਸਿੰਘ, ਵਿਧਾਇਕ ਹਰਮੀਤ ਸਿੰਘ ਸੰਧੂ, ਵਿਰਸਾ ਸਿੰਘ ਵਲਟੋਹਾ, ਇੰਦਰਬੀਰ ਸਿੰਘ ਬੁਲਾਰੀਆ, ਵਿਧਾਇਕ ਮਨਜੀਤ ਸਿੰਘ ਮੰਨਾ , ਨਵਦੀਪ ਸਿੰਘ ਗੋਲਡੀ, ਜਗਰੂਪ ਸਿੰਘ ਚੰਦੀ, ਸੁਰਜੀਤ ਸਿੰਘ ਭਿਟੇਵਡ, ਕੁਲਦੀਪ ਸਿੰਘ ਔਲਖ, ਚੌਧਰੀ ਜੈ ਚੰਦ ਸਿੰਘ ਸਦੋਰ ਆਦਿ ਵੀ ਮੌਜੂਦ ਸਨ।