ਇੰਸਪੈਕਟਰ ਰਾਜਵਿੰਦਰ ਕੌਰ ਤੇ ਡਾ. ਪ੍ਰਕਾਸ਼ ਸਿੰਘ ਦੀ ਹੋਈ ਚੁਫੇਰਿਓਂ ਸ਼ਲਾਘਾ
ਅੰਮ੍ਰਿਤਸਰ, 12 ਜੁਲਾਈ (ਪੰਜਾਬ ਪੋਸਟ – ਸੰਧੂ) – ਕੋਵਿਡ-19/ਕੋਰੋਨਾ ਵਾਇਰਸ ਦੀ ਮਹਾਂਮਾਰੀ ਦੌਰਾਨ ਆਪਣੇ ਸਰਕਾਰੀ ਫਰਜਾਂ ਦੇ ਨਾਲ-ਨਾਲ ਸਮਾਜ ਸੇਵਾ ਦੇ
ਵਿੱਚ ਅਹਿਮ ਭੂਮਿਕਾ ਅਦਾ ਕਰਨ ਵਾਲੀ ਥਾਣਾ ਛੇਹਰਟਾ ਮੁੱਖੀ ਇੰਸਪੈਕਟਰ ਰਾਜਵਿੰਦਰ ਕੌਰ ਨੇ ਕੌਮੀ ਪੱਧਰ ਦੀ ਇੱਕ ਖਿਡਾਰਨ ਦਾ ਫ੍ਰੀ ਇਲਾਜ ਕਰਵਾ ਕੇ ਮਿਸਾਲ ਕਾਇਮ ਕੀਤੀ ਹੈ।ਪ੍ਰਾਪਤ ਜਾਣਕਾਰੀ ਅਨੁਸਾਰ ਗਰੀਬੀ ਤੇ ਗੁਰਬਤ ਦੇ ਮਾਰੇ ਸਰਹੱਦੀ ਪਿੰਡ ਰਾਜਾਤਾਲ ਦੇ ਇੱਕ ਗਰੀਬ ਪਰਿਵਾਰ ਦੀ ਸ਼੍ਰੀ ਗੁਰੂ ਅਰਜਨ ਦੇਵ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਤਰਨ ਤਾਰਨ ਵਿਖੇ ਅੱਠਵੀਂ ਜਮਾਤ ਵਿੱਚ ਪੜ੍ਹਣ ਵਾਲੀ ਮਾਸੁਮ ਬੇਟੀ ਰੀਨਾ ਨੂੰ ਬਹੁਤ ਸਮਾਂ ਪਹਿਲਾਂ ਲੱਤ ਗੰਭੀਰ ਰੂਪ ‘ਚ ਜਖਮੀ ਹੋ ਗਈ ਸੀ।ਉਸ ਸਮੇਂ ਡਾਕਟਰਾਂ ਨੇ ਲੱਤ ਵਿੱਚ ਇੱਕ ਸਕਰਿਊ ਫਿੱਟ ਕੀਤਾ ਜੋ ਕਿ ਉਸ ਦੀ ਸਿਹਤਯਾਬੀ ਤੋਂ ਬਾਅਦ ਬਾਹਰ ਕੱਢਿਆ ਜਾਣਾ ਸੀ।ਪਰ ਪਰਿਵਾਰ ਦੀ ਮੜੀ ਆਰਥਿਕ ਹਾਲਤ ਕਾਰਨ ਰੀਨਾ ਦਾ ਇਲਾਜ ਨਾ ਹੋ ਸਕਿਆ।
ਜਦੋਂ ਇੰਸਪੈਕਟਰ ਰਾਜਵਿੰਦਰ ਕੌਰ ਨੂੰ ਪਤਾ ਲੱਗਾ ਤਾਂ ਉਨ੍ਹਾਂ ਨੇ ਪੁਤਲੀਘਰ ਸਥਿਤ ਪ੍ਰਕਾਸ਼ ਹਸਪਤਾਲ ਪ੍ਰਬੰਧਕਾਂ ਦੇ ਨਾਲ ਸੰਪਰਕ ਕਰਕੇ ਰੀਨਾ ਦੀ ਬਿਮਾਰੀ ਅਤੇ ਉਸ ਦੇ ਪਰਿਵਾਰਿਕ ਮਾਲੀ ਹਲਾਤਾਂ ਤੋਂ ਜਾਣੂ ਕਰਵਾਇਆ। ਤਾਂ ਹੱਡੀਆਂ ਦੇ ਮਾਹਿਰ ਡਾਕਟਰ ਪ੍ਰਕਾਸ਼ ਸਿੰਘ ਢਿੱਲੋਂ ਤੇ ਉਨ੍ਹਾਂ ਦੀ ਟੀਮ ਨੇ ਲੱਤ ਵਿਚੋਂ ਸਕਰਿਊ ਕੱਢ ਕੇ ਉਸ ਨੂੰ ਮੁਫਤ ਦਵਾਈਆਂ ਵੀ ਦਿੱਤੀਆਂ।
ਦੱਸਣਯੋਗ ਹੈ ਕਿ ਰੀਨਾ ਜਖਮੀ ਹੋਣ ਤੋਂ ਪਹਿਲਾਂ ਕੌਮੀ ਪੱਧਰ ਦੇ 800 ਮੀਟਰ ਰੇਸ ਮੁਕਾਬਲੇ ਦੇ ਵਿੱਚ ਸੈਕੰਡ ਰਨਰਜ਼ਅੱਪ ਰਹਿਣ ਤੋਂ ਇਲਾਵਾ ਕਈ ਜ਼ਿਲ੍ਹਾ, ਸੂਬਾ ਤੇ ਜੋਨਲ ਪੱਧਰ ਦੇ ਖੇਡ ਮੁਕਾਬਲਿਆਂ ਵਿੱਚ ਵੀ ਅਹਿਮ ਮੱਲ੍ਹਾਂ ਮਾਰ ਚੁੱਕੀ ਹੈ।ਡਾਕਟਰਾਂ ਮੁਤਾਬਿਕ ਉਹ ਬਹੁਤ ਜਲਦ ਆਪਣੀ ਖੇਡ ਵਿੱਚ ਹਿੱਸਾ ਲੈਣ ਦੇ ਯੌਗ ਹੋ ਜਾਵੇਗੀ।
ਇਸੇ ਦੌਰਾਨ ਕੋਰੋਨਾ ਯੋਧੇ ਡਾਕਟਰਾਂ ਤੇ ਪੁਲਿਸ ਦੀ ਇਸ ਸੇਵਾ ਦੀ ਚਾਰ ਚੁਫੇਰਿਓੁਂ ਸ਼ਲਾਘਾ ਹੋ ਰਹੀ ਹੈ।ਲੇਡੀ ਸਿੰਘਮ ਦੇ ਨਾਮ ਨਾਲ ਮਸ਼ਹੂਰ ਇੰਸਪੈਕਟਰ ਰਾਜਵਿੰਦਰ ਕੌਰ ਨੇ ਲਾਕ-ਡਾਊਨ ਦੌਰਾਨ ਸੈਂਕੜੇ ਗਰੀਬ ਤੇ ਲੋੜਵੰਦ ਪਰਿਵਾਰਾਂ ਨੂੰ ਜਿਥੇ ਰਾਸ਼ਨ ਤੇ ਹੋਰ ਰਾਹਤ ਸਮੱਗਰੀ ਮੁਹੱਈਆ ਕਰਵਾਈ ਉਥੇ ਕਈ ਧੀਆਂ ਦੇ ਵਿਆਹ ਕਰਵਾਉਣ ‘ਚ ਅਹਿਮ ਯੋਗਦਾਨ ਪਾਇਆ।