24 ਜੁਲਾਈ ਤੱਕ ਕੀਤੇ ਜਾ ਰਹੇ ਹਨ ਪਰਿਵਾਰ ਨਿਯੋਜਨ ਸਬੰਧੀ ਮੁਫਤ ਅਪ੍ਰੇਸ਼ਨ
ਕਪੂਰਥਲਾ, 21 ਜੁਲਾਈ (ਪੰਜਾਬ ਪੋਸਟ ਬਿਊਰੋ) – ਵਿਸ਼ਵ ਜਨਸੰਖਿਆ ਦਿਵਸ ਦੇ ਸੰਬੰਧ ‘ਚ ਜਨਸੰਖਿਆ ਸਥਿਰਤਾ ਪੰਦਰਵਾੜਾ ਦੇ ਤਹਿਤ ਨਲਬੰਦੀ ਅਤੇ ਨਸਬੰਦੀ ਦੇ ਮੁਫਤ ਅਪ੍ਰੇਸ਼ਨ ਸਿਵਲ ਹਸਪਤਾਲ ਕਪੂਰਥਲਾ ਅਤੇ ਸਬ ਡਵੀਜਨ ਹਸਪਤਾਲ ਫਗਵਾੜਾ ਵਿਖੇ ਕੀਤੇ ਜਾ ਰਹੇ ਹਨ।ਇਸ ਸਬੰਧੀ ਸਿਵਲ ਸਰਜਨ ਡਾ. ਜਸਮੀਤ ਕੌਰ ਬਾਵਾ ਨੇ ਦੱਸਿਆ ਕਿ ਕਿਸੇ ਵੀ ਸਮਾਜ ਅਤੇ ਦੇਸ਼ ਦੀ ਤਰੱਕੀ ਉਥੇ ਦੀ ਜਨਸੰਖਿਆ ‘ਤੇ ਨਿਰਭਰ ਕਰਦੀ ਹੈ।ਉਹਨਾਂ ਦੱਸਿਆ ਕਿ ਕੋਵਿਡ-19 ਦੇ ਦੌਰ ਵਿੱਚ ਪਰਿਵਾਰ ਨਿਯੋਜਨ ਦੀ ਜਿੰਮੇਵਾਰੀ ਨੂੰ ਨਿਭਾਉਣਾ ਵੀ ਜਰੂਰੀ ਹੈ ਅਤੇ ਇਸ ਦੇ ਸੰਬੰਧ ਵਿੱਚ ਸਰਕਾਰੀ ਸਿਹਤ ਕੇਂਦਰਾਂ ਵਿੱਚ ਪਰਿਵਾਰ ਨਿਯੋਜਨ ਸੰਬੰਧੀ ਮੁਫਤ ਅਪ੍ਰੇਸ਼ਨ ਸਰਕਾਰ ਦਾ ਯੋਗ ਉਪਰਾਲਾ ਹੈ।
ਜਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਰਾਜ ਕਰਨੀ ਨੇ ਦੱਸਿਆ ਕਿ ਪਰਿਵਾਰ ਨਿਯੋਜਨ ਦੇ ਪੱਕੇ ਸਾਧਨ ਅਪਣਾਉਣ ਨਾਲ ਜੋੜਿਆਂ ਨੂੰ ਸਰਕਾਰ ਵੱਲੋਂ ਵਿੱਤੀ ਸਹਾਇਤਾ ਵੀ ਦਿੱਤੀ ਜਾਂਦੀ ਹੈ ਅਤੇ ਕਰੋਨਾ ਮਹਾਂਮਾਰੀ ਨੂੰ ਧਿਆਨ ਵਿੱਚ ਰਖਦੇ ਹੋਏ ਲਾਭਪਾਤਰੀ ਦਾ ਪਹਿਲਾਂ ਕਰੋਨਾ ਟੈਸਟ ਵੀ ਕਰਵਾਇਆ ਜਾਂਦਾ ਹੈ।ਉਹਨਾਂ ਦੱਸਿਆ ਕਿ ਜਨਸੰਖਿਆ ਪੰਦਰਵਾੜਾ ਮਨਾਉਣ ਦਾ ਉਦੇਸ਼ ਵੱਧ ਤੋਂ ਵੱਧ ਪਰਿਵਾਰ ਨਿਯੋਜਨ ਦੇ ਕੇਸ ਕਰਵਾਉਣਾ ਹੈ ਅਤੇ ਜਨਸੰਖਿਆ ਕੰਟਰੋਲ ਵਿੱਚ ਮਰਦਾਂ ਅਤੇ ਔਰਤਾਂ ਦੀ ਭਾਗੀਦਾਰੀ ਨੂੰ ਵਧਾਉਣਾ ਹੈ।ਉਹਨਾਂ ਯੋਗ ਜੋੜਿਆਂ ਨੂੰ ਇੰਨਾਂ ਮੁਫਤ ਕੈਂਪਾਂ ਦਾ ਵੱਧ ਤੋਂ ਵੱਧ ਲਾਭ ਲੈਣ ਲਈ ਪ੍ਰੇਰਿਆ।