ਸ਼ੀਰੋ ਖੁੱਲ੍ਹੇ ਸੁਭਾਅ ਦੀ ਮਾਲਕ ਹੋਣ ਦੇ ਨਾਲ-ਨਾਲ ਮੂੰਹ ਦੀ ਬੜਬੋਲੀ ਵੀ ਸੀ।ਪਿੰਡ ਦੇ ਲਗਭਗ ਸਾਰੇ ਘਰਾਂ ਵਿੱਚ ਉਸ ਦਾ ਆਉਣਾ ਜਾਣਾ ਸੀ।ਜਿਸ ਕਰਕੇ ਉਹ ਸਾਰੇ ਘਰਾਂ ਦੇ ਅੰਦਰਲੇ ਭੇਤ ਜਾਣਦੀ ਸੀ, ਬਹੁਤੇ ਪਿੰਡ ਵਾਲੇ ਤਾਂ ਉਸ ਨੂੰ ਆਪਣੇ ਹਰ ਪ੍ਰੋਗਰਾਮ ‘ਤੇ ਸੱਦਦੇ, ਉਸ ਨੂੰ ਹਰ ਮਸਲੇ ਵਿੱਚ ਖਾਹਮਖਾਹ ਦਖਲਅੰਦਾਜ਼ੀ ਕਰਨ ਦੀ ਬੜੀ ਆਦਤ ਸੀ।ਇਸ ਚੌਧਰ ਦਾ ਸਦਕਾ ਕਈ ਮਸਲੇ ਤਾਂ ਉਹ ਹੱਲ ਕਰਵਾ ਦੇਂਦੀ।ਪਰ ਕਈਆਂ ਨੂੰ ਐਸਾ ਚੱਕਰ ਦੇ ਦਿੰਦੀ, ਕਿ ਉਹ ਹੋਰ ਉਲਝ ਜਾਂਦੇ।ਜਿਸ ਗੁਆਂਢਣ ਨਾਲ ਕਦੇ ਉਸ ਦੀ ਖੜਕ ਜਾਂਦੀ, ਉਸ ਦੀ ਤਾਂ ਉਹ ਸਾਰੇ ਪਿੰਡ ਵਿੱਚ ਭੰਡੀ ਕਰਨ ‘ਤੇ ਵੀ ਸਮਾਂ ਨਾ ਲਾਉਂਦੀ।
ਉਸ ਦੀ ਇੱਕ ਸਿਫ਼ਤ ਸੀ ਕਿ ਉਹ ਕਿਸੇ ਦੀ ਮਦਦ ਕਰਨ ਤੋਂ ਕਦੇ ਨਾਂਹ ਨਹੀਂ ਸੀ ਕਰਦੀ।ਜਿਸ ਕਰਕੇ ਲੋਕ ਉਹਦਾ ਪਾਣੀ ਭਰਦੇ ਸਨ।ਪਿੰਡ ਦੇ ਕਈ ਟੱਬਰਾਂ ਵਿੱਚ ਤਾਂ ਉਹ ਕਈ ਵਾਰ ਪਾਟੋ-ਧਾੜ ਤੇ ਫਿਰ ਸੁਲਾਹ ਕਰਵਾ ਦੇਂਦੀ।ਇਨ੍ਹਾਂ ਪੈਂਤੜਿਆਂ ਕਰਕੇ ਉਸ ਦਾ ਪਿੰਡ ਵਿੱਚ ਪੂਰਾ ਦਬਦਬਾ ਬਣ ਗਿਆ।ਚੁੱਕ ਚੁੱਕਾ ਕੇ ਕਈਆਂ ਨੇ ਉਸ ਨੂੰ ਪਿੰਡ ਦੀ ਸਰਪੰਚਣੀ ਬਣਾ ਦਿੱਤਾ।
ਸ਼ੀਰੋ ਦਾ ਇਕਲੌਤਾ ਪੁੱਤਰ ਨੱਥਾ ਸਿੰਘ ਜੋ ਕਿ ਬੜਾ ਨਿਕੰਮਾ ਨਿਕਲਿਆ।ਬੜਾ ਜ਼ੋਰ ਲਾਉਣ ‘ਤੇ ਵੀ ਸ਼ੀਰੋ ਉਸਨੂੰ ਨੌਕਰੀ ਨਾ ਦਿਵਾ ਸਕੀ।ਹੱਥੀਂ ਕੰਮ ਕਰਨੋਂ ਤਾਂ ਉਹ ਸ਼ੁਰੂ ਤੋਂ ਹੀ ਕੰਨੀ ਕਤਰਾਉਂਦਾ ਸੀ।ਹੁਣ ਸ਼ੀਰੋ ਨੇ ਚੌਪੜ ਦੀ ਬਾਜ਼ੀ ਵਾਂਗ ਪੈਂਤੜਾ ਖੇਡਿਆ ਅਤੇ ਕਿਸੇ ਏਜ਼ੰਟ ਰਾਹੀਂ ਉਸ ਨੂੰ ਮਲੇਸ਼ੀਆ ਭੇਜ ਦਿੱਤਾ ਅਤੇ ਪਿੰਡ ਵਿੱਚ ਧੁੰਮ ਪਾ ਦਿੱਤੀ ਕਿ ਨੱਥਾ ਸਿੰਘ ਅਮਰੀਕਾ ਚਲਾ ਗਿਆ।ਜਿਹੜੇ ਨੱਥੇ ਨੂੰ ਕੋਈ ਕੁੜੀ ਦੇਣ ਲਈ ਤਿਆਰ ਨਹੀਂ ਸੀ, ਹੁਣ ਰਿਸ਼ਤਿਆਂ ਦੀ ਲਾਈਨ ਲੱਗ ਗਈ।ਸ਼ੀਰੋ ਨੇ ਰੀਝ ਪੂਰੀ ਕਰਦਿਆਂ ਢੋਲ-ਢਮੱਕੇ ਦੇ ਨਾਲ ਸੋਹਣੀ ਤੇ ਜਵਾਨ ਨੂੰਹ ਘਰ ਲੈ ਆਂਦੀ।ਅਗਲਿਆਂ ਨੇ ਟਰੱਕ ਭਰ ਕੇ ਦਾਜ਼ ਅਤੇ ਇੱਕ “ਵੱਡੀ ਗੱਡੀ” ਵੀ ਦਿੱਤੀ।
ਨੱਥੇ ਦੇ ਯਾਰਾਂ ਅਤੇ ਬਹੁਤੇ ਪਿੰਡ ਵਾਲਿਆਂ ਨੇ ਤਾਂ ਕਈ ਵਾਰ ਅੱਖਾਂ ਮਲ ਮਲ ਕੇ ਦੇਖਿਆ ਕਿ ਕਿਧਰੇ ਉਹ ਸੁਪਨਾ ਤਾਂ ਨਹੀਂ ਦੇਖ ਰਹੇ।ਸ਼ੀਰੋ ਨੇ ਸਾਰੇ ਚਾਅ ਅਤੇ ਰੀਝਾਂ ਪੂਰੀਆਂ ਕੀਤੀਆਂ।ਇੱਕ ਮਹੀਨਾ ਲੰਘ ਗਿਆ, ਇੱਕ ਦਿਨ ਨੱਥੇ ਦੀ ਘਰਵਾਲੀ ਦੀ ਨਿਗ੍ਹਾ ਪਾਸਪੋਰਟ `ਤੇ ਪਈ, ਮਲੇਸ਼ੀਆ ਦੇ ਵੀਜ਼ੇ ਦੀ ਮੋਹਰ ਲੱਗੀ ਦੇਖ ਕੇ ਉਹ ਹੱਕੀ-ਬੱਕੀ ਰਹਿ ਗਈ।ਉਸ ਨੇ ਆਪਣੇ ਘਰਦਿਆਂ ਨੂੰ ਫੋਨ ਕੀਤਾ ਹਾਹਾਕਾਰ ਮੱਚ ਗਈ।ਕੁੜੀ ਦੇ ਘਰਦੇ ਸ਼ਾਮ ਨੂੰ ਹੀ ਪਹੁੰਚ ਗਏ। ਅਗਲਿਆਂ ਨੇ ਸ਼ੀਰੋ ਨੂੰ ਰੱਜ਼ ਕੇ ਬੇਇੱਜ਼ਤ ਕੀਤਾ ਅਤੇ ਸਾਰਾ ਸਾਮਾਨ ਲੱਦ ਕੇ ਕੁੜੀ ਨੂੰ ਨਾਲ ਲੈ ਕੇ ਤੁਰਦੇ ਬਣੇ।ਸ਼ੀਰੋ ਤਾਂ ਲੋਕਾਂ ਨੂੰ ਕਹਿੰਦੀ ਨਹੀਂ ਸੀ ਥੱਕਦੀ ਕਿ ਮੈਂ ਮੁੰਡੇ ਦੇ ਵਿਆਹ ‘ਤੇ ਪੂਰੇ ਵੀਹ ਲੱਖ ਰੁਪਏ ਲਾਏ ਨੇ, ਉਪਰੋਂ ਅਗਲਿਆਂ ਨੇ 420 ਅਤੇ ਦਾਜ਼ ਮੰਗਣ ਦਾ ਮੁਕਦਮਾ ਠੋਕ ਦਿੱਤਾ।ਤਿੰਨ ਸਾਲ ਤਰੀਕਾਂ ਭੁਗਤਣ ਤੋਂ ਬਾਅਦ ਸ਼ੀਰੋ ਨੇ ਸਾਰੀ ਜ਼ਮੀਨ ਵੇਚ ਕੇ ਕੁੜੀ ਵਾਲਿਆਂ ਨਾਲ ਸਮਝੌਤਾ ਕੀਤਾ।ਹੁਣ ਨੱਥਾ ਸਿਹੁੰ ਰੋਜ਼ ਸਵੇਰੇ ਸਾਈਕਲ ਚੁੱਕਦਾ ਤੇ ਸ਼ਹਿਰ ਦੇ ਚੌਕ ਵਿੱਚ ਦਿਹਾੜੀ ‘ਤੇ ਜਾਣ ਨੂੰ ਖੜ੍ਹ ਜਾਂਦਾ।
ਸ਼ੀਰੋ ਵੀ ਆਪਣੇ ਚੌਧਰਪੁਣੇ ਦੇ ਵਾਵਰੋਲੇ ਵਿੱਚ ਆਪਣੀ ਇੱਜ਼ਤ ਅਤੇ ਮਾਨ ਸਨਮਾਨ ਗਵਾ ਕੇ ਮਨ ਹੀ ਮਨ ਝੂਰ ਰਹੀ ਸੀ।020820

ਮਨਪ੍ਰੀਤ ਸਿੰਘ
ਮੋ – 98776 61282
Punjab Post Daily Online Newspaper & Print Media