Sunday, December 22, 2024

ਪੀੜੀ ਦਾ ਪਾੜਾ

             ਪੁਰਾਣੀ ਪੀੜੀ ਆਪਣੇ ਮੂੰਹ ਵਿੱਚੋਂ ਕਹੇ ਸ਼ਬਦਾਂ ਦੀ ਇੰਨ-ਬਿੰਨ ਪਾਲਣਾ ਚਾਹੁੰਦੀ ਹੈ ਤੇ ਨਵੀਂ ਪੀੜੀ ਉਸ ਵਿੱਚ ਪਰਿਵਰਤਨ।ਮਾਤਾ ਪਿਤਾ ਆਪਣੇ ਬੱਚਿਆਂ ਤੋਂ ਉਮੀਦ ਕਰਦੇ ਹਨ ਕਿ ਉਹ ਉਹਨਾਂ ਦੇ ਆਗਿਆਕਾਰ ਹੋਣ ਅਤੇ ਉਹਨਾਂ ਦੁਆਰਾ ਦੱਸੇ ਮਾਰਗ ‘ਤੇ ਹੀ ਚੱਲਣ ਅਤੇ ਅਜਿਹਾ ਨਾ ਹੋਣ ਤੇ ਉਹ ਆਪਣੇ ਬੱਚਿਆਂ ਤੇ ਇਲਜ਼ਾਮ ਲਗਾਉਂਦੇ ਹਨ ਕਿ ਬੱਚੇ ਉਹਨਾਂ ਦੀ ਸੁਣਦੇ ਨਹੀਂ, ਆਪਣੀਆਂ ਮਨਮਰਜ਼ੀਆਂ ਕਰਦੇ ਹਨ।ਇਸ ਗੱਲ ਨੂੰ ਲੈ ਕੇ ਅਕਸਰ ਹੀ ਦੋਨਾਂ ਵਿੱਚ ਤਕਰਾਰ ਰਹਿੰਦਾ ਹੈ।ਜਦੋਂ ਕਿ ਇਸ ਵਿੱਚ ਦੋਨਾਂ ਦੀ ਕੋਈ ਗਲਤੀ ਨਹੀਂ।ਮਾਪੇ ਸਹੀ ਹਨ ਕਿ ਉਹਨਾਂ ਨੇ ਜ਼ਿੰਦਗੀ ਹੰਢਾਈ ਹੈ, ਤਜ਼ੱਰਬੇ ਲਏ ਹੋਏ ਹਨ ਅਤੇ ਉਹ ਨਹੀਂ ਚਾਹੁੰਦੇ ਕਿ ਉਹਨਾਂ ਦੇ ਬੱਚੇ ਉਹਨਾਂ ਦੀ ਤਰ੍ਹਾਂ ਠੋਕਰਾਂ ਖਾਣ, ਜੋ ਉਹ ਖੁਦ ਖਾ ਚੁੱਕੇ ਹਨ।ਪਰ ਬੱਚੇ ਆਪਣੇ ਮਾਪਿਆਂ ਦੀ ਗੱਲ ਮੰਨਣ ਲਈ ਇਹ ਸੋਚ ਕਿ ਤਿਆਰ ਨਹੀਂ ਹਨ ਕਿ ਉਹਨਾਂ ਦੇ ਸਮੇਂ ਅਤੇ ਸਾਡੇ ਸਮੇਂ ਵਿੱਚ ਬਹੁਤ ਅੰਤਰ ਹੈ।ਇਸ ਵਿੱਚ ਦੋਨੋਂ ਸਹੀ ਵੀ ਹਨ ਤੇ ਗਲਤ ਵੀ।
             ਮੰਨ ਲਓ ਇਕ ਬੱਚਾ ਆਪਣੇ ਮਾਤਾ ਪਿਤਾ ਦੀ ਹਰੇਕ ਆਗਿਆ ਦਾ ਪਾਲਣ ਕਰਦਾ ਹੈ ਅਤੇ ਜੋ ਉਸ ਦੇ ਮਾਪੇ ਉਸ ਨੂੰ ਜਿਸ ਤਰ੍ਹਾਂ ਕਹਿੰਦੇ ਹਨ, ਉਹ ਉਸੇ ਤਰ੍ਹਾਂ ਹੀ ਕਰਦਾ ਹੈ।ਉਹ ਪੜਾਈ ਕਰਨ, ਆਉਣ ਜਾਣ, ਖੇਡਣ, ਕਿਸੇ ਨੂੰ ਮਿਲਣ, ਇਥੋਂ ਤੱਕ ਕਿ ਮਲ-ਮੂਤਰ ਕਰਨ ਲਈ ਵੀ ਮਾਤਾ ਪਿਤਾ ਦੀ ਆਗਿਆ ਦਾ ਮੁਥਾਜ਼ ਹੈ।ਕੀ ਅਜਿਹਾ ਬੱਚਾ ਆਪਣਾ ਮਾਨਸਿਕ ਵਿਕਾਸ ਕਰ ਪਾਵੇਗਾ? ਕੀ ਉਹ ਆਪਣੇ ਫੈਸਲੇ ਲੈਣ ਦੇ ਕਾਬਲ ਬਣ ਪਾਵੇਗਾ? ਮਨੁੱਖੀ ਦਿਮਾਗ ਦਾ ਵਿਕਾਸ ਤੱਦ ਹੀ ਹੁੰਦਾ ਹੈ ਜਦੋਂ ਉਹ ਆਪਣੇ ਫੈਸਲੇ ਆਪ ਕਰਦਾ ਹੈ, ਕੀਤੇ ਫੈਸਲੇ ਤੇ ਮਿਹਨਤ ਕਰਦਾ ਹੈ, ਅਸਫਲ ਹੁੰਦਾ ਹੈ ਅਤੇ ਦੁਬਾਰਾ ਮਿਹਨਤ ਕਰਦਾ ਹੈ।ਇਸ ਨੂੰ ਅਸੀਂ ਡਿੱਗ-ਡਿੱਗ ਕੇ ਉੱਠਣਾ ਕਹਿੰਦੇ ਹਾਂ।ਬੱਚੇ ਨੂੰ ਇਹ ਜਾਣਕਾਰੀ ਦਿੱਤੀ ਜਾਣੀ ਚਾਹੀਦੀ ਹੈ, ਕਿ ਕੀ ਠੀਕ ਹੈ ਅਤੇ ਕੀ ਠੀਕ ਨਹੀਂ ਹੈ।ਚੰਗਾ ਕੀ ਹੈ ਅਤੇ ਮਾੜਾ ਕੀ ਹੈ।ਬੱਚੇ ਨੂੰ ਪਿਆਰ ਕਰਨ, ਉਸ ਦਾ ਧਿਆਨ ਰੱਖਣ ਅਤੇ ਬੱਚੇ ਤੇ ਆਪਣਾ ਅਧਿਕਾਰ ਥੋਪਣ ਵਿੱਚ ਫ਼ਰਕ ਹੈ, ਜਿਸ ਨੂੰ ਸਮਝਣ ਦੀ ਜ਼ਰੂਰਤ ਹੈ ।
                ਮਾਪੇ ਚਾਹੁੰਦੇ ਹਨ ਕਿ ਉਸ ਦੇ ਬੱਚੇ ਹੋਸ਼ਿਆਰ ਹੋਵਣ।ਇਸ ਲਈ ਉਹ ਉਹਨਾਂ ਨੂੰ ਚੰਗੇ ਸਕੂਲ ਵਿੱਚ ਭੇਜਦੇ ਹਨ, ਮਹਿੰਗੀਆਂ ਫੀਸਾਂ ਭਰਦੇ ਹਨ ਤਾਂ ਕਿ ਬੱਚੇ ਉੱਚ ਸਿੱਖਿਆ ਪ੍ਰਾਪਤ ਕਰ ਸਕਣ।ਮਾਪੇ ਬੱਚਿਆਂ ਨੂੰ ਪੁੱਛਣ ਦੀ ਬਜ਼ਾਏ ਉਹਨਾਂ ‘ਤੇ ਪੜ੍ਹਾਈ ਥੋਪਦੇ ਹਨ।ਕੀ ਇਹ ਜਾਇਜ਼ ਹੈ?।ਕਿਸੇ ਬੱਚੇ ਨੂੰ ਸਾਇੰਸ ਪਸੰਦ ਹੀ ਨਹੀਂ ਤਾਂ ਉਹ ਕਿੱਦਾ ਸਾਇੰਸਦਾਨ ਬਣ ਜਾਵੇਗਾ।ਕਿਸੇ ਬੱਚੇ ਨੂੰ ਖੇਡਾਂ ਵਿੱਚ ਰੁੱਚੀ ਨਹੀਂ, ਤੁਸੀਂ ਉਸ ਤੋਂ ਖੇਡਾਂ ਵਿੱਚ ਸੋਨ ਤਮਗੇ ਦੀ ਉਮੀਦ ਕਿਵੇਂ ਰੱਖ ਸਕਦੇ ਹੋ।ਰੁੱਚੀ ਤੋਂ ਬਿਨ੍ਹਾਂ ਜ਼ਬਰੀ ਕਰਵਾਈ ਗਈ ਪੜ੍ਹਾਈ ਜਾਂ ਕੰਮ ਵਿੱਚ ਕਾਮਯਾਬ ਹੋਣ ਦੀ ਉਮੀਦ ਨਾ ਬਰਾਬਰ ਹੁੰਦੀ ਹੈ।ਉਸ ਦੀ ਰੁੱਚੀ ਦੇ ਹਿਸਾਬ ਨਾਲ ਅਗਲੀ ਪੀੜੀ ਨੂੰ ਤਿਆਰ ਕਰਨਾ ਅਤੇ ਆਪਣੀ ਮਰਜ਼ੀ ਨਾਲ ਅਗਲੀ ਪੀੜੀ ਨੂੰ ਤਿਆਰ ਕਰਨ ਦੀ ਕੋਸ਼ਿਸ਼ ਕਰਨ ਵਿੱਚ ਬਹੁਤ ਫ਼ਰਕ ਹੈ ।
              ਹਰ ਮਾਪੇ ਚਾਹੁੰਦੇ ਹਨ ਕਿ ਉਹ ਆਪਣੀ ਅਗਲੀ ਪੀੜੀ ਨੂੰ ਹਰ ਸੁੱਖ ਸਹੂਲਤ ਦੇਣ ਅਤੇ ਇਸ ਲਈ ਉਹ ਹਰ ਤਰ੍ਹਾਂ ਦੇ ਉਪਰਾਲੇ ਕਰਦੇ ਹਨ।ਪਰ ਉਹ ਇਹ ਭੁੱਲ ਜਾਂਦੇ ਹਨ ਕਿ ਉਹਨਾਂ ਦੁਆਰਾ ਦਿੱਤੀਆਂ ਗਈਆਂ ਸਹੂਲਤਾਂ, ਉਹਨਾਂ ਦੇ ਬੱਚਿਆਂ ਨੂੰ ਖੁਸ਼ ਨਹੀਂ ਰੱਖ ਸਕਦੀਆਂ।ਉਹਨਾਂ ਦੁਆਰਾ ਦਿੱਤੀਆਂ ਸਹੂਲਤਾਂ ਦੀ ਉਹਨਾਂ ਦੇ ਬੱਚਿਆਂ ਨੂੰ ਸ਼ੁਰੂ ਤੋਂ ਆਦਤ ਹੋ ਜਾਂਦੀ ਹੈ।ਉਹਨਾਂ ਨੂੰ ਕੋਈ ਫ਼ਰਕ ਨਹੀਂ ਪੈਂਦਾ ਕਿ ਤੁਸੀਂ ਇਹਨਾਂ ਸਹੂਲਤਾਂ ਲਈ ਕਿੰਨੀ ਮਿਹਨਤ ਕੀਤੀ ਹੈ।ਬੱਚਿਆਂ ਨੂੰ ਤਾਂ ਇਹ ਹੀ ਮਹਿਸੂਸ ਹੁੰਦਾ ਹੈ ਕਿ ਉਹਨਾਂ ਦੇ ਕੋਲ ਤਾਂ ਇਹ ਸ਼ੁਰੂ ਤੋਂ ਹੀ ਸਨ।ਹੁਣ ਮਾਤਾ ਪਿਤਾ ਤਾਂ ਇਹ ਸੋਚਦੇ ਹਨ ਕਿ ਉਹਨਾਂ ਸਖਤ ਮਿਹਨਤ ਕਰ ਕੇ, ਖਾਹਿਸ਼ਾਂ ਮਾਰ ਕੇ, ਬੱਚਿਆਂ ਨੂੰ ਇਹ ਸਹੂਲਤਾਂ ਦਿੱਤੀਆਂ ਹਨ ਪਰ ਇਹ ਬੱਚਿਆਂ ਦੇ ਮਨ ਵਿੱਚ ਸਾਡੇ ਪ੍ਰਤੀ ਪਿਆਰ ਸਤਿਕਾਰ ਦੀ ਭਾਵਨਾ ਪੈਦਾ ਨਹੀਂ ਕਰ ਸਕੀਆਂ।ਨੌਜਵਾਨ ਬੱਚਿਆਂ ਨੂੰ ਅੱਗੇ ਬਹੁਤ ਕੁੱਝ ਦਿੱਖ ਰਿਹਾ ਹੁੰਦਾ ਹੈ ਜੋ ਉਹਨਾਂ ਕੋਲ ਨਹੀਂ ਹੈ।ਮਾਪਿਆਂ ਤੋਂ ਪਹਿਲਾਂ ਮਿਲੀਆਂ ਚੀਜ਼ਾਂ ਦਾ ਮਹੱਤਵ ਖਤਮ ਹੋ ਜਾਂਦਾ ਹੈ ।
              ਹਰ ਮਾਤਾ ਪਿਤਾ ਆਪਣੀ ਅਗਲੀ ਪੀੜੀ ਤੋਂ ਇੱਜ਼ਤ-ਮਾਣ ਦੀ ਉਮੀਦ ਕਰਦਾ ਹੈ, ਪਰ ਉਸ ਨੂੰ ਇਹ ਜ਼ਰੂਰ ਸੋਚ ਲੈਣਾ ਚਾਹੀਦਾ ਹੈ ਕਿ ਉਹ ਆਪਣੇ ਬੱਚਿਆਂ ਦੇ ਸਾਹਮਣੇ ਕੀ ਉਦਾਹਰਣ ਪੇਸ਼ ਕਰ ਰਹੇ ਹਨ।ਬੱਚਿਆਂ ਦੀ ਸਿੱਖਿਆ ਘਰ ਤੋਂ ਹੀ ਸ਼ੁਰੂ ਹੁੰਦੀ ਹੈ।ਕਿਉਂਕਿ ਹਰ ਨਵੀਂ ਪੀੜੀ ਆਪਣੀ ਪਹਿਲੀ ਪੀੜੀ ਤੋਂ ਕੁੱਝ ਸਿੱਖਦੀ ਹੈ ਕਿ ਉਹ ਆਪਣੇ ਮਾਤਾ ਪਿਤਾ ਅਤੇ ਰਿਸ਼ਤੇਦਾਰ ਨਾਲ ਕਿਹੋ ਜਿਹਾ ਵਿਵਹਾਰ ਕਰਦੇ ਹਨ।ਇੱਜ਼ਤ, ਪਿਆਰ ਕੋਈ ਜ਼ਬਰਦਸਤੀ ਕਿਸੇ ਕੋਲੋਂ ਲੈ ਨਹੀਂ ਸਕਦਾ ਇਹ ਦਿਲੋਂ ਹੁੰਦਾ ਹੈ।ਫੋਕੇ ਦਿਖਾਵੇ ਦਾ ਕੋਈ ਫ਼ਾਇਦਾ ਨਹੀਂ।
                ਕੁਦਰਤ ਨੇ ਸਭ ਨੂੰ ਦਿਮਾਗ ਦਿੱਤਾ ਹੈ ਅਤੇ ਸੋਚ ਵੀ।ਇਕ ਮਾਤਾ ਪਿਤਾ ਤੋਂ ਪੈਦਾ ਹੋਏ ਭੈਣ ਭਰਾਵਾਂ ਦੀ ਸੋਚ ਇਕੋ ਜਿਹੀ ਨਹੀਂ ਹੁੰਦੀ।ਇਕ ਨੂੰ ਜੋ ਕੰਮ ਚੰਗਾ ਲਗਦਾ ਹੈ, ਦੂਜੇ ਨੂੰ ਉਹ ਪਸੰਦ ਹੀ ਨਹੀਂ ਹੁੰਦਾ।ਸੋ ਮੁੱਕਦੀ ਗੱਲ ਇਹ ਕਿ ਤੁਸੀਂ ਕਿਸੇ ‘ਤੇ ਆਪਣੀ ਮਰਜ਼ੀ ਥੋਪ ਤਾਂ ਸਕਦੇ ਹੋ, ਪਰ ਜ਼ਰੂਰੀ ਨਹੀਂ ਕਿ ਤੁਹਾਡੀ ਮਰਜ਼ੀ ਉਹਨਾਂ ਨੂੰ ਪਸੰਦ ਹੋਵੇ।ਇਹ ਮਾਤਾ ਪਿਤਾ ਦੁਆਰਾ ਆਪਣੇ ਬੱਚਿਆਂ ਤੋਂ ਕੀਤੀ ਜਾਂਦੀ ਉਮੀਦ ਕਿ ਉਹ ਉਹਨਾਂ ਦੀ ਮਰਜ਼ੀ ਅਨੁਸਾਰ ਕੰਮ ਕਰਨਗੇ ਅਤੇ ਉਹਨਾਂ ਦੀ ਹਰੇਕ ਆਗਿਆ ਦਾ ਪਾਲਣ ਕਰਨਗੇ, ਤੇ ਵੀ ਲਾਗੂ ਹੁੰਦਾ ਹੈ।ਬੱਚਿਆਂ ਦੀਆਂ ਵੀ ਮਨ ਦੀਆਂ ਖਾਹਿਸ਼ਾਂ ਹੁੰਦੀਆਂ ਹਨ।ਨਵ-ਵਿਆਹੀ ਦੱਬੀਆਂ ਖਾਹਿਸ਼ਾਂ ਪੂਰੀਆਂ ਕਰਨੀਆਂ ਚਾਹੁੰਦੀ ਹੈ ਅਤੇ ਪਤੀ ਦਾ ਵੱਧ ਤੋਂ ਵੱਧ ਨੇੜ ਚਾਹੁੰਦੀ ਹੈ।ਉਹ ਘਰ ਵਿੱਚ ਵੱਖਰਾ ਕਮਰਾ ਚਾਹੁੰਦੀ ਹੈ।ਆਪਣੀ ਮਰਜ਼ੀ ਨਾਲ ਸਜਾਉਣਾ ਚਾਹੁੰਦੀ ਹੈ, ਜਿਸ ਵਿੱਚ ਮਾਪਿਆਂ ਦਾ ਦਖਲ ਨਾ ਹੋਵੇ।ਵਿਆਹ ਉਪਰੰਤ ਲੜਕੇ ਨੂੰ ਆਪਣੇ ਫੈਸਲੇ ਆਪ ਕਰਨ ਦੀ ਇਜ਼ਾਜਤ ਨਾ ਹੋਣ ਕਾਰਨ ਪਰਿਵਾਰਾਂ ਵਿੱਚ ਪਾੜਾ ਪੈ ਜਾਂਦਾ ਹੈ।ਪੀੜੀ ਦੇ ਪਾੜੇ ਨੂੰ ਘੱਟ ਕਰਨ ਲਈ ਮਾਪੇ ਤੇ ਬੱਚਿਆਂ ਦੋਨਾਂ ਨੂੰ ਕੋਸ਼ਿਸ਼ ਕਰਦੇ ਰਹਿਣਾ ਚਾਹੀਦਾ ਹੈ।
               ਮਾਪਿਆਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਬੱਚਿਆਂ ਨੂੰ ਅਜਿਹਾ ਮਾਹੋਲ ਦੇਣ ਕਿ ਉਹ ਆਪਣੇ ਦਿਲ ਦੀ ਗੱਲ ਉਹਨਾਂ ਨਾਲ ਸਾਂਝੀ ਕਰਨ ਵਿੱਚ ਝਿਜਕ ਮਹਿਸੂਸ ਨਾ ਕਰਨ।ਬੱਚਿਆਂ ਅਤੇ ਮਾਤਾ ਪਿਤਾ ਵਿੱਚ ਦੋਸਤੀ ਦਾ ਰਿਸ਼ਤਾ ਹੋਵੇ।ਕਹਿੰਦੇ ਹਨ, ਜਦੋਂ ਪੁੱਤਰ ਨੂੰ ਬਾਪ ਦੀ ਜੁੱਤੀ ਮੇਚ ਆ ਜਾਵੇ ਤਾਂ ਉਸ ਨੂੰ ਦੋਸਤ ਬਣਾ ਲੈਣਾ ਚਾਹੀਦਾ ਹੈ।
                ਮਾਤਾ ਪਿਤਾ ਬੱਚਿਆਂ ਨੂੰ ਦੱਸਣ ਕਿ ਉਹਨਾਂ ਪਾਸ ਸਿਰਫ ਐਨੇ ਕੁ ਪੈਸੇ ਹਨ ਅਤੇ ਉਹ ਪੈਸਾ ਕਮਾਉਣ ਲਈ ਕਿੰਨੀ ਕਰੜੀ ਮਿਹਨਤ ਕਰ ਰਹੇ ਹਨ।ਬੱਚਿਆਂ ਨੂੰ ਵਹਿਲੇ ਸਮੇਂ ਆਪਣੇ ਕੰਮ ਵਿੱਚ ਹੱਥ ਵਟਾਉਣ ਲਈ ਲਗਾਉਣਾ ਚਾਹੀਦਾ ਹੈ ਤਾਂ ਜੋ ਉਹਨਾਂ ਨੂੰ ਪੈਸੇ ਦੀ ਅਹਿਮੀਅਤ ਦਾ ਗਿਆਨ ਹੁੰਦਾ ਰਹੇ।
ਸ਼ੁਰੂ ਤੋਂ ਹੀ ਬੱਚਿਆਂ ਨੂੰ ਨਾਂਹ ਸੁਣਨ ਦੀ ਆਦਤ ਪਾਉਣੀ ਚਾਹੀਦੀ ਹੈ।ਹਰੇਕ ਮੂੰਹ ਮੰਗੀ ਚੀਜ਼ ਲੈ ਦੇਣ ਨਾਲ ਉਹਨਾਂ ਦੀ ਉਮੀਦ ਬਹੁਤ ਵੱਧ ਜਾਂਦੀ ਹੈ।
ਆਪਣੀ ਹੈਸੀਅਤ ਅਨੁਸਾਰ ਬੱਚਿਆਂ ਦਾ ਪਾਲਣ ਪੋਸ਼ਣ ਕਰਨਾ ਚਾਹੀਦਾ ਹੈ ਹੈਸੀਅਤ ਤੋਂ ਵੱਧ ਕੇ ਕੀਤਾ ਗਿਆ ਪਾਲਣ ਪੋਸ਼ਣ ਵੀ ਅਖੀਰ ਵਿੱਚ ਰਿਸ਼ਤੇ ਖਰਾਬ ਹੋਣ ਦਾ ਕਾਰਨ ਬਣ ਜਾਂਦਾ ਹੈ ।
              ਮਾਤਾ ਪਿਤਾ ਨੂੰ ਆਪਣੇ ਦੁਆਰਾ ਕੀਤੇ ਪਾਲਣ-ਪੋਸ਼ਣ ਤੇ ਯਕੀਨ ਹੋਣਾ ਚਾਹੀਦਾ ਹੈ ਕਿ ਉਹਨਾਂ ਨੇ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਸਹੀ ਤਰੀਕੇ ਨਾਲ ਕੀਤਾ ਹੈ।ਬੱਚਿਆਂ ਨੂੰ ਹਰ ਚੰਗੇ ਅਤੇ ਮਾੜੇ ਕੰਮ ਸਬੰਧੀ ਜਾਗਰੂਕ ਕੀਤਾ ਹੈ।ਉਹਨਾਂ ਨੂੰ ਯਕੀਨ ਹੋਣਾ ਚਾਹੀਦਾ ਹੈ ਕਿ ਉਹਨਾਂ ਨੇ ਆਪਣੇ ਬੱਚਿਆਂ ਨੂੰ ਪੂਰੀ ਤਰ੍ਹਾਂ ਤਿਆਰ ਕਰ ਦਿੱਤਾ ਹੈ ਕਿ ਉਹ ਆਪਣੇ ਫੈਸਲੇ ਖੁਦ ਲੈ ਸਕਣ।ਜੇਕਰ ਮਾਤਾ ਪਿਤਾ ਨੂੰ ਆਪਣੇ ਦੁਆਰਾ ਆਪਣੇ ਬੱਚਿਆਂ ਦੇ ਕੀਤੇ ਪਾਲਣ ਪੋਸ਼ਣ ‘ਤੇ ਯਕੀਨ ਹੈ ਤਾਂ ਉਹ ਆਪਣੀ ਅਗਲੀ ਪੀੜੀ ਜੋ ਬਾਲ ਬੱਚੇਦਾਰ ਹੋ ਚੁੱਕੀ ਹੈ ਨੂੰ ਆਪਣੇ ਫੈਸਲੇ ਆਪ ਕਰਨ ਲਈ ਖੁੱਲ੍ਹਾਂ ਲੈਣ ਦਾ ਅਧਿਕਾਰ ਖੁਸ਼ੀ ਖੁਸ਼ੀ ਦੇ ਦੇਣਾ ਚਾਹੀਦਾ ਹੈ।

ਆਓ! ਮਾਪੇ ਤੇ ਬੱਚੇ ਰਲ ਕੇ ‘ਨਵੀਂ ਪੁਰਾਣੀ ਪੀੜੀ’ ਦੇ ਪਾੜੇ ਨੂੰ ਘੱਟ ਕਰਨ ਦੀ ਕੋਸ਼ਿਸ਼ ਕਰੀਏ।020820

ਮਨਜੀਤ ਸਿੰਘ ਸੌਂਦ,
ਪਿੰਡ ਤੇ ਡਾ: ਟਾਂਗਰਾ
ਮੋਬਾ: 9803761451

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …