ਅੱਜ ਜਿਸ ਨਾਜ਼ੁਕ ਸਥਿਤੀ ਰਾਹੀਂ ਪੂਰਾ ਸੰਸਾਰ ਗੁਜ਼ਰ ਰਿਹਾ ਹੈ।ਇਸ ਦੀ ਮਨੁੱਖ ਨੇ ਕਦੀ ਕਲਪਨਾ ਵੀ ਨਹੀਂ ਕੀਤੀ ਹੋਵੇਗੀ।ਇਹੋ ਜਿਹੇ ਭਿਆਨਕ ਅਜ਼ਾਮ ਦਾ ਸ਼ਾਇਦ ਹੀ ਕਿਸੇ ਕਿਆਸਾ ਲਾਇਆ ਹੋਵੇ ਕਿ ਚੰਨ-ਤਾਰਿਆਂ ਦੀਆਂ ਉਡਾਰੀਆਂ ਲਾਉਣ ਵਾਲਾ, ਧਰਤੀ ਦੀਆਂ ਤੈਹਾਂ ਉਦੇੜਨ ਵਾਲਾ, ਸਾਗਰਾਂ ਦੇ ਪਾਣੀ ਦੀ ਪੁਣ-ਛਾਣ ਕਰਨ ਵਾਲੇ ਮਹਾਂ-ਗਿਆਨੀ, ਮਨੁੱਖ ਨੂੰ ਕਦੇ ਇਸ ਤਰ੍ਹਾਂ ਨਿਹੱਥੇ ਹੋ ਕੇ ਜ਼ਿਦਗੀ ਜਿਊਣ ਲਈ ਘਰ ਦੀ ਚਾਰਦੀਵਾਰੀ `ਚ ਕੈਦ ਹੋਣਾ ਪਵੇਗਾ।ਅੱਜ ਕਰੋਨਾ-19 ਨਾਂ ਦੇ ਇਸ ਵਾਇਰਸ ਨੇ ਪੂਰੀ ਦੁਨੀਆਂ ਵਿੱਚ ਕੋਹਰਾਮ ਮਚਾ ਦਿੱਤਾ ਹੈ।ਅਨੇਕਾਂ ਜ਼ਿੰਦਗੀਆਂ ਇਸ ਦੀ ਭੇਂਟ ਚੜ੍ਹ ਗਈਆਂ ਹਨ ਅਤੇ ਹੋਰ ਪਤਾ ਨਹੀਂ ਕਿੰਨੀਆਂ ਕੁ ਅਜੇ ਇਸ ਨਾਂ-ਮੁਰਾਦ ਬਿਮਾਰੀ ਨਾਲ ਲੜ੍ਹ ਰਹੀਆ ਹਨ।
ਇਸ ਤਰ੍ਹਾਂ ਮਨੁੱਖਤਾ ਨੂੰ ਖਤਰਾ ਹੋਣਾ ਕੋਈ ਪਹਿਲੀ ਵਾਰੀ ਨਹੀਂ ਹੈ, ਸਗੋਂ ਜਦੋਂ ਤੋਂ ਮਨੁੱਖੀ ਜੀਵਨ ਦੀ ਸ਼ੁਰੂਆਤ ਹੋਈ ਹੈ।ਇਹ ਵਰਤਾਰਾ ਉਦੋਂ ਹੀ ਸ਼ੁਰੂ ਹੋ ਗਿਆ ਹੋਵੇਗਾ।ਇਹ ਵੱਖਰੀ ਗੱਲ ਹੈ ਕਿ ਸਮੇਂ ਦੀਆਂ ਪ੍ਰਸਥਿਤੀਆਂ ਬਦਲਣ ਨਾਲ ਇਸ ਦਾ ਸਰੂਪ ਬਦਲਦਾ ਰਿਹਾ।ਅਜੋਕੇ ਮਨੁੱਖੀ ਜੀਵਨ ਨੂੰ ਕਈ ਯੁੱਗਾਂ ਨੇ ਥਾਪੜਿਆ ਹੈ।ਕਦੀ ਮਹਾਂਮਾਰੀ, ਕਦੇ ਭਿਆਨਕ ਸੰਸਾਰ ਯੁੱਧਾਂ ਅਤੇ ਕਦੇ ਪ੍ਰਮਾਣੂ ਹਥਿਆਰਾਂ ਦੇ ਡਰ ਵਿੱਚ ਰਹਿੰਦਾ ਹੀ ਰਿਹਾ ਹੈ।ਇਹ ਵੀ ਅਟੱਲ ਸੱਚਾਈ ਹੈ ਕਿ ਜਿਸਦੀ ਹੋਂਦ ਹੁੰਦੀ ਹੈ ਉਹਦਾ ਅੰਤ ਵੀ ਨਾਲ ਹੀ ਤਹਿ ਹੁੰਦਾ ਹੈ।ਹਰ ਹਨੇਰੇ ਦਾ ਅੰਤ ਸੁਰਖ ਸਵੇਰ ਨਾਲ ਹੀ ਹੁੰਦਾ ਹੈ, ਹਰ ਅੱਤ ਦਾ ਅੰਤ ਜਾਂ ਆਖੀਰ ਹੁੰਦਾ ਹੈ ਫਿਰ ਉਹ ਕੋਈ ਮਹਾਂਮਾਰੀ ਹੋਵੇ ਜਾਂ ਕੋਈ ਸੰਸਾਰ ਯੁੱਧ।
ਅੱਜ ਰਾਸ਼ਟਰਾਂ ਦੀ ਮਹਾਂਸ਼ਕਤੀਸ਼ਾਲੀ ਬਣਨ ਦੀ ਦੌੜ ਨੇ ਮਨੁੱਖਤਾ ਨੂੰ ਮੋਹਰਾ ਬਣਾ ਲਿਆ ਹੈ।ਪਰ ਪ੍ਰਮਾਤਮਾ ਦੀ ਅਦਭੁੱਤ ਘਾੜ੍ਹਤ ਮਨੁੱਖ ਬੇਸ਼ੱਕ ਥੋੜ੍ਹੇ ਸਮੇਂ ਲਈ ਸਹਿਮ ਜਾਂਦਾ ਹੈ।ਪਰ ਇਹ ਵੀ ਸੱਚ ਹੈ ਕਿ ਮਨੁੱਖ ਆਪਣੀ ਦ੍ਰਿੜਤਾ ਅਤੇ ਆਤਮ ਵਿਸ਼ਵਾਸ ਨਾਲ ਕੋਈ ਵੀ ਚੋਟੀ ਸਰ ਕਰ ਸਕਦਾ ਹੈ।ਮਨੁੱਖ ਦੀਆਂ ਲੋੜਾਂ ਨੇ ਅੱਜ ਤੱਕ ਉਸ ਤੋਂ ਹੈਰਾਨੀਜਨਕ ਕਾਢਾਂ ਕਰਵਾਈਆਂ ਹਨ।ਇਹਨਾਂ ਖੋਜ ਅਤੇ ਕਾਢਾਂ ਜਰੀਏ ਜਿੱਥੇ ਮਨੁੱਖ ਨੇ ਆਪਣੇ ਸੁੱਖਾਂ ਅਤੇ ਸਹੂਲਤਾਂ ਦਾ ਅਨੰਦ ਲਿਆ ਹੈ।ਉਥੋਂ ਦੂਜਿਆਂ ਵਿੱਚ ਡਰ ਅਤੇ ਦਬਦਬਾ ਬਰਕਰਾਰ ਰੱਖਣ ਲਈ ਕਦੇ ਪ੍ਰਮਾਣੂ ਹਥਿਆਰਾਂ ਦੀ ਵੀ ਵਰਤੋਂ ਕਰਦਾ ਹੈ।ਮਹਾਂਮਰੀਆਂ ਵੀ ਮਨੁੱਖ ਦੀ ਲਾਪਰਵਾਹੀ ਦਾ ਕਾਰਨ ਬਣਨ ਤਾਂ ਹੈਰਾਨੀ ਹੁੰਦੀ ਹੈ।ਜਿਸ ਦਾ ਸੰਤਾਪ ਪੂਰੀ ਮਨੁੱਖਤਾ ਨੂੰ ਹੀ ਭੋਗਣਾ ਪੈ ਰਿਹਾ ਹੈ।
ਇਸ ਧਰਤੀ ‘ਤੇ ਅਤੇ ਅਕਾਸ਼ ਦੇ ਥੱਲੇ ਅੱਜ ਤੱਕ ਕੋਈ ਵੀ ਅਜਿਹੀ ਮੁਸੀਬਤ ਨਹੀਂ, ਜਿਸ ਦਾ ਕਿ ਹੱਲ ਨਾ ਹੋਵੇ।ਮਨੁੱਖ ਮੁੱਢ ਤੋਂ ਹੀ `ਲੋੜ ਕਾਢ ਦੀ ਮਾਂ ਹੈ` ਵਾਲੀ ਧਾਰਨਾ ਵਿੱਚ ਯਕੀਨ ਰੱਖਦਾ ਹੈ ਇਸ ਲਈ ਉਹ ਮਨੁੱਖੀ ਸਮਝ ਰਾਹੀਂ ਆਪਣੀਆਂ ਲੋੜਾਂ ਦੀ ਪੂਰਤੀ ਲਈ ਸਮਰੱਥ ਹੈ।ਇਹ ਵੀ ਸੱਚਾਈ ਹੈ ਕਿ ਕੋਈ ਮੁਸੀਬਤ ਜਾਂ ਤਕਲੀਫ ਵੀ ਤਾਂ ਇਕੱਲੀ ਨਹੀਂ ਆਉਂਦੀ, ਸਗੋਂ ਆਪਣੇ ਨਾਲ ਬੜੇ ਤਜ਼ੱਰਬੇ ਅਤੇ ਸਬਕ ਲੈ ਕੇ ਆਉਂਦੀ ਹੈ।ਜ਼ਿੰਦਗੀ ਦੀਆਂ ਨਾਕਾਮੀਆਂ ਅਤੇ ਹਾਰਾਂ ਨਾਲ ਲੜਨਾ ਸਿਖਾਉਂਦੀ ਹੈ।ਜਿੱਤ ਦੀ ਖੁਸ਼ੀ ਲਈ ਹਮੇਸ਼ਾਂ ਹੀ ਕਈ ਹਾਰਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਆਏ ਦਿਨ ਮਨੁੱਖ ਦੀਆਂ ਕੋਸ਼ਿਸ਼ਾਂ ਹੀ ਉਸਦੀਆਂ ਮੁਸ਼ਕਿਲਾਂ ਦਾ ਹੱਲ ਕਰਦੀਆਂ ਹਨ, ਇਹ ਮਨੁੱਖੀ ਸੁਭਾਅ ਹੀ ਹੈ ਜਿਹੜਾ ਕਿ ਹਰ ਮੁਸੀਬਤ ਨੂੰ ਇੱਕ ਚਣੌਤੀ ਸਮਝ ਕੇ ਉਸ ਦਾ ਡਟ ਕੇ ਸਾਹਮਣਾ ਕਰਦਾ ਹੈ।ਬੇਸ਼ੱਕ ਇਸ ਮਹਾਂਮਾਰੀ ਨੇ ਮਨੁੱਖ ਦੇ ਜੀਵਨ ਅਤੇ ਸੋਚ ਨੂੰ ਪ੍ਰਭਾਵਿਤ ਕੀਤਾ ਹੈ।ਪਰ ਇਸ ਦਾ ਹੱਲ ਵੀ ਮਨੁੱਖ ਦੀ ਸੋਚ ਅਤੇ ਸਮਝ ਵਿੱਚ ਹੀ ਲੁਕਿਆ ਹੋਇਆ ਹੈ, ਜਰੂਰਤ ਕੇਵਲ ਸਮਝਣ ਅਤੇ ਪਰਖਣ ਦੀ ਹੈ।
ਅੱਜ ਇਸ ਮਹਾਂਮਾਰੀ ਤੋਂ ਬਚਣ ਲਈ ਜਿਥੇ ਜਰੂਰੀ ਸਾਵਧਾਨੀਆਂ ਵਰਤਣ ਦੀ ਲੋੜ ਹੈ, ਉਥੇ ਨਾਲ ਹੀ ਮਨੁੱਖ ਨੂੰ ਆਪਣੀਆਂ ਖਾਹਿਸ਼ਾਂ ਨੂੰ ਵੀ ਸੀਮਿਤ ਕਰਨਾ ਚਾਹੀਦਾ ਹੈ।ਜੇਕਰ ਉਹ ਕੇਵਲ ਆਪਣੀ ਜਰੂਰੀ ਲੋੜਾਂ ਨੂੰ ਪੂਰਾ ਕਰਨ ਤੱਕ ਸੀਮਿਤ ਰਹੇਗਾ ਤਾਂ ਇਸ ਮਹਾਂਮਾਰੀ ਦੇ ਜਾਣ ਦੇ ਬਾਅਦ ਵੀ ਆਪਣੀਆਂ ਜਰੂਰੀ ਲੋੜਾਂ ਪੂਰੀਆਂ ਕਰ ਸਕੇਗਾ।ਪਰ ਜੇਕਰ ਅੱਜ ਵੀ ਉਹ ਆਪਣੀਆਂ ਫਜ਼ੂਲ ਖਰਚੀ ਅਤੇ ਬੇਬੁਨਿਆਦ ਖ਼ਾਹਸ਼ਾਂ ਦੀ ਪੂਰਤੀ ਵੱਲ ਧਿਆਨ ਦੇਵੇਗਾ ਤਾਂ ਆਉਣ ਵਾਲੇ ਸਮੇ਼ ਵਿੱਚ ਆਰਥਿਕ ਸੰਕਟ ਦਾ ਸਾਹਮਣਾ ਕਰਨਾ ਪੈ ਸਕਦਾ ਹੈ।ਇਸ ਤਰ੍ਹਾਂ ਆਪਣੀਆਂ ਖਾਹਸ਼ਾਂ ਨੂੰ ਪਹਿਲ ਦੇਵੇਗਾ ਤਾਂ ਯਕੀਨਨ ਹੀ ਹੈ ਕਿ ਇਸ ਮਹਾਂਮਾਰੀ ਦੇ ਸਮੇਂ ਦੌਰਾਨ ਅਤੇ ਇਸ ਤੋਂ ਬਾਅਦ ਹੋਣ ਵਾਲੀਆਂ ਆਰਥਿਕ ਪ੍ਰਸਥਿਤੀਆਂ ਦਾ ਸਾਹਮਣਾ ਨਹੀਂ ਕਰ ਸਕੇਗਾ।ਇਸ ਸਮੇਂ ਜਿਥੇ ਮਨੁੱਖੀ ਮਾਨਸਿਕਤਾ ਨੂੰ ਮਜ਼ਬੂਤ ਹੋਣ ਦੀ ਜਰੂਰਤ ਹੈ, ਉਥੇ ਨਾਲ ਹੀ ਆਰਥਿਕਤਾ ਨੂੰ ਵੀ ਡੋਲਣ ਤੋਂ ਬਚਾਉਣ ਦੇ ਵੀ ਢੰਗ ਲੱਭਣੇ ਚਾਹੀਦੇ ਹਨ।ਜਰੂਰੀ ਲੋੜਾਂ ਪੂਰੀਆਂ ਕਰ ਸਕਣੀਆਂ ਸੌਖੀਆਂ ਹਨ।ਪਰ ਇੱਛਾਵਾਂ ਜਾਂ ਖਾਹਿਸ਼ਾ ਹਮੇਸ਼ਾਂ ਹੀ ਅਸੀਮਤ ਹੁੰਦੀਆਂ ਹਨ ਅਤੇ ਜੇਕਰ ਪੂਰੀਆਂ ਨਾ ਹੋ ਸਕਣ ਤਾਂ ਮਾਨਸਿਕ ਬੋਝ ਪੈਂਦਾ ਹੈ ਜੋ ਕਿ ਬਿਮਾਰ ਮਾਨਸਿਕਤਾ ਦਾ ਕਾਰਨ ਬਣ ਸਕਦਾ ਹੈ।ਜਿਵੇਂ ਕਿ ਮਨੁੱਖ ਦਾ ਸੁਭਾਅ ਹੀ ਹੈ ਕਿ ਉਹ ਹਰ ਹਲਾਤ ਤੋਂ ਕੁੱਝ ਨਾ ਕੁੱਝ ਜਰੂਰ ਹੀ ਸਿੱਖਦਾ ਹੈ।
ਇਤਿਹਾਸ ਗਵਾਹ ਹੈ ਕਿ ਜਦੋਂ ਵੀ ਕਿਧਰੇ ਕੋਈ ਮੁਸੀਬਤ ਆਈ ਹੈ ਤਾਂ ਪ੍ਰਮਾਤਮਾ ਦੀ ਕਿਰਪਾ ਅਤੇ ਆਤਮ ਵਿਸ਼ਵਾਸ ਨਾਲ ਮਨੁੱਖ ਹੱਲ ਕਰ ਸਕਿਆ ਹੈ ਅਤੇ ਉਸ ਔਖੀ ਘੜੀ ਵਿਚੋਂ ਬਹੁਤ ਕੁੱਝ ਸਿੱਖਦਾ ਵੀ ਹੈ।ਜੇਕਰ ਇਰਾਦੇ ਦ੍ਰਿੜ ਹੋਣ, ਹੌਂਸਲੇ ਬੁਲੰਦ ਹੋਣ ਤਾਂ ਕਰੋਨਾ ਵਰਗੀ ਨਾ-ਮੁਰਾਦ ਬਿਮਾਰੀ ‘ਤੇ ਜਰੂਰ ਜਿੱਤ ਪ੍ਰਾਪਤ ਕੀਤੀ ਜਾ ਸਕਦੀ ਹੈ।ਮਨੁੱਖ ਕੁਦਰਤ ਦਾ ਸਭ ਤੋਂ ਬਿਹਤਰ ਕ੍ਰਿਸ਼ਮਾ ਹੋਣ ਕਰਕੇ ਹੀ ਕੁਦਰਤ ਨੂੰ ਪਿਆਰਾ ਵੀ ਹੈ।ਇਸ ਸਮੇਂ ਮਨੁੱਖ ਨੂੰ ਆਪਣੀ ਗੌਰਵਮਈ ਹੋਂਦ ਅਤੇ ਕੁਦਰਤ ਅਤੇ ਉਸ ਦੀ ਬਣਤਰ ਨੂੰ ਸਮਝ ਕੇ ਉਸਨੂੰ ਮਹਿਸੂਸ ਕਰਨਾ ਚਾਹੀਦਾ ਹੈ।ਜਿਸ ਦਿਨ ਮਨੁੱਖ ਆਪਣੀ ਆਤਮਿਕ ਸ਼ਕਤੀ ਅਤੇ ਕੁਦਰਤੀ ਬਣਤਰ ਦੀ ਆਪਸੀ ਸਾਂਝ ਨੂੰ ਸਮਝਣ ਲੱਗ ਪਵੇਗਾ ਤਾਂ ਫਿਰ ਯਕੀਨਨ ਹੀ ਇੱਕ ਤੰਦਰੁਸਤ ਸਮਾਜ ਦੀ ਸਿਰਜਣਾ ਹੋਣ ਦੀ ਆਸ ਬੱਝਦੀ ਹੈ। 020820
ਵਿਚਾਰ –
ਰਣਜੀਤ ਕੌਰ ਬਾਜਵਾ
(ਪੰਜਾਬੀ ਅਧਿਆਪਕਾ)
rkbajwa1976@gmail.com