ਲੌਂਗੋਵਾਲ, 20 ਅਗਸਤ (ਜਗਸੀਰ ਲੌਂਗੋਵਾਲ)- ਸ਼੍ਰੋਮਣੀ ਅਕਾਲੀ ਦਲ (ਬ) ਵਲੋਂ ਗੁਰਦੁਆਰਾ ਕੈਂਬੋਵਾਲ ਸਾਹਿਬ ਵਿਖੇ ਸੰਤ ਹਰਚੰਦ ਸਿੰਘ ਲੌਂਗੋਵਾਲ ਜੀ ਦੀ 35ਵੀਂ ਸਲਾਨਾ ਬਰਸੀ ਮੌਕੇ ਕਰਵਾਏ ਗਏ ਨਿਰੋਲ ਧਾਰਮਿਕ ਸਮਾਗਮ ‘ਚ ਸੰਤ ਲੌਂਗੋਵਾਲ ਜੀ ਨੂੰ ਸਰਧਾਂਜਲੀ ਭੇਂਟ ਕਰਦਿਆਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਸਿੱਖ ਧਰਮ ਅਤੇ ਰਾਜਨੀਤੀ ਨੂੰ ਵੱਖਰਾ ਰੱਖਣ ਸਬੰਧੀ ਪ੍ਰਚਾਰ ਕਰਨ ਵਾਲੇ ਰਾਜਨੀਤਿਕ ਆਗੂਆਂ ਨੂੰ ਅਜਿਹੇ ਬਿਆਨ ਨਹੀ ਦੇਣੇ ਚਾਹੀਦੇ।ਕਿਉਂਕਿ ਕੇਵਲ ਸਿੱਖ ਕੌਮ ਹੀ ਨਹੀ ਸਗੋਂ ਹਿੰਦੂ ਧਰਮ ਵਿੱਚ ਵੀ ਰਾਜਨੀਤਕ ਅਤੇ ਧਰਮ ਦਾ ਸੁਮੇਲ ਰਿਹਾ ਹੈ, ਜਿਸ ਦਾ ਇਤਿਹਾਸ ਗਵਾਹ ਹੈ।ਕੋਈ ਵੀ ਧਰਮ ਉਦੋਂ ਤੱਕ ਮਜ਼ਬੂਤ ਨਹੀ ਹੋ ਸਕਦਾ, ਜਦੋ ਤੱਕ ਉਸ ਦੇ ਆਗੂ ਮੰਚਾਂ ‘ਤੇ ਉਸ ਧਰਮ ਦਾ ਪ੍ਰਚਾਰ ਨਹੀ ਕਰਦੇ।ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਦੌਰਾਨ ਸਿੱਖ ਧਰਮ ਦਾ ਵਿਰੋਧ ਕਰਨ ਵਾਲੀਆਂ ਤਾਕਤਾਂ ਨੇ ਇਸ ਨੂੰ ਖਤਮ ਕਰਨ ਲਈ ਕਈ ਵਾਰ ਹਮਲੇ ਕੀਤੇ ਗਏ ਹਨ।ਪਰ ਸਿੱਖ ਕੌਮ ਦੀ ਅਗਵਾਈ ਕਰਨ ਵਾਲੇ ਸਿੰਘਾਂ ਨੇ ਇਹਨਾ ਹਮਲਿਆਂ ਦਾ ਮੂੰਹ ਤੋੜ ਜਵਾਬ ਦੇ ਕੇ ਉਨਾਂ ਦੇ ਮਨਸੂਬੇ ਕਾਮਯਾਬ ਨਹੀ ਹੋਣ ਦਿੱਤੇ।ਇਹ ਤਾਂ ਹੀ ਸੰਭਵ ਹੋ ਸਕਿਆ ਹੈ ਕਿ ਜੇਕਰ ਸਿੱਖ ਕੌਮ ਦੇ ਆਗੂ ਸਿੱਖ ਧਰਮ ਦੇ ਨਾਲ-ਨਾਲ ਰਾਜਨੀਤਕ ਤੌਰ ‘ਤੇ ਵੀ ਮਜ਼ਬੂਤ ਸਨ।ਧਰਮ ਅਤੇ ਰਾਜਨੀਤੀ ਦਾ ਸੁਮੇਲ ਨਾ ਹੁੰਦਾ ਤਾਂ ਅੱਜ ਸਿੱਖ ਕੌਮ ਦੇ ਹਲਾਤ ਹੋਰ ਹੁੰਦੇ।ਉਨਾਂ ਨੌਜਵਾਨ ਪੀੜ੍ਹੀ ਨੂੰ ਪ੍ਰੇਰਤ ਕਰਦਿਆਂ ਕਿਹਾ ਕਿ ਉਹ ਧਰਮ ਦੇ ਨਾਲ-ਨਾਲ ਰਾਜਨੀਤੀ ਵਿੱਚ ਵੀ ਵੱਧ ਚੜ ਕੇ ਆਪਣਾ ਸਹਿਯੋਗ ਦੇਣ।
ਸੰਤ ਹਰਚੰਦ ਸਿੰਘ ਲੌਂਗੋਵਾਲ ਦੇ ਜਾਨਸੀਨ ਅਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਸੰਤ ਜੀ ਨੂੰ ਸਰਧਾਂਜਲੀ ਭੇਂਟ ਕਰਦਿਆਂ ਕਿਹਾ ਕਿ ਸਮੁੱਚੀ ਦੁਨੀਆਂ ‘ਚ ਕੋਰੋਨਾ ਵਾਇਰਸ ਬਿਮਾਰੀ ਦੇ ਚੱਲਦਿਆਂ ਅੱਜ ਸਾਨੂੰ ਸੰਤ ਜੀ ਦੀ ਇਹ 35ਵੀਂ ਸਲਾਨਾ ਬਰਸੀ ਸੰਖੇਪ ਰੂਪ ‘ਚ ਮਨਾਉਣੀ ਪਈ।ਵੱਖ-ਵੱਖ ਟੀ.ਵੀ ਚੈਨਲਾਂ ਰਾਹੀ ਇਸ ਸਮਾਗਮ ਦੇ ਸਿੱਧੇ ਪ੍ਰਸਾਰਨ ਦੇ ਬਾਵਜ਼ੂਦ ਵੀ ਵੱਡੀ ਗਿਣਤੀ ‘ਚ ਦੇਸ਼ ਵਿਦੇਸ਼ ਤੋਂ ਪਹੁੰਚੀ ਸਿੱਖ ਸੰਗਤਾਂ ਨੇ ਸੰਤ ਜੀ ਨੂੰ ਸਰਧਾ ਦੇ ਫੁੱਲ ਭੇਟ ਕੀਤੇ ਹਨ।
ਸਮਾਗਮ ‘ਚ ਪਹੁੰਚੇ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਰਾਜ ਸਭਾ ਮੈਂਬਰ ਬਲਵਿੰਦਰ ਸਿੰਘ ਭੂੰਦੜ, ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਜਿਲ੍ਹਾ ਪ੍ਰਧਾਨ ਇਕਬਾਲ ਸਿੰਘ ਚੂੰਦਾ, ਸ਼੍ਰੋਮਣੀ ਕਮੇਟੀ ਮੈਂਬਰ ਪਰਮਜੀਤ ਸਿੰਘ ਖਾਲਸਾ (ਬਰਨਾਲਾ), ਕਾਕਾ ਨਵਇੰਦਰਪ੍ਰੀਤ ਸਿੰਘ ਲੌਂਗੋਵਾਲ, ਸੰਤ ਹਾਕਮ ਸਿੰਘ ਗੰਡੇਵਾਲ, ਤੇਜਾ ਸਿੰਘ ਕਮਾਲਪੁਰ, ਗਗਨਦੀਪ ਸਿੰਘ ਬਰਨਾਲਾ, ਹਰੀ ਸਿੰਘ ਨਾਭਾ, ਸੰਤ ਬਾਬਾ ਬਲਵੀਰ ਸਿੰਘ ਘੁੰਨਸ, ਬਲਦੇਵ ਸਿੰਘ ਮਾਨ, ਜਥੇਦਾਰ ਉਦੈ ਸਿੰਘ ਲੌਂਗੋਵਾਲ, ਬੀਬੀ ਸਮਿੰਦਰ ਕੌਰ ਗਿੱਲ, ਭੁਪਿੰਦਰ ਸਿੰਘ ਭਲਵਾਨ ਤੇ ਮੰਚ ਸੰਚਾਲਕ ਜਸਵੀਰ ਸਿੰਘ ਲੌਂਗੋਵਾਲ ਨੇ ਵੀ ਸੰਤ ਜੀ ਨੂੰ ਸਰਧਾਜਲੀ ਭੇਂਟ ਕੀਤੀ।
ਇਸ ਮੌਕੇ ਬਾਬਾ ਬਲਵਿੰਦਰ ਸਿੰਘ ਕੈਬੋਵਾਲ, ਪਰਮਜੀਤ ਸਿੰਘ ਜੱਸੇਕਾ, ਅਮਨਵੀਰ ਸਿੰਘ ਕਾਂਝਲਾ, ਗੁਰਜੀਤ ਸਿੰਘ ਪਟਵਾਰੀ, ਲਖਵਿੰਦਰ ਸਿੰਘ ਭਾਲ, ਬਿੰਦਰ ਠੇਕੇਦਾਰ, ਦਰਸ਼ਨ ਸਿੰਘ ਪੀ.ਏ, ਅਮਰਜੀਤ ਸਿੰਘ ਜੈਦ ਪੀ.ਏ, ਸੁਰਿੰਦਰ ਸਿੰਘ ਪੀ.ਏ, ਡਾ. ਮਾਲਵਿੰਦਰ ਸਿੰਘ ਮਾਲੀ, ਹਰਵਿੰਦਰ ਸਿੰਘ ਬੰਟੀ ਵਿਰਕ ਆਦਿ ਹਾਜ਼ਰ ਸਨ।
Check Also
ਨਿਗਮ ਵਲੋਂ ਲਗਾਏ ਹਫਤਾਵਾਰ ਕੈਂਪਾਂ ਵਿੱਚ ਭਰੀਆਂ ਗਈਆਂ ਪ੍ਰਾਪਰਟੀ ਟੈਕਸ ਰਿਟਰਨਾਂ
200 ਦੇ ਕਰੀਬ ਪਾਣੀ ਅਤੇ ਸੀਵਰੇਜ ਦੇ ਨਜਾਇਜ਼ ਕਨੈਕਸ਼ਨ ਕੀਤੇ ਗਏ ਰੈਗੂਲਰ – ਵਧੀਕ ਕਮਿਸ਼ਨਰ …