ਸਪਰਿੰਕਲਿੰਗ ਪ੍ਰਣਾਲੀ ਦੇ ਨਾਲ-ਨਾਲ ਬਾਸਕਿਟਬਾਲ ਗਰਾਊਂਡ, ਬੈਡਮਿੰਟਨ ਕੋਰਟ ਦਾ ਹੋਵੇਗਾ ਨਵੀਨੀਕਰਨ
ਕਪੂਰਥਲਾ, 17 ਅਕਤੂਬਰ (ਪੰਜਾਬ ਪੋਸਟ ਬਿਊਰੋ) – ਕਪੂਰਥਲਾ ਦੇ ਸ਼੍ਰੀ ਗੁਰੂ ਨਾਨਕ ਦੇਵ ਜੀ ਸਟੇਡੀਅਮ ਦੀ ਕਾਇਆ ਕਲਪ ਲਈ ਵਿਸਥਾਰਤ ਯੋਜਨਾਬੰਦੀ ਵਾਸਤੇ ਅੱਜ ਸੀਨੀਅਰ ਵਿਧਾਇਕ ਰਾਣਾ ਗੁਰਜੀਤ ਸਿੰਘ ਤੇ ਜਲੰਧਰ ਛਾਉਣੀ ਤੋਂ ਵਿਧਾਇਕ ਤੇ ਸਾਬਕਾ ਉਲੰਪੀਅਨ ਪਦਮ ਸ਼੍ਰੀ ਪ੍ਰਗਟ ਸਿੰਘ ਵਲੋਂ ਦੌਰਾ ਕੀਤਾ ਗਿਆ।
ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਸਮਾਰਟ ਵਿਲੇਜ਼ ਯੋਜਨਾ ਤਹਿਤ ਪਿੰਡਾਂ ਵਿਚ ਖੇਡ ਸਟੇਡੀਅਮ ਬਣਾਏ ਜਾ ਰਹੇ ਹਨ ਅਤੇ ਇਸ ਦੇ ਨਾਲ ਹੀ ਸ਼ਹਿਰ ਦੇ ਇਸ ਸਟੇਡੀਅਮ ਦੀ ਨੁਹਾਰ ਵੀ ਬਦਲੀ ਜਾਵੇਗੀ। ਉਨਾਂ ਕਿਹਾ ਕਿ ਪ੍ਰਗਟ ਸਿੰਘ ਜਿਨਾਂ ਦੀ ਕਪਤਾਨੀ ਹੇਠ ਦੇਸ਼ ਨੇ ਹਾਕੀ ਵਿਚ ਮਾਣਮੱਤੀਆਂ ਪ੍ਰਾਪਤੀਆਂ ਕੀਤੀਆਂ ਦੇ ਤਜ਼ਰਬੇ ਦੀ ਮਦਦ ਨਾਲ ਅਤਿ ਆਧੁਨਿਕ ਸਹੂਲਤਾਂ, ਮਸ਼ੀਨਾਂ ਦੀ ਸਥਾਪਨਾ ਆਦਿ ਲਈ ਖਾਕਾ ਤਿਆਰ ਕੀਤਾ ਜਾਵੇਗਾ।
ਉਨਾਂ ਜਿਲਾ ਖੇਡ ਅਫਸਰ ਜਸਮੀਤ ਕੌਰ ਨੂੰ ਕਿਹਾ ਕਿ ਉਹ ਸਟੇਡੀਅਮ ਦੇ ਆਧੁਨਿਕੀਕਰਨ ਲਈ ਡੀ.ਪੀ.ਆਰ (ਡਿਟੇਲ ਪ੍ਰਾਜੈਕਟ ਰਿਪੋਕਟ) 15 ਦਿਨਾਂ ਅੰਦਰ ਤਿਆਰ ਕਰਨ ਤਾਂ ਜੋ ਜਿਲੇ ਅੰਦਰ ਖੇਡ ਸੱਭਿਆਚਾਰ ਨੂੰ ਪ੍ਰਫੁੱਲਿਤ ਕੀਤਾ ਜਾ ਸਕੇ।
ਪ੍ਰਗਟ ਸਿੰਘ ਨੇ ਕਿਹਾ ਕਿ ਸਟੇਡੀਅਮ ਅੰਦਰ ਮੈਦਾਨਾਂ ਨੂੰ ਪਾਣੀ ਦੇਣ ਲਈ ਸਪਰਿੰਕਲਿੰਗ ਵਿਵਸਥਾ (ਫੁਹਾਰਾ ਪ੍ਰਣਾਲੀ) ਸਥਾਪਿਤ ਕਰਨਾ ਸਮੇਂ ਦੀ ਸਭ ਤੋਂ ਵੱਡੀ ਲੋੜ ਹੈ।ਇਸ ਤੋਂ ਇਲਾਵਾ ਬਾਸਕਿਟਬਾਲ ਗਰਾਊਂਡ ਦੇ ਨਵੀਨੀਕਰਨ ਦੇ ਨਾਲ-ਨਾਲ ਬੈਡਮਿੰਟਨ ਕੋਰਟ ਤੇ ਸਾਰੀਆਂ ਗਰਾਊਂਡਾਂ ਵਿਚ ਫਲੱਡ ਲਾਈਟਾਂ ਲਾਉਣ ਬਾਰੇ ਵੀ ਫੈਸਲਾ ਲਿਆ ਗਿਆ।
ਜਿਲਾ ਸਪੋਰਟਸ ਅਫਸਰ ਵਲੋਂ ਖਿਡਾਰਨਾਂ ਲਈ ਡਰੈਸਿੰਗ ਰੂਮ ਤੇ ਬਾਥਰੂਮ ਤਿਆਰ ਕਰਨ ਦੀ ਮੰਗ ਵੀ ਰੱਖੀ ਗਈ, ਜਿਸ `ਤੇ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਉਹ ਇਸ ਨੂੰ ਪ੍ਰਾਜੈਕਟ ਵਿੱਚ ਹੀ ਸ਼ਾਮਿਲ ਕਰਨ ਲਈ ਖੇਡ ਵਿਭਾਗ ਨਾਲ ਰਾਬਤਾ ਕਾਇਮ ਕਰਨਗੇ।
ਇਸ ਮੌਕੇ ਹਾਕੀ ਦੇ ਅੰਤਰਰਾਸ਼ਟਰੀ ਖਿਡਾਰੀ ਰਿਪੁਦਮਨ ਸਿੰਘ, ਜਸਵਿੰਦਰ ਸਿੰਘ ਅੰਤਰਰਾਸ਼ਟਰੀ ਖਿਡਾਰੀ ਅਥਲੈਟਿਕਸ, ਅਮਰਜੀਤ ਸੈਦੋਵਾਲ, ਵਿਕਾਸ ਸ਼ਰਮਾ, ਗੁਰਪ੍ਰੀਤ ਸਿੰਘ, ਜੈ ਦੀਪ ਸਿੰਘ, ਵਿਨੋਦ ਸੂਦ, ਗੁਰਜੀਤ ਚੀਮਾ ਹਾਜ਼ਰ ਸਨ।