ਵਿਦਿਆਰਥੀਆਂ ਨੂੰ ਮਾਘੀ ਦੀ ਮਹੱਤਤਾ ਬਾਰੇ ਦਿੱਤੀ ਜਾਣਕਾਰੀ
ਅੰਮ੍ਰਿਤਸਰ, 14 ਜਨਵਰੀ (ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਂਸਲ ਦੀ ਸੁਚੱਜੀ ਰਹਿਨੁਮਾਈ ਹੇਠ ਚੱਲ ਰਹੇ ਵਿੱਦਿਅਕ ਅਦਾਰੇ ਖ਼ਾਲਸਾ ਕਾਲਜ ਆਫ਼ ਐਜ਼ੂਕੇਸ਼ਨ ਰਣਜੀਤ ਐਵੀਨਿਊ, ਖ਼ਾਲਸਾ ਕਾਲਜ ਆਫ਼ ਇੰਜੀਨਅਰਿੰਗ ਐਂਡ ਟੈਕਨਾਲੋਜੀ ਰਣਜੀਤ ਐਵੀਨਿਊ, ਖਾਲਸਾ ਕਾਲਜ ਆਫ਼ ਐਜ਼ੂਕੇਸ਼ਨ ਜੀ.ਟੀ ਰੋਡ, ਖ਼ਾਲਸਾ ਕਾਲਜ ਇੰਟਰਨੈਸ਼ਨਲ ਪਬਲਿਕ ਸਕੂਲ ਰਣਜੀਤ ਐਵੀਨਿਊ ਅਤੇ ਖ਼ਾਲਸਾ ਕਾਲਜ ਪਬਲਿਕ ਸਕੂਲ ਵਿਖੇ ਸਰਦ ਰੁੱਤ ਦਾ ਤਿਉਹਾਰ ਲੋਹੜੀ ਬੜੇ ਉਤਸ਼ਾਹ ਨਾਲ ਮਨਾਇਆ ਗਿਆ।
ਐਜ਼ੂਕੇਸ਼ਨ ਕਾਲਜ ਰਣਜੀਤ ਐਵੀਨਿਊ ਦੇ ਪ੍ਰਿੰਸੀਪਲ ਡਾ. ਸੁਰਿੰਦਰਪਾਲ ਕੌਰ ਢਿੱਲੋਂ, ਇੰਜੀਨੀਅਰਿੰਗ ਕਾਲਜ ਰਣਜੀਤ ਐਵੀਨਿਊ ਦੇ ਡਾਇਰੈਕਟਰ ਡਾ. ਮੰਜ਼ੂ ਬਾਲਾ, ਐਜ਼ੂਕੇਸ਼ਨ ਕਾਲਜ ਜੀ.ਟੀ ਰੋਡ ਦੇ ਪ੍ਰਿੰਸੀਪਲ ਡਾ. ਹਰਪ੍ਰੀਤ ਕੌਰ, ਇੰਟਰੈਨਸ਼ਨਲ ਪਬਲਿਕ ਸਕੂਲ ਦੇ ਪ੍ਰਿੰਸੀਪਲ ਸ੍ਰੀਮਤੀ ਨਿਰਮਲਜੀਤ ਕੌਰ ਅਤੇ ਪਬਲਿਕ ਸਕੂਲ ਦੇ ਪ੍ਰਿੰ: ਏ.ਐਸ ਗਿੱਲ ਨੇ ਆਪਣੇ ਆਪਣੇ ਭਾਸ਼ਣਾਂ ਰਾਹੀਂ ਵਿਦਿਆਰਥੀਆਂ ਨੂੰ ਲੋਹੜੀ ਦੀ ਵਧਾਈ ਅਤੇ ਮਾਘੀ ਮੇਲੇ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ।ਉਨ੍ਹਾਂ ਕਿਹਾ ਕਿ ਪੰਜਾਬ ਦੇ ਹਰੇਕ ਤਿਉਹਾਰ ਪਿੱਛੇ ਇੱਥੋਂ ਦੇ ਸਮਾਜ ਅਤੇ ਸੱਭਿਆਚਾਰ ਨਾਲ ਸਬੰਧਿਤ ਕੋਈ ਨਾ ਕੋਈ ਤੱਥ ਜੁੜਿਆ ਹੋਇਆ ਹੈ।ਜਿਸ ਵਿਚ ਉਹ ਇਕ ਤਾਂ ਠੰਢ ਤੋਂ ਬਚਣ ਲਈ ਅੱਗ ਦਾ ਭੁੱਗਾ ਬਾਲਦੇ ਸਨ ਅਤੇ ਮੂੰਗਫ਼ਲੀ ਰਿਊੜੀਆਂ ਵਰਗੀਆਂ ਚੀਜ਼ਾਂ ਦੀ ਵਰਤੋਂ ਕਰਦੇ ਸਨ।ਨਾਲ-ਨਾਲ ਮਰਦ ਪ੍ਰਧਾਨ ਸਮਾਜ ’ਚ ਕਿਸੇ ਦੇ ਘਰ ਲੜਕੇ ਦਾ ਜਨਮ ਹੋਣ ਜਾਂ ਵਿਆਹ ਦੀ ਖੁਸ਼ੀ ’ਚ ਵੀ ਲੋਹੜੀ ਦਾ ਤਿਉਹਾਰ ਮਨਾਇਆ ਜਾਂਦਾ ਸੀ।
ਉਨ੍ਹਾਂ ਕਿਹਾ ਕਿ ਸਮੇਂ ਦੇ ਬਦਲਣ ਨਾਲ ਅਜਕਲ ਧੀਆਂ ਦੀ ਲੋਹੜੀ ਵੀ ਮਨਾਈ ਜਾ ਰਹੀ ਹੈ, ਜੋ ਕਿ ਸਮਾਜ ਦੀ ਬਦਲਦੀ ਸੋਚ ਨੂੰ ਦਰਸਾਉਂਦੀ ਹੈ।ਉਕਤ ਵਿੱਦਿਅਕ ਸੰਸਥਾਵਾਂ ਦੇ ਸਮੂਹ ਸਟਾਫ਼ ਵਲੋਂ ਲੋਹੜੀ ਨਾਲ ਸਬੰਧਿਤ ਵਿਚਾਰ, ਲੋਕ ਗੀਤ ਅਤੇ ਟੱਪੇ ਸੁਣਾ ਕੇ ਵਿਦਿਆਰਥੀਆਂ ਦਾ ਮਨੋਰੰਜਨ ਕੀਤਾ ਗਿਆ।ਵਿਦਿਆਰਥੀਆਂ ਵਲੋਂ ਇਕ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ।ਇਸ ਮੌਕੇ ਉਪਰੋਕਤ ਅਦਾਰਿਆਂ ਦੇ ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਸਨ।