ਮੇਘ ਸਿੰਘ ਜਵੰਦਾ ਨੇ ‘ਆ ਕੇ ਬੈਠ ਗਏ ਦਰਾਂ ’ਚ ਤੇਰੇ ਦਿੱਲੀਏ’ ਗੀਤ ਨਾਲ ਵਾਹ ਵਾਹ ਖੱਟੀ
ਸਮਰਾਲਾ, 22 ਜਨਵਰੀ (ਇੰਦਰਜੀਤ ਸਿੰਘ ਕੰਗ) – ਪੰਜਾਬੀ ਸਾਹਿਤ ਸਭਾ ਸਮਰਾਲਾ ਦੀ ਮਾਸਿਕ ਇਕੱਤਰਤਾ ਸਥਾਨਕ ਸਰਕਾਰੀ ਸੀਨੀ: ਸਕੂਲ (ਲੜਕੇ) ਵਿਖੇ ਸਭਾ ਦੇ ਚੇਅਰਮੈਨ ਕਹਾਣੀਕਾਰ ਸੁਖਜੀਤ ਦੀ ਪ੍ਰਧਾਨਗੀ ਹੇਠ ਹੋਈ। ਸਭਾ ਦੇ ਜਨਰਲ ਸਕੱਤਰ ਮੇਘ ਸਿੰਘ ਜਵੰਦਾ ਵੱਲੋਂ ਸਭਾ ’ਚ ਪਹਿਲੀ ਵਾਰ ਆਏ ਅਸ਼ਵਨੀ ਜੋਸ਼ੀ ਖੰਨਾ ਨੂੰ ਜੀ ਆਇਆ ਜੀ ਕਿਹਾ ਗਿਆ। ਇਸ ਉਪਰੰਤ ਰਚਨਾਵਾਂ ਦੇ ਦੌਰ ’ਚ ਅਵਤਾਰ ਸਿੰਘ ਉਟਾਲਾਂ ਵੱਲੋਂ ਕਵਿਤਾ ‘ਝੂਠੀ ਪੈ ਗਈ ਵਚਨਾ ਤੋਂ’ ਸੁਣਾਈ, ਮੁਖਤਿਆਰ ਸਿੰਘ ਖੰਨਾ ਨੇ ਕਵਿਤਾਵਾਂ ‘ਸੁਭਾਅ’ ਅਤੇ ‘ਸਿਫ਼ਰ’ ਸੁਣਾਈਆਂ, ਹਰਬੰਸ ਮਾਲਵਾ ਨੇ ਗੀਤ ‘ਤੁਸੀਂ ਲਿਖੋ ਕਾਨੂੰਨ ਅਸੀਂ ਇਹਿਤਾਸ ਲਿਖਾਂਗੇ’, ਮੇਘ ਸਿੰਘ ਜਵੰਦਾ ਵੱਲੋਂ ਕਿਸਾਨੀ ਸੰਘਰਸ਼ ਨਾਲ ਸਬੰਧਿਤ ਗੀਤ ‘ਆ ਕੇ ਬੈਠ ਗਏ ਦਰਾਂ ’ਚ ਤੇਰੇ ਦਿੱਲੀਏ’ ਤਰੰਨਮ ਵਿੱਚ ਪੇਸ਼ ਕੀਤਾ।ਧਰਮ ਪ੍ਰਚਾਰ ਕਮੇਟੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੀਤ ਸਕੱਤਰ ਸਿਮਰਜੀਤ ਸਿੰਘ ਕੰਗ ਨੇ ਸ਼ਹੀਦੀ ਸਾਕਾ ਤਰਨਤਾਰਨ ਸਾਹਿਬ ਦੇ ਇਤਿਹਾਸ ਬਾਰੇ ਲੇਖ ਪੜ੍ਹ ਕੇ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ।ਅਜ਼ਾਦ ਵਿਸਮਾਦ ਨੇ ਗ਼ਜ਼ਲ ਸਿੱਖੀ ਸਿਦਕ ਪਿਆਰ ਘਟੇ ਨਾ ਸੂਰਮੀਓ ਅਤੇ ਗੁਰਦੀਪ ਸਿੰਘ ਮਹੌਣ ਨੇ ਕਵਿਤਾ ‘ਟਿੱਡੀ ਦਲ’ ਸੁਣਾਈ।
ਇਹਨਾਂ ਰਚਨਾਵਾਂ ਤੇ ਉਸਾਰੂ ਬਹਿਸ ਵਿੱਚ ਕਹਾਣੀਕਾਰ ਸੁਖਜੀਤ, ਗੁਰਭਗਤ ਸਿੰਘ ਗਿੱਲ, ਕਹਾਣੀਕਾਰ ਸੰਦੀਪ ਸਮਰਾਲਾ (ਸਕੱਤਰ), ਸੁਖਵਿੰਦਰ ਸਿੰਘ, ਅਸ਼ਵਨੀ ਜੋਸ਼ੀ ਨੇ ਭਾਗ ਲਿਆ ਅਤੇ ਚਰਚਾ ਕੀਤੀ।ਸਭਾ ਦੇ ਜਨਰਲ ਸਕੱਤਰ ਮੇਘ ਸਿੰਘ ਜਵੰਦਾ ਵਲੋਂ ਮੀਟਿੰਗ ਦੀ ਕਾਰਵਾਈ ਬਾਖੂਬੀ ਨਿਭਾਈ ਗਈ।