Thursday, February 13, 2025

ਖਾਲਸਾ ਕਾਲਜ ਨੇ ਬਾਕਸਿੰਗ ਵਿੱਚ ਲਗਾਤਾਰ ਛੇਵੀਂ ਵਾਰ ਇਤਿਹਾਸ ਰਚਿਆ

ਮੁੱਕਬਾਜ਼ੀ ਦਾ ਸ਼ਾਨਦਾਰ ਪ੍ਰਦਰਸ਼ਨ – 7 ਸੋਨੇ ਤੇ 2 ਚਾਂਦੀ ਦੇ ਤਮਗੇ ਹਾਸਲ ਕੀਤੇ

ਅੰਮ੍ਰਿਤਸਰ, 28 ਅਕਤੂਬਰ (ਪ੍ਰੀਤਮ ਸਿੰਘ)-ਇਤਿਹਾਸਿਕ ਖਾਲਸਾ ਕਾਲਜ ਨੇ ਆਪਣੀ ਸ਼ਾਨ ਨੂੰ ਬਰਕਰਾਰ ਰੱਖਦਿਆਂ ਮੁੜ ਇਤਿਹਾਸ ਦੁਹਰਾਇਆ ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਹੋਈ ਇੰਟਰ ਕਾਲਜ ਬਾਕਸਿੰਗ ਚੈਂਪੀਅਨਸ਼ਿਪ ਵਿੱਚ ਲਗਾਤਾਰ ਛੇਵੀਂ ਵਾਰ ਆਪਣੀ ਜਿੱਤ ਦਾ ਝੰਡਾ ਲਹਿਰਾਇਆ। ਬਾਕਸਿੰਗ ਦੇ ਇਸ ਮੁਕਾਬਲੇ ਵਿੱਚ ਖਾਲਸਾ ਕਾਲਜ ਦੇ ਵਿਦਿਆਰਥੀਆਂ ਵੱਲੋਂ ਆਪਣੇ ਮੁੱਕੇਬਾਜੀ ਦਾ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 7 ਸੋਨੇ ਅਤੇ 2 ਚਾਂਦੀ ਦੇ ਤਮਗੇ ਆਪਣੇ ਨਾਂ ਕੀਤੇ।
ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਜੇਤੂ ਖਿਡਾਰੀਆਂ ਨੂੰ ਉਨ੍ਹਾਂ ਦੀ ਇਸ ਕਾਮਯਾਬੀ ‘ਤੇ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਇਹ ਬੜੇ ਫ਼ਖਰ ਵਾਲੀ ਗੱਲ ਹੈ ਕਿ ਉਨ੍ਹਾਂ ਦੇ ਸਾਰੇ ਦੇ ਸਾਰੇ ਖਿਡਾਰੀ ਯੂਨੀਵਰਸਿਟੀ ਟੀਮ ਵਿੱਚ ਵੀ ਆਪਣੀ ਥਾਂ ਬਣਾਉਣ ਵਿੱਚ ਸਫ਼ਲ ਰਹੇ ਹਨ। ਉਨ੍ਹਾਂ ਫ਼ਿਜੀਕਲ ਐਜ਼ੂਕੇਸ਼ਨ ਵਿਭਾਗ ਦੇ ਮੁੱਖੀ ਡਾ. ਦਲਜੀਤ ਸਿੰਘ, ਬਾਕਸਿੰਗ ਕੋਚ ਬਲਜਿੰਦਰ ਸਿੰਘ, ਬਚਨਪਾਲ ਸਿੰਘ, ਪ੍ਰੋ: ਅਮਨਦੀਪ ਕੌਰ ਤੇ ਹਰਜਿੰਦਰ ਸਿੰਘ ਦੀ ਮੌਜ਼ੂਦਗੀ ਵਿੱਚ ਖਿਡਾਰੀਆਂ ਦੀ ਆਪਣੇ ਦਫ਼ਤਰ ਵਿੱਚ ਬੁਲਾਕੇ ਹੌਂਸਲਾ ਅਫ਼ਜਾਈ ਕੀਤੀ। ਉਨ੍ਹਾਂ ਦੱਸਿਆ ਕਿ ਜਸਵਿੰਦਰ ਸਿੰਘ, ਦਵਿੰਦਰ ਸਿੰਘ, ਹਰਪ੍ਰੀਤ ਸਿੰਘ, ਮਨਦੀਪ ਸਿੰਘ, ਗੁਰਪ੍ਰੀਤ ਸਿੰਘ, ਅਰਜਨ ਸਿੰਘ, ਬਲਰਾਜ ਨੇ ਸੋਨੇ ਦਾ ਤਮਗਾ ਹਾਸਲ ਕਰਕੇ ਚੈਂਪੀਅਨਸ਼ਿਪ ਵਿੱਚ ਪਹਿਲਾ ਸਥਾਨ ਪ੍ਰਾਪਤ ਕਰਕੇ ਕਾਲਜ ਦਾ ਨਾਂ ਰੌਸ਼ਨ ਕੀਤਾ। ਇਸੇ ਤਰ੍ਹਾਂ ਕਾਲਜ ਦੇ ਖਿਡਾਰੀ ਗੁਰਲਾਲ ਸਿੰਘ ਤੇ ਕੁਲਬੀਰ ਸਿੰਘ ਨੇ ਚਾਂਦੀ ਦਾ ਤਮਗਾ ਹਾਸਲ ਕੀਤਾ।
PPN28101428ਡਾ. ਮਹਿਲ ਸਿੰਘ ਨੇ ਕਿਹਾ ਕਿ ਕਾਲਜ ਵਿੱਚ ਖੇਡ ਢਾਂਚੇ ਨੂੰ ਮਜ਼ਬੂਤ ਕੀਤਾ ਗਿਆ ਹੈ, ਜਿਸ ਸਦਕਾ ਖੇਡ ਦੇ ਮੈਦਾਨ ਵਿੱਚ ਕਾਲਜ ਦੇ ਖਿਡਾਰੀਆਂ ਦੀ ਕਾਰਗੁਜ਼ਾਰੀ ਖੂਬ ਵਧੀ ਹੈ ਅਤੇ ਉਨ੍ਹਾਂ ਨੂੰ ਆਸ ਹੈ ਕਿ ਆਉਣ ਵਾਲੇ ਸਮੇਂ ਵਿੱਚ ਉਨ੍ਹਾਂ ਦੇ ਵਿਦਿਆਰਥੀ ਖੇਡਾਂ ਵਿੱਚ ਚੰਗਾ ਪ੍ਰਦਰਸ਼ਨ ਕਰਨ ਵਿੱਚ ਸਫ਼ਲ ਹੋਣਗੇ। ਇਸ ਮੌਕੇ ਖਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਨੇ ਵਿਦਿਆਰਥੀਆਂ ਦੁਆਰਾ ਬਾਕਸਿੰਗ ਵਿੱਚ ਇਤਿਹਾਸ ਨੂੰ ਦੁਹਰਾਉਣ ‘ਤੇ ਉਨ੍ਹਾਂ ਦੀ ਸ਼ਲਾਘਾ ਕੀਤੀ ਅਤੇ ਵਧਾਈ ਦਿੱਤੀ।

Check Also

ਖਾਲਸਾ ਕਾਲਜ ਵੁਮੈਨ ਵਿਖੇ ਅੱਖਾਂ ਦੀ ਦੇਖਭਾਲ ’ਤੇ ਲੈਕਚਰ ਕਰਵਾਇਆ ਗਿਆ

ਅੰਮ੍ਰਿਤਸਰ, 13 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ ) – ਖਾਲਸਾ ਕਾਲਜ ਫਾਰ ਵੁਮੈਨ ਵਿਖੇ ਰੋਟਰੈਕਟ ਕਲੱਬ …

Leave a Reply