Saturday, May 18, 2024

ਖ਼ਾਲਸਾ ਕਾਲਜ ਵਿਖੇ ਸੈਮੀਨਾਰ ਦੌਰਾਨ ‘ਜੈਵਿਕ ਖੇਤੀ’ ‘ਤੇ ਜ਼ੋਰ

ਸ: ਛੀਨਾ ਤੇ ਡਾ. ਮਹਿਲ ਨੇ ਖੇਤੀਬਾੜੀ ਮਾਹਿਰਾਂ ਦਾ ਕੀਤਾ ਸਵਾਗਤ

PPN28101427
ਅੰਮ੍ਰਿਤਸਰ, 28 ਅਕਤੂਬਰ (ਪ੍ਰੀਤਮ ਸਿੰਘ) -ਇਤਿਹਾਸਕ ਖਾਲਸਾ ਕਾਲਜ ਵਿਖੇ ਅੱਜ ਕਾਲਜ ਦੇ ਖੇਤੀਬਾੜੀ ਵਿਭਾਗ ਵੱਲੋਂ ਕਰਵਾਏ ਗਏ ਇਕ ਅਹਿਮ ਸੈਮੀਨਾਰ ਦੌਰਾਨ ਖੇਤੀਬਾੜੀ ਮਾਹਿਰਾਂ ਨੇ ਜੈਵਿਕ ਖੇਤੀ ਨੂੰ ਅਪਨਾਉਣ ‘ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਕੁਦਰਤੀ ਅਤੇ ਜੈਵਿਕ ਖੇਤੀ ਦੇ ਢੰਗ ਅਪਣਾਉਣ ਨਾਲ ਹੀ ਧਰਤੀ ‘ਤੇ ਜੀਵਨ ਸੁਰੱਖਿਅਤ ਹੋ ਸਕਦਾ ਹੈ, ਕਿਉਂਕਿ ਰਸਾਇਣਕ ਖਾਦਾਂ ਤੇ ਦਵਾਈਆਂ ਨੇ ਸਾਡੀ ਖੁਰਾਕ ਪ੍ਰਣਾਲੀ ਨੂੰ ਖ਼ਤਰਨਾਕ ਹੱਦ ਤੱਕ ਜ਼ਹਿਰਲਾ ਬਣਾ ਦਿੱਤਾ ਹੈ।
ਸ: ਸੁੰਦਰ ਸਿੰਘ ਮਜੀਠੀਆ ਹਾਲ ਵਿਖੇ ਕਰਵਾਏ ਗਏ ਸੈਮੀਨਾਰ ਦੌਰਾਨ ਡਾ. ਨੀਨਾ ਚੌਹਾਨ, ਸਹਾਇਕ ਵਿਗਿਆਨੀ  ਵਾਈ. ਐੱਸ. ਪਰਮਾਰ ਯੂਨੀਵਰਸਿਟੀ ਆਫ਼ ਹਾਰਟੀਕਲਚਰ (ਸੋਲਨ), ਹਿਮਾਚਲ ਪ੍ਰਦੇਸ਼ ਨੇ ਬੇਤਹਾਸ਼ਾ ਕੀੜੇ ਮਾਰ ਅਤੇ ਰਸਾਇਣਕ ਖਾਦਾਂ ਦੀ ਵਰਤੋਂ ਨਾਲ ਉਪਜਾਊ ਮਿੱਟੀ ਜ਼ਹਿਰਲੀ ਹੋਣ ‘ਤੇ ਚਾਨਣਾ ਪਾਇਆ। ਇਸੇ ਤਰ੍ਹਾਂ ਡਾ. ਚਰਨਜੀਤ ਸਿੰਘ ਔਲਖ ਸਹਾਇਕ ਪ੍ਰੋਫ਼ੈਸਰ ਪੰਜਾਬ ਐਗਰੀਕਲਚਰ ਯੂਨੀਵਰਸਿਟੀ, ਲੁਧਿਆਣਾ ਨੇ ਖੇਤੀਬਾੜੀ ਦੇ ਇਤਿਹਾਸ ‘ਤੇ ਰੌਸ਼ਨੀ ਪਾਉਂਦਿਆ ਦੱਸਿਆ ਕਿ ਕਿਵੇਂ 1950-60 ਦੇ ਦਹਾਕੇ ਤੋਂ ਬਾਅਦ ਅਥਾਹ ਰਸਾਇਣਕ ਖਾਦਾਂ ਅਤੇ ਦਵਾਈਆਂ ਦੇ ਇਸਤੇਮਾਲ ਨੇ ਖਾਦ ਪਦਾਰਥਾਂ ਨੂੰ ਜਹਿਰਲਾ ਬਣਾਇਆ ਹੈ। ਉਨ੍ਹਾਂ ਕਿਹਾ ਕਿ ਹੁਣ ਜਾਗਰੂਕਤਾ ਫੈਲਣ ਨਾਲ ਦੁਨੀਆਂ ਭਰ ਵਿੱਚ ਜੈਵਿਕ ਖੇਤੀ ਨੂੰ ਅਪਣਾਉਣ ‘ਤੇ ਬੱਲ ਦਿੱਤਾ ਜਾ ਰਿਹਾ ਹੈ।
ਡਾ. ਰਜਿੰਦਰ ਸਿੰਘ ਨੇ ਵੀ ਕੁਦਰਤੀ ਖੇਤੀ ਨੂੰ ਅਪਣਾਕੇ ਖਾਦਾਂ ‘ਤੇ ਦਵਾਈਆਂ ਦੀ ਵਰਤੋਂ ਬੰਦ ਕਰਨ ‘ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਬਹੁਤ ਸਾਰੀਆਂ ਜਾਨਲੇਵਾ ਬਿਮਾਰੀਆਂ ਜਿਨ੍ਹਾਂ ਵਿੱਚ ਕੈਂਸਰ ਵਰਗੇ ਭਿਆਨਕ ਰੋਗ ਵੀ ਲੋਕਾਂ ਨੂੰ ਲਪੇਟ ਵਿੱਚ ਲੈ ਰਹੇ ਹਨ, ਦੇ ਫ਼ੈਲਣ ਦਾ ਕਾਰਨ ਖਾਦਾਂ ਤੇ ਦਵਾਈਆਂ ਦੀ ਜਰੂਰਤ ਤੋਂ ਜਿਆਦਾ ਵਰਤੋਂ ਹੈ।
ਸੈਮੀਨਾਰ ਵਿੱਚ ਮੁੱਖ ਮਹਿਮਾਨ ਵਜੋਂ ਖਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਅਤੇ ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਆਏ ਹੋਏ ਮਾਹਿਰ ਮਹਿਮਾਨਾਂ ਦਾ ਸਵਾਗਤ ਕਰਦਿਆ ਉਨ੍ਹਾਂ ਨੂੰ ਵਿਸ਼ੇ ‘ਤੇ ਜਾਣਕਾਰੀ ਮੁਹੱਈਆ ਕਰਵਾਉਣ ‘ਤੇ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਕਿਤਾਬੀ ਗਿਆਨ ਤੋਂ ਇਲਾਵਾ ਹੱਥੀ ਕੰਮ ਕਰਨ ਵਾਲ ਕਿਸਾਨ ਜੈਵਿਕ ਖੇਤੀ ਨੂੰ ਸਫ਼ਲ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਅ ਸਕਦੇ ਹਨ। ਉਨ੍ਹਾਂ ਕਿਹਾ ਕਿ ਇਹ ਬੜੀ ਖੁਸ਼ੀ ਦੀ ਗੱਲ ਹੈ ਕਿ ਅੱਜ ਦਾ ਕਿਸਾਨ ਜਾਗ੍ਰਿਤ ਹੋ ਕੇ ਜੈਵਿਕ ਖੇਤੀ ਵਰਗੀਆਂ ਨਵੀਆਂ ਵਿਧੀਆਂ ਨੂੰ ਅਪਣਾ ਰਿਹਾ ਹੈ ਅਤੇ ਉਨ੍ਹਾਂ ਨੂੰ ਆਸ ਹੈ ਕਿ ਸਰਕਾਰਾਂ ਵੀ ਵਿਸ਼ੇ ‘ਤੇ ਧਿਆਨ ਦੇ ਕੇ ਖਲਕਤ ਨੂੰ ਭਿਅੰਕਰ ਬਿਮਾਰੀਆਂ ਤੋਂ ਬਚਾਉਣ ਵਿੱਚ ਆਪਣਾ ਯੋਗਦਾਨ ਪਾਉਣਗੇ।
ਸੈਮੀਨਾਰ ਦੇ ਕੋਆਰਡੀਨੇਟਰ ਅਤੇ ਕਾਲਜ ਦੇ ਖੇਤੀਬਾੜੀ ਵਿਭਾਗ ਦੇ ਮੁੱਖੀ ਡਾ. ਸੁਖਦੇਵ ਸਿੰਘ ਨੇ ਆਪਣੇ ਧੰਨਵਾਦ ਮੱਤੇ ਦੌਰਾਨ ਮੁੱਖ ਮਹਿਮਾਨ ਅਤੇ ਆਏ ਹੋਏ ਮਾਹਿਰ ਮਹਿਮਾਨਾਂ ਦਾ ਵਿਸ਼ੇ ‘ਤੇ ਚਾਨਣਾ ਲਈ ਸ਼ੁਕਰਾਨਾ ਕੀਤਾ। ਮੰਚ ਸੰਚਾਲਨ ਪ੍ਰੋ: ਰਣਦੀਪ ਕੌਰ ਨੇ ਬਾਖੂਬੀ ਨਿਭਾਇਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਬਾਗਬਾਨੀ ਵਿਭਾਗ ਪੰਜਾਬ ਦੇ ਡਿਪਟੀ ਡਾਇਰੈਕਟਰ ਬਾਜ ਸਿੰਘ, ਖੇਤੀਬਾੜੀ ਵਿਭਾਗ ਤੋਂ ਡਿਪਟੀ ਡਾਇਰੈਕਟਰ ਡਾ. ਭੁਪਿੰਦਰ ਸਿੰਘ, ਪ੍ਰੋ: ਸਤਨਾਮ ਸਿੰਘ, ਪ੍ਰੋ: ਸੁਖਬੀਰ ਸਿੰਘ, ਗੁਰਦੇਵ ਸਿੰਘ, ਪ੍ਰੋ: ਗੁਰਬਖਸ਼ ਸਿੰਘ, ਡਾ. ਨਵਤੇਜ ਸਿੰਘ, ਕਾਲਜ ਸਟਾਫ਼ ਤੇ ਵਿਦਿਆਰਥੀ ਵੱਡੀ ਗਿਣਤੀ ਵਿੱਚ ਮੌਜ਼ੂਦ ਸਨ।

Check Also

ਹੋਟਲ ਅਤੇ ਐਗਰੋ ਬੇਸ ਉਦਯੋਗ ਸਥਾਪਿਤ ਹੋਣ ਨਾਲ, ਨੌਜਵਾਨਾਂ ਨੂੰ ਮਿਲੇਗਾ ਰੁਜ਼ਗਾਰ – ਸੰਧੂ ਸਮੁੰਦਰੀ

ਅੰਮ੍ਰਿਤਸਰ, 18 ਮਈ (ਸੁਖਬੀਰ ਸਿੰਘ) – ਅੰਮ੍ਰਿਤਸਰ ਲੋਕ ਸਭਾ ਹਲਕੇ ਤੋਂ ਭਾਜਪਾ ਦੇ ਉਮੀਦਵਾਰ ਤਰਨਜੀਤ …

Leave a Reply